ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਨਵੀਂ ਰਿਪੋਰਟ ਅਨੁਸਾਰ ਦੁਨੀਆਭਰ ’ਚ ਇਕ ਅਰਬ ਤੋਂ ਵੱਧ ਲੋਕ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ। ਇਨ੍ਹਾਂ ’ਚੋਂ ਸਭ ਤੋਂ ਆਮ ਬੀਮਾਰੀਆਂ ਚਿੰਤਾ ਅਤੇ ਡਿਪ੍ਰੈਸ਼ਨ ਹਨ। ਇਨ੍ਹਾਂ ਬੀਮਾਰੀਆਂ ਦਾ ਅਸਰ ਨਾ ਸਿਰਫ਼ ਇਨਸਾਨ ਦੇ ਜੀਵਨ ਅਤੇ ਸਿਹਤ ’ਤੇ ਪੈਂਦਾ ਹੈ, ਸਗੋਂ ਇਹ ਅਰਥਵਿਵਸਥਾ ’ਤੇ ਵੀ ਭਾਰੀ ਬੋਝ ਪਾਉਂਦੀਆਂ ਹਨ। ਡਿਪ੍ਰੈਸ਼ਨ ਅਤੇ ਚਿੰਤਾ ਕਾਰਨ ਹਰ ਸਾਲ ਦੁਨੀਆ ਦੀ ਅਰਥਵਿਵਸਥਾ ਨੂੰ ਲੱਗਭਗ ਇਕ ਟ੍ਰਿਲੀਅਨ ਡਾਲਰ ਦਾ ਨੁਕਸਾਨ ਸਿਰਫ਼ ਕੰਮ ਕਰਨ ਦੀ ਸਮਰੱਥਾ ਘਟਣ ਕਾਰਨ ਹੁੰਦਾ ਹੈ।
2021 ’ਚ 7 ਲੱਖ ਲੋਕਾਂ ਨੇ ਕੀਤੀ ਖੁਦਕੁਸ਼ੀ
ਡਬਲਯੂ. ਐੱਚ. ਓ. ਦੀਆਂ ਦੋ ਤਾਜ਼ਾ ਰਿਪੋਰਟਾਂ ਵਰਲਡ ਮੈਂਟਲ ਹੈਲਥ ਟੂਡੇ ਅਤੇ ਮੈਂਟਲ ਹੈਲਥ ਐਟਲਸ 2024 ਦੱਸਦੀਆਂ ਹਨ ਕਿ ਹਾਲਾਂਕਿ ਬਹੁਤ ਸਾਰੇ ਦੇਸ਼ਾਂ ਨੇ ਮਾਨਸਿਕ ਸਿਹਤ ਲਈ ਨੀਤੀਆਂ ਅਤੇ ਪ੍ਰੋਗਰਾਮ ਬਣਾਏ ਹਨ ਪਰ ਅਜੇ ਵੀ ਸੇਵਾਵਾਂ ਅਤੇ ਨਿਵੇਸ਼ ਦੀ ਘਾਟ ਹੈ। ਮਾਨਸਿਕ ਬੀਮਾਰੀਆਂ ਹੁਣ ਲੰਬੇ ਸਮੇਂ ਤੱਕ ਅਪੰਗਤਾ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣ ਗਈਆਂ ਹਨ। ਸਿਰਫ ਸਾਲ 2021 ’ਚ 7. 27 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ ਅਤੇ ਇਹ ਨੌਜਵਾਨਾਂ ’ਚ ਮੌਤ ਦਾ ਇਕ ਵੱਡਾ ਕਾਰਨ ਹੈ। ਡਬਲਯੂ. ਐੱਚ. ਓ. ਨੇ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਸਥਿਤੀ ’ਚ ਦੁਨੀਆ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ (ਐੱਸ. ਡੀ. ਜੀ) ਖੁਦਕੁਸ਼ੀ ਦੀ ਦਰ ਨੂੰ 2030 ਤੱਕ ਇਕ ਤਿਹਾਈ ਘਟਾਉਣ ਨੂੰ ਹਾਸਲ ਨਹੀਂ ਕਰ ਸਕੇਗੀ। ਮੌਜੂਦਾ ਗਤੀ ਤੋਂ ਸਿਰਫ 12 ਫੀਸਦੀ ਦੀ ਕਮੀ ਹੀ ਸੰਭਵ ਹੈ।
ਗਰੀਬ ਦੇਸ਼ਾਂ ਕੋਲ ਇਲਾਜ ਦਾ ਖਰਚਾ ਨਾਮਾਤਰ
ਰਿਪੋਰਟ ਦੱਸਦੀ ਹੈ ਕਿ ਮਾਨਸਿਕ ਬੀਮਾਰੀਆਂ ਦਾ ਬੋਝ ਔਰਤਾਂ ’ਤੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੈ। ਸਰਕਾਰਾਂ ਆਪਣੇ ਸਿਹਤ ਬਜਟ ਦਾ ਔਸਤਨ ਸਿਰਫ 2 ਫੀਸਦੀ ਹਿੱਸਾ ਮਾਨਸਿਕ ਸਿਹਤ ’ਤੇ ਖਰਚ ਕਰਦੀਆਂ ਹਨ, ਜੋ ਕਿ 2017 ਤੋਂ ਬਾਅਦ ਨਹੀਂ ਬਦਲਿਆ ਹੈ। ਅਮੀਰ ਦੇਸ਼ ਪ੍ਰਤੀ ਵਿਅਕਤੀ ਮਾਨਸਿਕ ਸਿਹਤ ’ਤੇ 65 ਡਾਲਰ ਤੱਕ ਖਰਚ ਕਰਦੇ ਹਨ, ਜਦੋਂ ਕਿ ਗਰੀਬ ਦੇਸ਼ ਸਿਰਫ 0.04 ਡਾਲਰ ਖਰਚ ਕਰਨ ਦੇ ਯੋਗ ਹਨ। ਔਸਤਨ ਦੁਨੀਆ ’ਚ ਪ੍ਰਤੀ 1,00,000 ਲੋਕਾਂ ਲਈ ਸਿਰਫ 13 ਮਾਨਸਿਕ ਸਿਹਤ ਕਰਮਚਾਰੀ ਹਨ ਅਤੇ ਇਹ ਗਿਣਤੀ ਗਰੀਬ ਦੇਸ਼ਾਂ ’ਚ ਹੋਰ ਵੀ ਘੱਟ ਹੈ।
ਕਮਿਊਨਿਟੀ ਆਧਾਰਿਤ ਦੇਖਭਾਲ ਸ਼ੁਰੂ
ਹੁਣ ਤੱਕ ਸਿਰਫ 10 ਫੀਸਦੀ ਤੋਂ ਘੱਟ ਦੇਸ਼ਾਂ ਨੇ ਪੂਰੀ ਤਰ੍ਹਾਂ ਕਮਿਊਨਿਟੀ ਆਧਾਰਿਤ ਦੇਖਭਾਲ ਸ਼ੁਰੂ ਕੀਤੀ ਹੈ। ਜ਼ਿਆਦਾਤਰ ਦੇਸ਼ ਅਜੇ ਵੀ ਮਾਨਸਿਕ ਹਸਪਤਾਲਾਂ ’ਤੇ ਨਿਰਭਰ ਕਰਦੇ ਹਨ, ਜਿੱਥੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਜ਼ਬਰਦਸਤੀ ਦਾਖਲ ਕੀਤਾ ਜਾਂਦਾ ਹੈ। ਕਈ ਦੇਸ਼ਾਂ ਨੇ ਅਧਿਕਾਰ-ਆਧਾਰਿਤ ਨੀਤੀਆਂ ਬਣਾਈਆਂ ਹਨ ਅਤੇ ਮਾਨਸਿਕ ਸਿਹਤ ਨੂੰ ਮੁੱਢਲੀ ਸਿਹਤ ਸੰਭਾਲ ’ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ।ਹੁਣ 71 ਫੀਸਦੀ ਦੇਸ਼ ਡਬਲਯੂ. ਐੱਚ. ਓ. ਦੇ ਮਿਆਰਾਂ ਨੂੰ ਪੂਰਾ ਕਰਦੇ ਹਨ। ਐਮਰਜੈਂਸੀ ’ਚ ਮਾਨਸਿਕ ਸਹਾਇਤਾ ਦੇਣ ਦੀ ਸਮਰੱਥਾ ਵੀ ਤੇਜ਼ੀ ਨਾਲ ਵਧੀ ਹੈ।2020 ’ਚ ਜਿੱਥੇ ਸਿਰਫ 39 ਫੀਸਦੀ ਦੇਸ਼ਾਂ ’ਚ ਇਹ ਸਹੂਲਤ ਸੀ, ਹੁਣ 80 ਫੀਸਦੀ ਤੋਂ ਵੱਧ ਦੇਸ਼ਾਂ ’ਚ ਇਹ ਉਪਲੱਬਧ ਹੈ। ਆਨਲਾਈਨ ਟੈਲੀਹੈਲਥ ਸੇਵਾਵਾਂ ਅਤੇ ਬਾਹਰੀ ਮਰੀਜ਼ਾਂ ਦੀਆਂ ਸਹੂਲਤਾਂ ਵੀ ਵਧ ਰਹੀਆਂ ਹਨ। ਹਾਲਾਂਕਿ ਇਨ੍ਹਾਂ ਤੱਕ ਪਹੁੰਚ ਅਜੇ ਆਮ ਨਹੀਂ ਹੈ।
ਜੰਮੂ-ਕਸ਼ਮੀਰ ਦੇ ਹਜ਼ਰਤਬਲ ਦਰਗਾਹ 'ਤੇ ਹੰਗਾਮਾ, ਭੀੜ ਨੇ ਅਸ਼ੋਕ ਚਿੰਨ੍ਹ ਤੋੜਿਆ
NEXT STORY