ਨਵੀਂ ਦਿੱਲੀ– ਫੌਜ ਵਿਚ ਭ ਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਦੇ ਪੱਖ ਵਿਚ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਮੁੱਖ ਮੰਤਰੀ ਉਤਰੇ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਯੋਜਨਾ ਦੇਸ਼ ਵਿਚ ਕੁਸ਼ਲ ਮਨੁੱਖੀ ਸੋਮੇ ਵਿਕਸਿਤ ਕਰਨ ਦੀ ਦਿਸ਼ਾ ਵਿਚ ਇਕ ਮੁਹਿੰਮ ਹੈ। ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ‘ਅਗਨੀਪਥ ਯੋਜਨਾ’ ਨੂੰ ਦੂਰਗਾਮੀ ਨਤੀਜੇ ਲਿਆਉਣ ਦੀ ਦਿਸ਼ਾ ਵਿਚ ਇਕ ਸਾਰਥਕ ਪਹਿਲ ਕਰਾਰ ਦਿੱਤਾ। ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਭੜਕਾਉਣ ਵਾਲੇ ਤੱਤਾਂ ਦੇ ਝਾਂਸੇ ਵਿਚ ਨਾ ਆਉਣ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੌਜਵਾਨਾਂ ਨੂੰ ‘ਅਗਨੀਪਥ’ ਯੋਜਨਾ ਨੂੰ ਲੈ ਕੇ ਕਿਸੇ ਬਹਿਕਾਵੇ ਵਿਚ ਨਾ ਆਉਣ ਦੀ ਅਪੀਲ ਕੀਤੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਯੋਜਨਾ ਦਾ ਸਵਾਗਤ ਕੀਤਾ। ਭਾਜਪਾ ਬੁਲਾਰੇ ਅਤੇ ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਇਸ ਦੌਰਾਨ ਇਕ ਵੀਡੀਓ ਟਵੀਟ ਕਰ ਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਇਸ ਯੋਜਨਾ ਨੂੰ ਸਮਝਣ ਅਤੇ ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਣ।
ਵਿਰੋਧੀ ਧਿਰ ਦੇ ਨੇਤਾਵਾਂ ਨੇ ਕੀਤਾ ਵਿਰੋਧ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਟਵੀਟ ਕੀਤਾ, ਨਾ ਕੋਈ ਰੈਂਕ, ਨਾ ਕੋਈ ਪੈਨਸ਼ਨ, ਨਾ 2 ਸਾਲ ਤੋਂ ਕੋਈ ਸਿੱਧੀ ਭਰਤੀ, ਨਾ 4 ਸਾਲ ਦੇ ਬਾਅਦ ਸਥਿਰ ਭਵਿੱਖ, ਨਾ ਸਰਕਾਰ ਦਾ ਫੌਜ ਪ੍ਰਤੀ ਸਨਮਾਨ। ਦੇਸ਼ ਦੇ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਇਨ੍ਹਾਂ ਨੂੰ ‘ਅਗਨੀਪਥ’ ’ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ‘ਅਗਨੀ ਪ੍ਰੀਖਿਆ’ ਨਾ ਲਓ, ਪ੍ਰਧਾਨ ਮੰਤਰੀ ਜੀ।’
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ, ‘ਯੋਜਨਾ ਵਿਵਾਦਪੂਰਨ ਹੈ, ਇਸ ਵਿਚ ਕਈ ਜੋਖਿਮ ਹਨ ਅਤੇ ਫੋਰਸਾਂ ਦੀ ਪੁਰਾਣੇ ਰੀਤੀ-ਰਿਵਾਜ ਅਤੇ ਤਾਣੇ-ਬਾਣੇ ਨੂੰ ਭੰਗ ਕਰਨ ਵਾਲੀ ਹੈ। ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਯੋਜਨਾ ਤਹਿਤ ਭਰਤੀ ਹੋਣ ਵਾਲੇ ਫੌਜੀ ਬਿਹਤਰ ਟਰੇਨਰ ਹੋਣਗੇ ਅਤੇ ਦੇਸ਼ ਦੀ ਰੱਖਿਆ ਲਈ ਜ਼ਿਆਦਾ ਪ੍ਰੇਰਿਤ ਹੋਣਗੇ।’
ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, ‘ਮਾਕਪਾ ਪੋਲਿਤ ਬਿਊਰੋ ‘ਅਗਨੀਪਥ’ ਯੋਜਨਾ ਨੂੰ ਸਿਰੇ ਤੋਂ ਖਾਰਿਜ ਕਰਦਾ ਹੈ। ਇਹ ਯੋਜਨਾ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ।’
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ‘ਅਗਨੀਪਥ ਯੋਜਨਾ’ ਦਾ ਵਿਰੋਧ ਕਰ ਰਹੇ ਫੌਜ ਵਿਚ ਭਰਤੀ ਦੇ ਇੱਛੁਕ ਨੌਜਵਾਨਾਂ ਦੇ ਸਮਰਥਨ ਵਿਚ ਸਾਹਮਣੇ ਆਏ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਸਿਰਫ 4 ਸਾਲ ਨਹੀਂ ਸਗੋਂ ਜੀਵਨ ਭਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਲਈ ਘਾਤਕ ਸਾਬਿਤ ਹੋਵੇਗੀ।
ਵਰੁਣ ਨੇ ਲਿਖਿਆ ਰਾਜਨਾਥ ਨੂੰ ਚਿੱਠੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਇਕ ਚਿੱਠੀ ਵਿਚ ਵਰੁਣ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨਾਲ ਜੁੜੇ ਨੀਤੀਗਤ ਤੱਥਾਂ ਨੂੰ ਸਾਹਮਣੇ ਲਿਆਏ ਅਤੇ ਆਪਣਾ ਪੱਖ ਸਾਫ ਕਰੇ।
ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕ ਦਿਨ 'ਚ 12,847 ਨਵੇਂ ਮਾਮਲੇ ਆਏ ਸਾਹਮਣੇ
NEXT STORY