ਵਡੋਦਰਾ— ਗੁਜਰਾਤ ਦੇ ਵਡੋਦਰਾ 'ਚ ਫੁੱਟਪਾਥ 'ਤੇ ਰਹਿਣ ਵਾਲੀ ਇਕ ਔਰਤ ਵਲੋਂ ਕਥਿਤ ਤੌਰ 'ਤੇ ਆਪਣੀ ਨੰਨ੍ਹੀ ਬੱਚੀ ਦੇ ਪੈਰ ਰੱਸੀ ਨਾਲ ਬੰਨ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਬੱਚੀ ਸੜਕ 'ਤੇ ਨਾ ਚੱਲੀ ਜਾਵੇ ਅਤੇ ਉਹ ਦੁਪਹਿਰ ਨੂੰ ਆਰਾਮ ਨਾਲ ਆਪਣੀ ਨੀਂਦ ਪੂਰੀ ਕਰ ਸਕੇ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ 10 ਮਾਰਚ ਨੂੰ ਜੇਤਾਲਪੁਰ ਰੋਡ 'ਤੇ ਇਕ ਅਪਾਰਟਮੈਂਟ ਨੇੜੇ ਸੜਕ 'ਤੇ ਇਕ ਔਰਤ ਆਪਣੀ ਬੱਚੀ ਨਾਲ ਫੁੱਟਪਾਥ 'ਤੇ ਮਿਲੀ ਸੀ। ਉਸ ਨੇ ਰੱਸੀ ਦੇ ਇਕ ਸਿਰੇ ਨਾਲ ਬੱਚੀ ਦੇ ਪੈਰ ਬੰਨ੍ਹ ਰੱਖ ਸਨ ਅਤੇ ਦੂਜੇ ਸਿਰੇ ਨੂੰ ਆਪਣੇ ਹੱਥ ਨਾਲ ਫੜ ਰੱਖਿਆ ਸੀ।
ਸ਼ਹਿਰ ਦੇ ਇਕ ਸਮਾਜਿਕ ਵਰਕਰ ਨੇ ਉਸ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ। ਇਕ ਗੈਰ-ਸਰਕਾਰੀ ਸੰਗਠਨ ਦਾ ਧਿਆਨ ਇਸ ਵੱਲ ਗਿਆ, ਜਿਸ ਤੋਂ ਬਾਅਦ ਉਸ ਦੇ ਮੈਂਬਰ ਹਾਦਸੇ ਵਾਲੀ ਜਗ੍ਹਾ 'ਤੇ ਗਏ ਅਤੇ ਔਰਤ ਤੋਂ ਉਸ ਦੀ ਹਰਕਤ ਨੂੰ ਲੈ ਕੇ ਪੁੱਛ-ਗਿੱਛ ਕੀਤੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਔਰਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਕਿ ਦੁਪਹਿਰ ਦੇ ਸਮੇਂ ਜਦੋਂ ਉਹ ਸੌਂ ਰਹੀ ਹੋਵੇ ਤਾਂ ਉਸ ਦੀ ਬੱਚੀ ਸੜਕ 'ਤੇ ਨਾ ਚੱਲੀ ਜਾਵੇ। ਉਨ੍ਹਾਂ ਨੇ ਕਿਹਾ ਕਿ ਔਰਤ ਨੇ ਭਰੋਸਾ ਦਿੱਤਾ ਹੈ ਕਿ ਉਹ ਦੁਬਾਰਾ ਅਜਿਹਾ ਨਹੀਂ ਕਰੇਗੀ। ਗੋਤਰੀ ਪੁਲਸ ਥਾਣੇ ਦੇ ਨਿਰੀਖਕ ਪੀ. ਕੇ. ਰਾਵ ਨੇ ਕਿਹਾ ਕਿ ਪੁੱਛ-ਗਿੱਛ ਕੀਤੇ ਜਾਣ ਤੋਂ ਬਾਅਦ ਉਹ ਔਰਤ ਆਪਣੀ ਬੱਚੀ ਨਾਲ ਉਸ ਸਥਾਨ ਨੂੰ ਛੱਡ ਕੇ ਚੱਲੀ ਗਈ ਅਤੇ ਪੁਲਸ ਉਨ੍ਹਾਂ ਨੂੰ ਲੱਭ ਰਹੀ ਹੈ।
ਰਾਹੁਲ ਦੀ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਪੁੱਜੀ ਭਾਜਪਾ
NEXT STORY