ਮੇਰਠ— ਉੱਤਰ ਪ੍ਰਦੇਸ਼ ਦੀ ਇਕ ਧੀ ਨੇ ਆਪਣੇ ਹੌਂਸਲੇ ਅਤੇ ਹਿੰਮਤ ਨਾਲ ਅਜਿਹਾ ਕੰਮ ਕਰ ਵਿਖਾਇਆ ਕਿ ਅੱਜ ਹਰ ਕੋਈ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ। ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੀ ਸੰਜੂ ਰਾਣੀ ਵਰਮਾ ਨੇ ਬੀਤੇ ਹਫ਼ਤੇ ਯੂ. ਪੀ. ਲੋਕ ਸੇਵਾ ਕਮਿਸ਼ਨ ਵਲੋਂ ਐਲਾਨੇ ਕੀਤੇ ਗਏ UP PCS 2018 ਦੇ ਆਖ਼ਰੀ ਚੋਣ ਨਤੀਜੇ 'ਚ ਸਫਲਤਾ ਹਾਸਲ ਕੀਤੀ ਹੈ।
ਆਓ ਜਾਣਦੇ ਹਾਂ ਕੀ ਹੈ ਸੰਜੂ ਦੀ ਕਹਾਣੀ—
ਸੰਜੂ ਰਾਣੀ ਵਰਮਾ ਨੇ ਇੱਥੋਂ ਤੱਕ ਦਾ ਸਫ਼ਰ ਤੈਅ ਕਰਨ 'ਚ ਕਈ ਮੁਸੀਬਤਾਂ ਦਾ ਸਾਹਮਣਾ ਕੀਤਾ। ਫਿਰ ਵੀ ਉਸ ਨੇ ਆਪਣੇ ਆਪ ਨੂੰ ਟੁੱਟਣ ਨਹੀਂ ਦਿੱਤਾ। ਆਪਣੇ ਹੌਂਸਲੇ ਨੂੰ ਬਰਕਰਾਰ ਰੱਖਦਿਆਂ ਉਸ ਨੇ ਆਪਣੀ ਮੰਜ਼ਿਲ ਨੂੰ ਆਖ਼ਰਕਾਰ ਪਾ ਹੀ ਲਿਆ। ਸਾਲ 2013 ਵਿਚ ਸੰਜੂ ਦੀ ਮਾਂ ਦਾ ਦਿਹਾਂਤ ਹੋ ਗਿਆ ਤਾਂ ਮੰਨੋ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸੰਜੂ ਨੇ ਮੇਰਠ ਦੇ ਆਰ. ਜੀ. ਡਿਗਰੀ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ (ਪੀ. ਜੀ.) ਕਰ ਰਹੀ ਸੀ। ਇਸ ਦੌਰਾਨ ਸੰਜੂ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਾਲਜ ਦੀ ਪੜ੍ਹਾਈ ਛੱਡ ਕੇ ਵਿਆਹ ਕਰਨ ਦਾ ਦਬਾਅ ਬਣਾਇਆ। ਸੰਜੂ ਨੇ ਆਪਣੇ ਸੁਫ਼ਨਿਆਂ ਅਤੇ ਪਰਿਵਾਰਕ ਜੀਵਨ ਵਿਚਾਲੇ ਕਿਸੇ ਇਕ ਦੀ ਚੋਣ ਕਰਨੀ ਸੀ। ਇਸ 'ਚੋਂ ਸੰਜੂ ਨੇ ਆਪਣੇ ਸੁਫ਼ਨਿਆਂ (ਕਰੀਅਰ) ਨੂੰ ਚੁਣਿਆ ਅਤੇ ਘਰ ਛੱਡ ਦਿੱਤਾ। ਹੁਣ UP PCS ਕਰਨ ਤੋਂ ਬਾਅਦ ਸੰਜੂ ਨੂੰ ਇਸ ਗੱਲ ਦਾ ਅਫ਼ਸੋਸ ਨਹੀਂ ਹੈ ਕਿ ਉਸ ਨੇ ਆਪਣੇ ਸੁਫ਼ਨਿਆਂ ਨੂੰ ਚੁਣਿਆ।
ਸੰਜੂ ਦੱਸਦੀ ਹੈ ਕਿ ਸਾਲ 2013 'ਚ ਉਸ ਨੇ ਨਾ ਸਿਰਫ ਆਪਣਾ ਘਰ ਛੱਡਿਆ ਸਗੋਂ ਦਿੱਲੀ ਯੂਨੀਵਰਸਿਟੀ ਦਾ ਆਪਣਾ ਇਕ ਪੀ. ਜੀ. ਕੋਰਸ ਵੀ ਛੱਡਣਾ ਪਿਆ। ਮੈਂ ਕਿਰਾਏ 'ਤੇ ਇਕ ਕਮਰਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲੱਗੀ। ਆਪਣੀ ਪੜ੍ਹਾਈ ਲਈ ਮੈਂ ਪ੍ਰਾਈਵੇਟ ਸਕੂਲ 'ਚ ਪਾਰਟ ਟਾਈਮ ਅਧਿਆਪਕ ਦੇ ਤੌਰ 'ਤੇ ਵੀ ਪੜ੍ਹਾਇਆ। ਕਿਸੇ ਤਰ੍ਹਾਂ ਮੈਂ ਸਿਵਲ ਸੇਵਾ ਪ੍ਰੀਖਿਆ ਲਈ ਆਪਣੀ ਤਿਆਰੀ 'ਚ ਲੱਗੀ ਰਹੀ। ਹੁਣ ਸੰਜੂ ਨੂੰ ਹੁਣ ਯੂ. ਪੀ. ਵਿਚ ਵਪਾਰਕ ਟੈਕਸ ਅਧਿਕਾਰੀ ਵਜੋਂ ਸ਼ਾਮਲ ਹੋਣ ਦੀ ਉਮੀਦ ਹੈ।
ਰਾਜਸਥਾਨ : ਚੰਬਲ ਨਦੀ 'ਚ 50 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 12 ਲਾਸ਼ਾਂ ਬਰਾਮਦ
NEXT STORY