ਨਵੀਂ ਦਿੱਲੀ (ਭਾਸ਼ਾ) - ਜੂਨ ਮਹੀਨੇ ਦੀ ਸ਼ੁਰੂਆਤ ਲੋਕਾਂ ਲਈ ਦੋਹਰੀ ਖੁਸ਼ਖਬਰੀ ਦੇ ਨਾਲ ਹੋਈ ਹੈ। ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਚੀਜ਼ਾਂ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ। ਸਭ ਤੋਂ ਪਹਿਲਾਂ ਐੱਲ. ਪੀ. ਜੀ. ਸਿਲੰਡਰਾਂ ਦੇ ਮਾਮਲੇ ’ਚ ਲਗਾਤਾਰ ਤੀਸਰੀ ਕਟੌਤੀ ਕੀਤੀ ਗਈ। ਹੁਣ ਜਹਾਜ਼ੀ ਈਂਧਨ ਦੀਆਂ ਕੀਮਤਾਂ ’ਚ ਵੀ ਭਾਰੀ-ਭਰਕਮ ਕਟੌਤੀ ਕੀਤੀ ਗਈ ਹੈ। ਉੱਥੇ ਹੀ ਕੱਚੇ ਤੇਲ ’ਤੇ ਵੀ ਟੈਕਸ ਘਟਾਇਆ ਗਿਆ ਹੈ।
ਭਾਰਤ ਸਰਕਾਰ ਨੇ ਪੈਟ੍ਰੋਲੀਅਮ ਕਰੂਡ ’ਤੇ ਵਿੰਡਫਾਲ ਟੈਕਸ ਨੂੰ 5,700 ਰੁਪਏ ਤੋਂ ਘਟਾ ਕੇ 5,200 ਰੁਪਏ ਪ੍ਰਤੀ ਮੀਟ੍ਰਿਕ ਟਨ ਕਰ ਦਿੱਤਾ ਹੈ। ਨਵੀਆਂ ਦਰਾਂ ਅੱਜ ਭਾਵ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਸਰਕਾਰ ਨੇ ਇਸ ਨੂੰ ਲੈ ਕੇ 31 ਮਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਅਧਿਕਾਰਕ ਨੋਟੀਫਿਕੇਸ਼ਨ ਅਨੁਸਾਰ ਡੀਜ਼ਲ, ਪੈਟਰੋਲ ਅਤੇ ਜਹਾਜ਼ੀ ਈਂਧਨ ਜਾਂ ਏ. ਟੀ. ਐੱਫ. ਦੀ ਬਰਾਮਦ ’ਤੇ ਸਪੈਸ਼ਲ ਐਡੀਨਸ਼ਲ ਐਕਸਾਈਜ਼ ਡਿਊਟੀ (ਐੱਸ. ਏ. ਈ. ਡੀ.) ਨੂੰ ਜ਼ੀਰੋ ’ਤੇ ਬਰਕਰਾਰ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ।
ਜਹਾਜ਼ੀ ਈਂਧਨ ਦੀਆਂ ਕੀਮਤਾਂ ’ਚ ਹੋਈ ਭਾਰੀ ਕਟੌਤੀ
ਸਰਕਾਰੀ ਤੇਲ ਤੇ ਗੈਸ ਕੰਪਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਭਾਵ 1 ਜੂਨ ਤੋਂ ਜਹਾਜ਼ੀ ਈਂਧਨ (ਏ. ਟੀ. ਐੱਫ.) ਦੀਆਂ ਦਰਾਂ ’ਚ 6,673.87 ਰੁਪਏ ਪ੍ਰਤੀ ਕਿਲੋਲੀਟਰ ਦੀ ਭਾਰੀ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ’ਤੇ ਮੁਹੱਈਆ ਜਾਣਕਾਰੀ ਦੇ ਅਨੁਸਾਰ ਅੱਜ ਤੋਂ ਦਿੱਲੀ ’ਚ ਏ. ਟੀ. ਐੱਫ. ਸਸਤਾ ਹੋ ਕੇ 94,969.01 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਿਆ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਏ. ਟੀ. ਐੱਫ. ਦੀਆਂ ਦਰਾਂ ’ਚ 749.25 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਸੀ। ਉਸ ਤੋਂ ਬਾਅਦ ਦਿੱਲੀ ’ਚ ਏ. ਟੀ. ਐੱਫ. ਮਹਿੰਗਾ ਹੋ ਕੇ 1,01,642.88 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਸੀ।
ਹੋਰ ਸ਼ਹਿਰਾਂ ’ਚ ਜਹਾਜ਼ੀ ਈਂਧਨ ਦੀ ਕੀਮਤ
ਹੋਰ ਸ਼ਹਿਰਾਂ ’ਚ ਵੀ ਜਹਾਜ਼ੀ ਈਂਧਨ ਦੀ ਕੀਮਤ ’ਚ ਕਮੀ ਆਈ ਹੈ। ਤਾਜ਼ੇ ਬਦਲਾਅ ਤੋਂ ਬਾਅਦ ਹੁਣ ਮੰੁਬਈ ’ਚ ਏ. ਟੀ. ਐੱਫ. ਸਸਤਾ ਹੋ ਕੇ 88,834.27 ਰੁਪਏ ਪ੍ਰਤੀ ਕਿਲੋਲੀਟਰ ’ਤੇ ਆ ਗਿਆ ਹੈ। ਚਾਰਾਂ ਮਹਾਨਗਰਾਂ ’ਚ ਦੇਖੀਏ ਤਾਂ ਹੁਣ ਤੱਕ ਸਭ ਤੋਂ ਸਸਤੇ ਜਹਾਜ਼ੀ ਈਂਧਨ ਦਾ ਲਾਭ ਮੰੁਬਈ ’ਚ ਹੀ ਮਿਲ ਰਿਹਾ ਹੈ। ਇਸੇ ਤਰ੍ਹਾਂ ਏ. ਟੀ. ਐੱਫ. ਦੀਆਂ ਦਰਾਂ ਘੱਟ ਹੋ ਕੇ ਕੋਲਕਾਤਾ ’ਚ 1,03,715 ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ। ਇਹ ਚਾਰਾਂ ਮਹਾਨਗਰਾਂ ’ਚ ਏ. ਟੀ. ਐੱਫ. ਦੀ ਸਭ ਤੋਂ ਵੱਧ ਕੀਮਤ ਹੈ। ਉੱਥੇ ਹੀ, ਏ. ਟੀ. ਐੱਫ. ਚੇਨਈ ’ਚ ਸਸਤਾ ਹੋ ਕੇ 98,557.14 ਰੁਪਏ ਪ੍ਰਤੀ ਕਿਲੋਲੀਟਰ ’ਤੇ ਆ ਗਿਆ ਹੈ। ਤੇਲ ਕੰਪਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੀਆਂ ਦਰਾਂ ਅੱਜ ਭਾਵ 1 ਜੂਨ ਤੋਂ ਹੀ ਲਾਗੂ ਹੋ ਗਈਆਂ ਹਨ।
ਐੱਲ. ਪੀ. ਜੀ. ਸਿਲੰਡਰ ਦੀ ਕੀਮਤ ’ਚ ਬਦਲਾਅ
ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਾਰੋਬਾਰੀ (ਕਮਰਸ਼ੀਅਲ) ਐੱਲ. ਪੀ. ਜੀ. ਸਿਲੰਡਰ ਦੀ ਕੀਮਤ 69 ਰੁਪਏ ਘਟਾ ਕੇ 1,676 ਰੁਪਏ ਕਰ ਦਿੱਤੀ। ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ’ਚ 1 ਮਈ ਨੂੰ 19 ਰੁਪਏ ਅਤੇ 1 ਅਪ੍ਰੈਲ ਨੂੰ 30.5 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ, ਘਰੇਲੂ ਵਰਤੋਂ ’ਚ ਆਉਣ ਵਾਲੀ ਰਸੋਈ ਗੈਸ (14.2 ਕਿਲੋਗ੍ਰਾਮ) ਸਿਲੰਡਰ ਦੀ ਕੀਮਤ 803 ਰੁਪਏ ਪ੍ਰਤੀ ਸਿਲੰਡਰ ਹੀ ਰਹੇਗੀ।
ਭਾਰਤੀ ਡਾਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY