ਬਾਰਾਬੰਕੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਵਿਚ ਝਾੜ-ਫੂਕ ਦੇ ਨਾਂ ’ਤੇ ਕਥਿਤ ਇਲਾਜ ਦੌਰਾਨ ਇਕ ਵਿਆਹੁਤਾ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਉਸ ਦੇ ਪਤੀ, ਇਕ ਕਥਿਤ ਤਾਂਤਰਿਕ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਪੁਲਸ ਅਨੁਸਾਰ ਲਖਨਊ ਦੇ ਗੋਮਤੀਨਗਰ ਦੀ ਰਹਿਣ ਵਾਲੀ ਰੂਬੀ ਯਾਦਵ (33) ਦੀ ਤਬੀਅਤ ਵਿਗੜਨ ’ਤੇ ਸੋਮਵਾਰ ਸ਼ਾਮ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ. ਸੀ.), ਦੇਵਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੇਰ ਰਾਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਮਾਨਸਿਕ ਬੀਮਾਰੀ ਦੇ ਇਲਾਜ ਦੇ ਨਾਂ ’ਤੇ ਰੂਬੀ ਨੂੰ ਲੱਗਭਗ 10 ਦਿਨਾਂ ਤੋਂ ਦੇਵਾ ਕਸਬੇ ਵਿਚ ਸਥਿਤ ਇਕ ਮਜ਼ਾਰ ’ਤੇ, ਜੋ ਸੂਫ਼ੀ ਸੰਤ ਹਾਜ਼ੀ ਵਾਰਿਸ ਅਲੀ ਸ਼ਾਹ ਦੀ ਦਰਗਾਹ ਤੋਂ ਵੱਖਰੀ ਅਤੇ ਕੁਝ ਦੂਰੀ ’ਤੇ ਸਥਿਤ ਹੈ, ਥੰਮ੍ਹ ਨਾਲ ਬੰਨ੍ਹ ਕੇ ਝਾੜ-ਫੂਕ ਕਰਵਾਈ ਜਾ ਰਹੀ ਸੀ। ਮ੍ਰਿਤਕਾ ਦੇ ਪਿਤਾ ਪ੍ਰਮੋਦ ਯਾਦਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਨ੍ਹਾਂ ਦੇ ਜਵਾਈ ਅੰਕਿਤ ਯਾਦਵ, ਕਥਿਤ ਤਾਂਤਰਿਕ ਮੁੰਨਾ ਅਤੇ ਉਸ ਦੇ ਸਾਥੀ ਕਦੀਰ ਅਹਿਮਦ ਨੇ ਇਲਾਜ ਦੇ ਨਾਂ ’ਤੇ ਰੂਬੀ ਨੂੰ ਕਈ ਦਿਨਾਂ ਤੱਕ ਥੰਮ੍ਹ ਨਾਲ ਬੰਨ੍ਹ ਕੇ ਰੱਖਿਆ ਅਤੇ ਝਾੜ-ਫੂਕ ਕਰਦੇ ਰਹੇ। ਇਸੇ ਦੌਰਾਨ ਉਸ ਦੀ ਹਾਲਤ ਵਿਗੜ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇੰਸਪੈਕਟਰ ਇੰਚਾਰਜ ਆਲੋਕ ਮਣੀ ਤ੍ਰਿਪਾਠੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਵਿਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਨੇ ਨੀਰਜ ਡਾਂਗੀ ਨੂੰ ਰਾਜ ਸਭਾ 'ਚ ਪਾਰਟੀ ਦਾ ਵ੍ਹਿਪ ਕੀਤਾ ਨਿਯੁਕਤ
NEXT STORY