ਪੀੜਤ ਲੜਕੀ ਕਰ ਰਹੀ ਹੈ ਸੀ. ਬੀ. ਆਈ. ਜਾਂਚ ਦੀ ਮੰਗ
ਨਾਨਕਸਰ ਕਲੇਰਾਂ/ ਨਾਨਕਸਰ ਠਾਠ ਬੱਧਨੀ ਕਲਾ- (ਪਵਨ ਗਰੋਵਰ)- ਨਾਨਕਸਰ ਸੰਪਰਦਾਇ ਦੇ ਪ੍ਰਚਾਰ ਲਈ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ’ਚ ਦੀਵਾਨ ਸਜਾ ਕੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਔਰਤਾਂ ਦਾ ਸਤਿਕਾਰ ਕਰਨ ਆਦਿ ਦੀਆਂ ਸਿੱਖਿਆਵਾਂ ਦੇਣ ਵਾਲੇ ਸੰਤਾਂ ਦੇ ਮਾਮਲੇ ਜੇਕਰ ਹਾਈਕੋਰਟ ’ਚ ਸੁਣਵਾਈ ਦੇ ਲਈ ਚਲੇ ਜਾਣ ਤਾਂ ਅਜਿਹੀ ਹਾਲਤ ਵਿਚ ਸੰਤਾਂ ਦੇ ਵਚਨਾਂ ਉਪਰ ਕੌਣ ਅਮਲ ਕਰੇਗਾ। ਨਾਨਕਸਰ ਠਾਠ ਬੱਧਨੀ ਕਲਾਂ ਦੇ ਬਾਬਾ ਜ਼ੋਰਾ ਸਿਘ ਦੇ ਸਪੁੱਤਰ ਗੁਰਬਖਸ਼ ਸਿੰਘ ਦੀ ਕਥਿਤ ਪਤਨੀ ਅਖਵਾਉਣ ਵਾਲੀ ਇਕ ਲੜਕੀ ਵੱਲੋਂ ਹੀ ਅਜਿਹਾ ਮਾਮਲਾ ਮਾਣਯੋਗ ਹਾਈਕੋਰਟ ਦੇ ਧਿਆਨ ’ਚ ਲਿਆਂਦਾ ਹੋਇਆ ਹੈ, ਜਿਸ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਹੋ ਰਹੀ ਹੈ। ਜਾਣਕਾਰੀ ਮੁਤਾਬਕ ਬਰਨਾਲਾ ਜ਼ਿਲੇ ਦੀ ਰਹਿਣ ਵਾਲੀ ਇਕ ਲੜਕੀ ਨੇ ਮਾਣਯੋਗ ਹਾਈਕੋਰਟ ’ਚ ਦਾਇਰ ਪਟੀਸ਼ਨ ’ਚ ਇਹ ਦੋਸ਼ ਲਗਾਇਆ ਸੀ ਕਿ ਬਾਬਾ ਗੁਰਬਖਸ਼ ਸਿੰਘ ਨੇ ਆਪਣੇ ਪਿਤਾ ਬਾਬਾ ਜ਼ੋਰਾ ਸਿੰਘ ਦੇ ਕਹਿਣੇ ਤੋਂ ਕਥਿਤ ਬਾਹਰ ਹੋ ਕੇ ਉਸ ਨਾਲ 6 ਅਪ੍ਰੈਲ 2009 ਨੂੰ ਮੋਗਾ ਜ਼ਿਲੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਅਤੇ ਤਿੰਨ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ’ਚ ਵਿਆਹ ਕੀਤਾ ਸੀ ਪਰ ਬਾਬਾ ਗੁਰਬਖਸ਼ ਸਿੰਘ ਦਾ ਪਿਤਾ ਬਾਬਾ ਜ਼ੋਰਾ ਸਿੰਘ ਮੇਰੇ ਕਥਿਤ ਪਤੀ ਨੂੰ ਮੈਥੋਂ ਦੂਰ ਰੱਖ ਰਿਹਾ ਸੀ। ਇਸ ਮਾਮਲੇ ਸਬੰਧੀ ਪੀੜਤ ਲੜਕੀ ਨੇ ਬਾਬਾ ਗੁਰਬਖਸ਼ ਸਿੰਘ ਨਾਲ ਹੋਏ ਵਿਆਹ ਦਾ ਸਰਟੀਫਿਕੇਟ ਅਤੇ ਤਸਵੀਰਾਂ ਸਮੇਤ ਹੋਰ ਵੀ ਪਖਤਾ ਸਬੂਤ ਅਦਾਲਤ ’ਚ ਪੇਸ਼ ਕਰਦਿਆਂ ਸਾਲ 2013 ’ਚ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਣਯੋਗ ਹਾਈਕੋਰਟ ਨੇ ਆਈ.ਜੀ. ਕ੍ਰਾਈਮ ਬ੍ਰਾਂਚ ਪੰਜਾਬ ਨੂੰ ਜਾਂਚ ਦੇ ਹੁਕਮ ਦਿੱਤੇ, ਜਿਸ ਦੌਰਾਨ ਬਾਬਾ ਜ਼ੋਰਾ ਸਿੰਘ ਦਾ ਪੁੱਤਰ ਬਾਬਾ ਗੁਰਬਖਸ਼ ਸਿੰਘ ਵੀ ਅਦਾਲਤ ’ਚ ਪੇਸ਼ ਹੋਇਆ ਸੀ।
ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਆਈ.ਜੀ. ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਹਾਈਕੋਰਟ ’ਚ ਪੇਸ਼ ਕੀਤੀ ਗਈ ਪਰ ਪੀੜਤ ਲੜਕੀ ਨੇ ਬੱਧਨੀ ਵਾਲੇ ਬਾਬਾ ਜੀ ਦੇ ਪੰਜਾਬ ਸਰਕਾਰ ਨਾਲ ਚੰਗੇ ਸਬੰਧਾਂ ਦਾ ਹਵਾਲਾ ਦੇ ਕੇ ਇਸ ਰਿਪੋਰਟ ਨੂੰ ਸਿਆਸੀ ਪਰਛਾਵੇਂ ਦਾ ਸ਼ਿਕਾਰ ਦੱਸਦਿਆਂ ਇਸ ਦੀ ਜਾਂਚ ਸੀ.ਬੀ.ਆਈ. ਜਾਂ ਫਿਰ ਪੰਜਾਬ ਤੋਂ ਬਾਹਰਲੇ ਕਿਸੇ ਅਧਿਕਾਰੀ ਪਾਸੋਂ ਕਰਵਾਉਣ ਦੀ ਮੁੜ 2014 ਵਿਚ ਗੁਹਾਹ ਲਗਾਈ। ਪੀੜਤ ਲੜਕੀ ਨੇ ਆਪਣੇ ਵਕੀਲ ਐਡਵੋਕੇਟ ਬੀ. ਕੇ. ਸ਼ਰਮਾ ਰਾਹੀਂ ਮਾਣਯੋਗ ਹਾਈਕੋਰਟ ’ਚ ਸੀ. ਆਰ. ਐੱਮ. ਐੱਮ./11236/2014 ਰਿਟ ਦਾਇਰ ਕੀਤੀ। ਜਿਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਬਾਬਾ ਜ਼ੋਰਾ ਸਿੰਘ, ਬਾਬਾ ਜ਼ੋਰਾ ਸਿੰਘ ਦੀ ਪਤਨੀ, ਬਾਬਾ ਗੁਰਬਖਸ਼ ਸਿੰਘ, ਦਿੱਲੀ ਠਾਠ ਦੇ ਸੰਚਾਲਕ ਜਗਜੀਤ ਸਿੰਘ ਜੱਜੀ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ, ਜਿਸ ਦੌਰਾਨ ਉਕਤ ਸਾਰੀਆਂ ਧਿਰਾਂ (ਬਾਬਾ ਜ਼ੋਰਾ ਸਿੰਘ ਤੋਂ ਇਲਾਵਾ) ਮਾਣਯੋਗ ਅਦਾਲਤ ਵਿਚ ਪੇਸ਼ ਹੋ ਚੁੱਕੀਆਂ ਹਨ।
ਇਸ ਮਾਮਲੇ ’ਚ ਹੁਣ ਤੱਕ 4-5 ਸੁਣਵਾਈਆਂ ਹੋ ਚੁੱਕੀਆਂ ਹਨ ਅਤੇ ਹੁਣ ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ਸਬੰਧੀ ਅੰਤਿਮ ਬਹਿਸ ਲਈ ਸੁਣਵਾਈ 16 ਅਕਤੂਬਰ ਨੂੰ ਨਿਰਧਾਰਤ ਕੀਤੀ ਗਈ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਜੇਕਰ ਹਾਈ ਕੋਰਟ ਨੇ ਪੀੜਤ ਧਿਰ ਦੀਆਂ ਦਲੀਲਾਂ ਅਤੇ ਅਪੀਲਾਂ ਨੂੰ ਮੰਨ ਲਿਆ ਤਾਂ ਪੂਰਨ ਮਹਾਪੁਰਖ ਅਖਵਾਉਣ ਵਾੱਲੇ ਬਾਬੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਲਈ ਸੰਕਟ ਪੈਦਾ ਹੋ ਸਕਦਾ ਹੈ।
ਮੋਟਰਸਾਈਕਲ ਟਰੱਕ ’ਚ ਵੱਜਿਆ, ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ
NEXT STORY