ਭੂੰਗਾ (ਭਟੋਆ)-ਆਪਣੀ ਧੀ ਦੇ ਚਾਰ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਹਾਲਤ 'ਚ ਕੋਈ ਸੁਧਾਰ ਨਾ ਹੋਣ ਅਤੇ ਆਰਥਕ ਤੰਗੀ ਤੋਂ ਮਜ਼ਬੂਰ ਹੋ ਕੇ ਭੂੰਗਾ ਦੇ ਪਿੰਡ ਨੰਗਲ ਥੰਥਲ ਦੇ ਇਕ ਪਰਿਵਾਰ ਨੇ ਮਦਦ ਲਈ ਅਪੀਲ ਕੀਤੀ ਹੈ। ਭੂੰਗਾ ਦੇ ਨੰਗਲ-ਥੰਥਲ ਦੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਦੇ ਸਵ. ਸ਼ਸ਼ੀ ਪਾਲ ਦੀ ਧੀ ਰਜਨੀ ਪੇਟ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।
ਰਜਨੀ ਦੀ ਮਾਂ ਸੁਮਨ ਲਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਅਚਾਨਕ ਪੇਟ 'ਚ ਦਰਦ ਅਤੇ ਉਲਟੀਆਂ ਆਉਣ 'ਤੇ ਰਜਨੀ ਨੂੰ ਗੜ੍ਹਦੀਵਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਬੀਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਦੇ ਮਾਡਰਨ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਇੱਥੇ ਡਾਕਟਰਾਂ ਨੇ ਰਜਨੀ ਦੇ ਪੇਟ 'ਚ ਰਸੌਲੀ ਹੋਣ ਦਾ ਕਹਿ ਕੇ ਉਸ ਦਾ ਆਪਰੇਸ਼ਨ ਕਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਸ ਦੀ ਤਕਲੀਫ ਠੀਕ ਨਾ ਹੋਈ।
ਜਲੰਧਰ ਹਸਪਤਾਲ ਵਿਖੇ ਡਾਕਟਰਾਂ ਨੇ ਰਜਨੀ ਦਾ ਇਕ ਹੋਰ ਆਪਰੇਸ਼ਨ ਕੀਤਾ ਪਰ ਫਿਰ ਵੀ ਰਜਨੀ ਦੀ ਸਿਹਤ ਵਿਚ ਕੋਈ ਸੁਧਾਰ ਆਉਣ ਦੀ ਬਜਾਏ ਉਸ ਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਚਲੀ ਗਈ ਅਤੇ ਡਾਕਟਰਾਂ ਨੇ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਉਸਦੇ ਪਰਿਵਾਰਿਕ ਮੈਂਬਰ ਰਜਨੀ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਰਜਨੀ ਦਾ ਇਕ ਆਪਰੇਸ਼ਨ 23 ਸਤਬੰਰ ਅਤੇ ਦੂਜਾ ਆਪਰੇਸ਼ਨ 27 ਸਤਬੰਰ, 2014 ਨੂੰ ਕੀਤਾ।
ਰਜਨੀ ਦੀ ਮਾਂ ਸੁਮਨ ਲਤਾ ਨੇ ਦੱਸਿਆ ਕਿ ਰਜਨੀ ਸ਼ਰਮਾ ਦੇ ਇਲਾਜ 'ਤੇ ਹੁਣ ਤੱਕ 8 ਲੱਖ ਰੁਪਏ ਖਰਚ ਹੋ ਚੁੱਕੇ ਹਨ ਅਤੇ ਚਾਰ ਆਪਰੇਸ਼ਨਾਂ ਦੇ ਬਾਵਜੂਦ ਵੀ ਰਜਨੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਉਸ ਨੇ ਦੁਖੀ ਮਨ ਨਾਲ ਦੱਸਿਆ ਕਿ ਰਜਨੀ ਨੂੰ ਖੂਨ ਦੀ ਲੋੜ ਪੈ ਰਹੀ ਹੈ ਅਤੇ ਉਸਦੇ ਸੈਲ ਵੀ ਘਟ ਜਾਂਦੇ ਹਨ। ਡੀ.ਐਮ.ਸੀ. ਦੇ ਡਾਕਟਰਾਂ ਨੇ ਐਤਵਾਰ ਨੂੰ ਰਜਨੀ ਦੀ ਵਿਗੜਦੀ ਹਾਲਤ ਦੇਖ ਕੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਹੈ।
ਹੁਣ ਰਜਨੀ ਦੀ ਮਾਂ ਸੁਮਨ ਲਤਾ ਬਹੁਤ ਚਿੰਤਤ ਅਤੇ ਘਬਰਾਈ ਹੋਈ ਹੈ। ਉਸ ਨੇ ਕਿਹਾ ਕਿ ਇਸ ਸਮੇਂ ਉਸਨੂੰ ਆਰਥਿਕ ਸਹਾਇਤਾ ਦੇ ਨਾਲ-ਨਾਲ ਲੋਕਾਂ ਦੀਆਂ ਦੁਆਵਾਂ ਅਤੇ ਧਾਰਮਿਕ ਸਮਾਜਿਕ ਸੰਗਠਨਾਂ ਦੇ ਸਹਿਯੋਗ ਦੀ ਵੀ ਲੋੜ ਹੈ। ਰਜਨੀ ਦੀ ਮਦਦ ਕਰਨ ਦੇ ਚਾਹਵਾਨ 98881-00709 'ਤੇ ਸੰਪਰਕ ਕਰ ਸਕਦੇ ਹਨ।
ਨੈਸ਼ਨਲ ਹਾਈਵੇ ’ਤੇ ਛੋਟਾ ਹਾਥੀ ਪਲਟਿਆ, 12 ਸਕੂਲੀ ਖਿਡਾਰੀ ਜ਼ਖਮੀ
NEXT STORY