ਗੁਰਾਇਆ, (ਮੁਨੀਸ਼)- ਪੰਜਾਬ ਵਿਚ ਫਿਰ ਇਕ ਵਾਰ ਤੋਂ ਅੱਤਕਵਾਦ ਦਾ ਦੌਰ ਆ ਗਿਆ ਲੱਗਦਾ ਹੈ ਅਤੇ ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਮੇਰੇ ਦੋਵੇਂ ਨੌਜਵਾਨ ਮੁੰਡਿਆਂ ਨੂੰ ਪੁਲਸ ਨੇ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਪੂਰੀ ਪਲਾਨਿੰਗ ਨਾਲ ਮਾਰਿਆ ਹੈ ਅਤੇ ਪੁਲਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਦੇ ਦਬਾਅ ਬਣਾਇਆ ਜਾ ਰਿਹਾ ਹੈ। ਖੁਫੀਆ ਵਿਭਾਗ ਵੀ ਉਨ੍ਹਾਂ 'ਤੇ ਨਜ਼ਰ ਰੱਖੇ ਹੋਏ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਵਿਚ 27 ਸਤੰਬਰ ਨੂੰ ਫਰਜ਼ੀ ਐਨਕਾਊਂਟਰ ਵਿਚ ਮਾਰੇ ਗਏ ਹਰਿੰਦਰ ਸਿੰਘ ਲਾਲੀ (24) ਅਤੇ ਜਤਿੰਦਰ ਸਿੰਘ ਗੋਲਡੀ (22) ਦੇ ਪਿਤਾ ਸਤਪਾਲ ਸਿੰਘ ਵਾਸੀ ਬੋਹਾਪੁਰ ਥਾਣਾ ਸਮਰਾਲਾ ਨੇ ਗੁਰਾਇਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।
ਉਨ੍ਹਾਂ ਨੇ ਪੰਜਾਬ ਸਰਕਾਰ ਤੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਤੋਂ ਇੰਨਾ ਨਹੀਂ ਬਣਿਆ ਕਿ ਉਹ ਉਨ੍ਹਾਂ ਦੇ ਦੋਨੋਂ ਪੁੱਤਰਾਂ ਦੇ ਭੋਗ 'ਤੇ ਆ ਕੇ ਦੋ ਅੱਥਰੂ ਵਹਾ ਜਾਂਦੇ ਅਤੇ ਪਰਿਵਾਰ ਨੂੰ ਹੌਸਲਾ ਦੇ ਜਾਂਦੇ। ਜਦਕਿ ਭਾਰੀ ਗਿਣਤੀ ਵਿਚ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਉਥੇ ਪਹੁੰਚੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਕੋਠੀ ਵਿਚ ਉਨ੍ਹਾਂ ਦੇ ਬੱਚਿਆਂ ਦਾ ਕਤਲ ਕੀਤਾ ਗਿਆ, ਉਸ ਦੀ ਮਾਲਕਣ ਸਿਮਰਨ ਪੁਲਸ ਦੇ ਵੱਡੇ ਅਧਿਕਾਰੀਆਂ ਦੇ ਕੋਲ ਹੈ ਅਤੇ ਪੁਲਸ ਜਾਣਬੁਝ ਕੇ ਸਿਮਰਨ ਨੂੰ ਪੇਸ਼ ਨਹੀਂ ਕਰ ਰਹੀ।
ਮ੍ਰਿਤਕਾਂ ਦੇ ਪਿਤਾ ਨੇ ਪੁਲਿਸ ਦੀ ਕਾਰਜਸ਼ੈਲੀ ਦੇ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਪੁਲਸ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਅਤੇ ਇਹੋ ਕਾਰਨ ਹੈ ਕਿ ਐੱਸ. ਐੱਚ. ਓ. ਮਾਛੀਵਾੜਾ ਨੂੰ ਕਤਲ ਦੇ ਮੁਕੱਦਮੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ, ਜਦਕਿ ਕੋਠੀ ਦੀ ਮਾਲਕਣ ਸਿਮਰਨ ਪੁਲਸ ਦੇ ਅਫਸਰਾਂ ਦੇ ਕੋਲ ਹੈ ਅਤੇ ਹੈੱਡ ਕਾਂਸਟੇਬਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਐੱਸ. ਐੱਚ. ਓ. ਮਾਛੀਵਾੜਾ, ਜਿਸ ਨੇ ਸਾਰਾ ਕੰਮ ਖੁਦ ਕੀਤਾ ਹੈ, ਨੂੰ ਇਸ ਮਾਮਲੇ ਵਿਚ ਸਿਰਫ ਮੁਅੱਤਲ ਕੀਤਾ ਗਿਆ ਹੈ, ਜਦਕਿ ਉਸ ਨੂੰ ਨਾਮਜ਼ਦ ਕਰਕੇ ਉਸ ਨੂੰ ਇੰਟੈਰੋਗੇਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਹੈੱਡ ਕਾਂਸਟੇਬਲ ਸੁਖਬੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਚਲਦਿਆਂ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ।
ਭੇਦਭਰੀ ਹਾਲਤ 'ਚ ਨੌਜਵਾਨ ਦੀ ਮੌਤ
NEXT STORY