ਨਵੀਂ ਦਿੱਲੀ- ਸਿੰਘੂ ਸਰਹੱਦ 'ਤੇ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਆਜ਼ਾਦ ਪੱਤਰਕਾਰ ਮਨਦੀਪ ਪੁਨੀਆ ਨੇ ਰਿਹਾਅ ਹੋਣ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੇ ਤਿਹਾੜ ਜੇਲ੍ਹ 'ਚ ਕਿਸਾਨਾਂ ਨਾਲ ਗੱਲ ਕੀਤੀ ਸੀ। ਇਸ ਗੱਲਬਾਤ ਦੇ ਅੰਸ਼ ਆਪਣੀਆਂ ਲੱਤਾਂ 'ਤੇ ਲਿਖੇ, ਜਿਸ ਬਾਰੇ ਉਹ ਆਪਣੀ ਖ਼ਬਰ 'ਚ ਵਿਸਥਾਰ ਨਾਲ ਲਿਖਣਗੇ। ਪੁਨੀਆ ਨੂੰ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਜੇਲ੍ਹ ਤੋਂ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ,''ਇੱਥੇ (ਜੇਲ੍ਹ ਦੇ ਅੰਦਰ) ਰਹਿਣਾ ਮੇਰੇ ਲਈ ਇਕ ਮੌਕਾ ਬਣ ਕੇ ਆਇਆ ਹੈ। ਮੈਨੂੰ ਜੇਲ੍ਹ 'ਚ ਬੰਦ ਕਿਸਾਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼ ਆਪਣੀਆਂ ਲੱਤਾਂ 'ਤੇ ਲਿਖ ਲਏ। ਮੈਂ ਆਪਣੀ ਖ਼ਬਰ 'ਚ ਇਸ ਬਾਰੇ ਵਿਸਥਾਰ ਨਾਲ ਲਿਖਾਂਗਾ।''
ਇਹ ਵੀ ਪੜ੍ਹੋ : ਸਿੰਘੂ ਸਰਹੱਦ ਤੋਂ ਗ੍ਰਿਫ਼ਤਾਰ ਪੱਤਰਕਾਰ ਮਨਦੀਪ ਪੂਨੀਆ ਨੂੰ ਮਿਲੀ ਜ਼ਮਾਨਤ
ਉਨ੍ਹਾਂ ਕਿਹਾ,''ਮੇਰਾ ਕੰਮ ਗਰਾਊਂਡ ਜ਼ੀਰੋ ਤੋਂ ਖ਼ਬਰ ਦੇਣਾ ਹੈ। ਮੈਂ ਕਿਸਾਨਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਅਤੇ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ।'' ਪੁਨੀਆ ਨੇ ਕਿਹਾ ਕਿ ਉਹ ਸਿੰਘੂ ਸਰਹੱਦ 'ਤੇ ਪ੍ਰਦਰਸ਼ਨ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਇਸ ਨੂੰ ਕਵਰ ਕਰ ਰਿਹਾ ਸੀ। ਗ੍ਰਿਫ਼ਤਾਰੀ ਨਾਲ ਮੇਰੇ ਕੰਮ 'ਚ ਰੁਕਾਵਟ ਆਈ ਹੈ। ਮੇਰਾ ਕੀਮਤੀ ਸਮਾਂ ਬਰਬਾਦ ਹੋਇਆ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਗਲਤ ਕੰਮ ਕੀਤਾ।'' ਪੁਨੀਆ ਨੇ ਪੁਲਸ 'ਤੇ ਉਸ ਦੇ ਕੰਮ 'ਚ ਦਖ਼ਲ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਘਟਨਾ ਨਾਲ ਆਪਣੇ ਕੰਮ ਨੂੰ ਜਾਰੀ ਰੱਖਣ ਦੇ ਉਨ੍ਹਾਂ ਦੇ ਸੰਕਲਪ ਨੂੰ ਮਜ਼ਬੂਤੀ ਮਿਲੀ ਹੈ। ਦਿੱਲੀ ਪੁਲਸ ਨੇ ਪੁਨੀਆ ਨੂੰ ਸ਼ਨੀਵਾਰ ਸਿੰਘੂ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਸਰਕਾਰੀ ਕਰਮੀਆਂ ਦੇ ਕੰਮ 'ਚ ਰੁਕਾਵਟ ਪਾਉਣ, ਸਰਕਾਰੀ ਕਰਮੀਆਂ 'ਤੇ ਹਮਲਾ ਕਰਨ, ਜਾਣਬੁੱਝ ਕੇ ਰੁਕਾਵਟ ਪਾਉਣ ਅਤੇ ਗੈਰ-ਕਾਨੂੰਨੀ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਹੈ। ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ਨੇ ਐਤਵਾਰ ਨੂੰ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ। ਹਾਲਾਂਕਿ 25 ਹਜ਼ਾਰ ਰੁਪਏ ਦਾ ਨਿੱਜੀ ਮੁਚਲਕਾ ਭਰਨ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਦਿਗਵਿਜੇ ਬੋਲੇ- ਵਾਹ ਜੀ ਮਹਾਰਾਜ ਵਾਹ! ਤਾਂ ਸਿੰਧੀਆ ਨੇ ਹੱਥ ਜੋੜ ਕੇ ਮੰਗਿਆ ਆਸ਼ੀਰਵਾਦ
DSGMC ਦੇ 2 ਮੈਂਬਰ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਚ ਹੋਏ ਸ਼ਾਮਲ
NEXT STORY