ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮ੍ਰਿਤ ਬੱਚੀ ਨੂੰ ਦਫਨਾਉਣ ਪਹੁੰਚੇ ਪਿਤਾ ਨੂੰ ਉਸੇ ਦੇ ਰੂਪ 'ਚ ਧਰਤੀ ਨੇ ਦੂਜੀ ਬੇਟੀ ਦੇ ਦਿੱਤੀ। ਦਰਅਸਲ ਬਰੇਲੀ 'ਚ ਇਕ ਔਰਤ ਨੇ ਸਮੇਂ ਤੋਂ ਪਹਿਲਾਂ ਹੀ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਨੇ ਇਸ ਦੁਨੀਆ 'ਚ ਆਉਣ ਦੇ ਥੋੜ੍ਹੀ ਦੇਰ ਬਾਅਦ ਹੀ ਦਮ ਤੋੜ ਦਿੱਤਾ। ਪਰਿਵਾਰ ਬੇਹੱਦ ਦੁਖੀ ਮਾਹੌਲ 'ਚ ਆਪਣੀ ਨਵਜਾਤ ਬੱਚੀ ਨੂੰ ਦਫਨਾਉਣ ਸ਼ਮਸ਼ਾਨ ਘਾਟ ਪਹੁੰਚ ਗਿਆ ਅਤੇ ਜਿਵੇਂ ਹੀ ਟੋਇਆ ਖੋਦਿਆ ਉੱਥੇ ਇਕ ਮਟਕੀ 'ਚ ਪਈ ਦੂਜੀ ਨਵਜਾਤ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਪਰਿਵਾਰ ਬੇਹੱਦ ਡਰ ਗਿਆ ਅਤੇ ਉਹ ਦੌੜ ਕੇ ਸ਼ਮਸ਼ਾਨ ਦੇ ਚੌਕੀਦਾਰ ਕੋਲ ਪਹੁੰਚਿਆ ਤੇ ਉਸ ਨੂੰ ਪੂਰੀ ਗੱਲ ਦੱਸੀ। ਚੌਕੀਦਾਰ ਦੇ ਨਾਲ ਹਿੰਮਤ ਕਰ ਕੇ ਉਹ ਮੁੜ ਉਸ ਟੋਏ ਕੋਲ ਪਹੁੰਚੇ, ਜਿੱਥੇ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਸੀ।
ਮਰੀ ਹੋਈ ਬੱਚੀ ਨੂੰ ਉਸੇ ਟੋਏ 'ਚ ਦਫਨਾਇਆ
ਦਰਅਸਲ ਟੋਇਆ ਖੋਦਣ ਵੇਲੇ ਉਹ ਮਟਕੀ ਟੁੱਟ ਗਈ, ਜਿਸ 'ਚ ਉਸ ਦੂਜੀ ਜਿਉਂਦੀ ਨਵਜਾਤ ਬੱਚੀ ਨੂੰ ਪਾ ਕੇ ਦਫਨਾਇਆ ਗਿਆ ਸੀ। ਪਰਿਵਾਰ ਨੇ ਉਸ ਨੂੰ ਈਸ਼ਵਰ ਦਾ ਚਮਤਕਾਰ ਮੰਨਦੇ ਹੋਏ ਤੁਰੰਤ ਉਸ ਨੂੰ ਬੱਚੀ ਨੂੰ ਉੱਥੋਂ ਕੱਢਿਆ ਅਤੇ ਉਸ ਨੂੰ ਲੈ ਕੇ ਹਸਪਤਾਲ ਵੱਲ ਦੌੜ ਗਏ। ਉੱਥੇ ਹੀ ਉਸੇ ਪਰਿਵਾਰ ਦੇ ਹੋਰ ਲੋਕਾਂ ਨੇ ਮਰੀ ਹੋਈ ਬੱਚੀ ਨੂੰ ਉਸੇ ਟੋਏ 'ਚ ਦਫਨਾ ਦਿੱਤਾ। ਇਸ ਦੀ ਖਬਰ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਵੀ ਦਿੱਤੀ, ਜਿਸ ਤੋਂ ਬਾਅਦ ਉਸ ਬੱਚੀ ਨੂੰ ਜ਼ਿਲਾ ਹਸਪਤਾਲ ਦੇ ਸ਼ਿਸ਼ੂ ਕੇਅਰ ਸੈਂਟਰ 'ਚ ਭਰਤੀ ਕਰਵਾਇਆ ਗਿਆ।
ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ
ਉੱਥੇ ਹੀ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਕਿਉਂਕਿ ਬੱਚੀ ਨੂੰ ਲੋਕਾਂ ਨੇ ਜ਼ਮੀਨ ਖੋਦ ਕੇ ਬਾਹਰ ਕੱਢਿਆ, ਇਸ ਲਈ ਸਥਾਨਕ ਲੋਕ ਉਸ ਨੂੰ ਸੀਤਾ ਦੇ ਨਾਂ ਨਾਲ ਪੁਕਾਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੁਲਸ ਨੇ ਜਿਉਂਦੀ ਬੱਚੀ ਨੂੰ ਦਫਨਾਉਣ ਦਾ ਅਣਮਨੁੱਖੀ ਕੰਮ ਕਰਨ ਵਾਲੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਡਾਕਟਰਾਂ ਨੇ ਬੱਚੀ ਦੀ ਜਾਂਚ ਤੋਂ ਬਾਅਦ ਦੱਸਿਆ ਕਿ ਬੱਚੀ ਦਾ ਭਾਰ ਕਾਫ਼ੀ ਘੱਟ ਹੈ ਅਤੇ ਖੂਨ 'ਚ ਇਨਫੈਕਸ਼ਨ ਵੀ ਹੈ। ਉਸ ਨੂੰ ਵਾਰਮਰ 'ਚ ਆਕਸੀਜਨ ਲਗਾ ਕੇ ਰੱਖਿਆ ਗਿਆ ਹੈ।
ਵਿਧਾਇਕ ਨੇ ਕੀਤਾ ਬੱਚੀ ਦੇ ਪਾਲਣ-ਪੋਸ਼ਣ ਦਾ ਖਰਚ ਚੁੱਕਣ ਦਾ ਐਲਾਨ
ਬੱਚੀ ਦੇ ਜ਼ਮੀਨ ਦੇ ਅੰਦਰ ਮਟਕੀ 'ਚ ਮਿਲਣ ਦੀ ਖਬਰ ਤੋਂ ਬਾਅਦ ਬਿਥਰੀ ਚੈਨਪੁਰ ਦੇ ਵਿਧਾਇਕ ਰਾਜੇਸ਼ ਮਿਸ਼ਰਾ ਨੇ ਉਸ ਦੇ ਪਾਲਣ-ਪੋਸ਼ਣ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ।
ਘੁਸਪੈਠ ਰੋਕਣ ਲਈ ਭਾਰਤੀ ਫੌਜ ਨੇ ਕੱਸੀ ਕਮਰ, LoC 'ਤੇ ਵਧਾਏ ਫੌਜੀ ਜਵਾਨ
NEXT STORY