ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਪਾਰਟੀ ਆਪਣੀ ਕਿਸਮਤ ਮੁੜ ਜਗਾਉਣਾ ਚਾਹੁੰਦੀ ਹੈ ਤਾਂ ਪਾਰਟੀ ਬਦਲਾਅ ਤੋਂ ਬਚ ਨਹੀਂ ਸਕਦੀ। ਉਨ੍ਹਾਂ ਦਾ ਇਹ ਟਵੀਟ ਚੋਣ ਨਤੀਜਿਆਂ ’ਚ ਕਾਂਗਰਸ ਦੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਆਇਆ।
ਬਦਲਾਅ ਅਤੇ ਲੀਡਰਸ਼ਿਪ ਨੂੰ ਦੋਸ਼ ਦੇਣ ਦੀਆਂ ਗੱਲਾਂ ਪਹਿਲਾਂ ਵੀ ਪਾਰਟੀ ਦੇ ਅੰਦਰ ਅਤੇ ਬਾਹਰ ਹੋ ਰਹੀਆਂ ਸਨ। ਸ਼ਸ਼ੀ ਥਰੂਰ ਨੇ ਟਵਿਟਰ ’ਤੇ ਲਿਖਿਆ-‘ਅਸੀਂ ਸਾਰੇ ਜੋ ਕਾਂਗਰਸ ’ਚ ਵਿਸ਼ਵਾਸ ਕਰਦੇ ਹਾਂ, ਹਾਲ ਦੇ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਕਾਫੀ ਦੁਖੀ ਹਾਂ। ਇਹ ਭਾਰਤ ਦੇ ਉਸ ਵਿਚਾਰ ਦੀ ਪੁਸ਼ਟੀ ਕਰਨ ਦਾ ਸਮਾਂ ਹੈ, ਜਿਸ ਦੇ ਲਈ ਕਾਂਗਰਸ ਖੜ੍ਹੀ ਹੈ ਅਤੇ ਉਹ ਦੇਸ਼ ਨੂੰ ਪਾਜ਼ੇਟਿਵ ਏਜੰਡਾ ਦਿੰਦੀ ਹੈ।
ਬਿਨਾਂ ਕਿੰਤੂ-ਪ੍ਰੰਤੂ ਅਸਫਲਤਾ ਸਵੀਕਾਰ ਕਰੋ : ਜੈਵੀਰ
ਸ਼ਸ਼ੀ ਥਰੂਰ ਦੇ ਇਸ ਟਵੀਟ ਤੋਂ ਪਹਿਲਾਂ ਪਾਰਟੀ ਨੇਤਾ ਜੈਵੀਰ ਸ਼ੇਰਗਿੱਲ ਨੇ ਵੀ ਇਸੇ ਤਰ੍ਹਾਂ ਦੀ ਇਕ ਪੋਸਟ ਕੀਤੀ ਸੀ ਕਿ ‘ਨੁਕਸਾਨ ਤਾਂ ਇਕ ਨੁਕਸਾਨ ਹੈ, ਇਸ ਦੇ ਲਈ ਕੋਈ ਸਫਾਈ ਨਹੀਂ ਹੈ। ਹੁਣ ਅਜਿਹੇ ਬਿਆਨ ਕਿ ‘ਵੋਟ ਸ਼ੇਅਰ’ ਜਾਂ ‘ਛੋਟੇ ਅੰਤਰ ਨਾਲ ਹਾਰੇ’ ਆਦਿ ਵਰਗੇ ਸੰਵਾਦ ਨਾ ਕਰੋ। ਨਿਮਰਤਾ ਨਾਲ ਫੈਸਲੇ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਅਸਫਲਤਾ ਸਵੀਕਾਰ ਕਰਨੀ ਪਵੇਗੀ। ਇਹੀ ਸੁਧਾਰ ਲਈ ਪਹਿਲਾ ਕਦਮ ਹੈ।
ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ‘ਜੀ 23’ ਨੇਤਾਵਾਂ ਦੀ ਬੈਠਕ
ਹਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ‘ਜੀ 23’ ਸਮੂਹ ਦੇ ਕਈ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਬੈਠਕ ਕੀਤੀ, ਜਿਸ ’ਚ ਅੱਗੇ ਦੀ ਰਣਨੀਤੀ ਤੈਅ ਕਰਨ ’ਤੇ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ, ਰਾਜ ਸਭਾ ਦੇ ਸਾਬਕਾ ਨੇਤਾ ਵਿਰੋਧੀ ਦਲ ਗੁਲਾਮ ਨਬੀ ਆਜ਼ਾਦ ਦੇ ਘਰ ’ਤੇ ਹੋ ਰਹੀ ਇਸ ਬੈਠਕ ’ਚ ਕਪਿਲ ਸਿੱਬਲ , ਮਨੀਸ਼ ਤਿਵਾੜੀ ਅਤੇ ਕੁਝ ਹੋਰ ਨੇਤਾ ਸ਼ਾਮਲ ਹਨ।
ਕਾਂਗਰਸ ਦੇ ‘ਜੀ 23’ ਸਮੂਹ ’ਚ ਸ਼ਾਮਲ ਨੇਤਾਵਾਂ ਨੇ ਅਗਸਤ, 2020 ’ਚ ਪਾਰਟੀ ਪ੍ਰਧਾਨ ਸੋਨਿਆ ਗਾਂਧੀ ਨੂੰ ਪੱਤਰ ਲਿਖ ਕੇ ਕਾਂਗਰਸ ’ਚ ਸਰਗਰਮ ਪ੍ਰਧਾਨ ਅਤੇ ਸੰਗਠਨ ’ਚ ਛੋਟੀ-ਮੋਟੀ ਤਬਦੀਲੀ ਦੀ ਮੰਗ ਕੀਤੀ ਸੀ। ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਣੀਪੁਰ ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ‘ਜੀ 23’ ਸਮੂਹ ਦੇ ਨੇਤਾਵਾਂ ਦੀ ਬੈਠਕ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਕੁੱਖ ’ਚ ਪਲ ਰਹੀ ਬੱਚੀ ਦਾ ਪਤਾ ਲੱਗਦੇ ਹੀ ਕਰਵਾਇਆ ਗਰਭਪਾਤ, ਮਹਿਲਾ ਦੀ ਮੌਤ
NEXT STORY