ਜਿਵੇਂ ਦੇਵਤੇ ਆਪਣੇ ਸਰੀਰਾਂ ਵਿਚ ਉੱਠ ਰਹੇ ਅਨਹਦ ਨਾਦਾਂ ਦੇ ਸੰਗੀਤਾਂ ਰਾਹੀਂ ਅਕਾਲ ਪੁਰਖ ਦੀ ਮਹਿਮਾ ਗਾਉਂਦੇ ਹਨ, ਤਿਵੇਂ ਹੀ ਸੂਖ਼ਮ ਤੱਤਾਂ ਜਾਂ ਸਿੱਧੇ ਹੀ ਸ਼ਕਤੀ ਸਪੰਦਨਾਂ ਦੇ ਬਣੇ ਹੋਏ ਰਤਨਾਂ 'ਚੋਂ ਵੀ ਅਨਹਦ ਨਾਦਾਂ ਦੀਆਂ ਸ਼ਕਤੀਸ਼ਾਲੀ ਲਹਿਰੀਆਂ ਉੱਠਦੀਆਂ ਰਹਿੰਦੀਆਂ ਹਨ। ਇਨ੍ਹਾਂ ਸਾਰੀਆਂ ਨਾਦ ਲਹਿਰੀਆਂ ਦਾ ਮੂਲ ਸ੍ਰੋਤ ਤਾਂ ਆਦਿ ਸ਼ਬਦ 'ੴ' ਹੀ ਹੈ। ਇਨ੍ਹਾਂ ਰਤਨਾਂ ਰਾਹੀਂ 'ੴ' ਦੇ ਸੰਗੀਤ ਨਾਦ ਸਾਰੇ ਬ੍ਰਹਿਮੰਡ ਵਿਚ ਵੀ ਪ੍ਰਸਾਰਿਤ ਹੁੰਦੇ ਰਹਿੰਦੇ ਹਨ। ਬ੍ਰਹਿਮੰਡ 'ਚ ਉਤਪੰਨ ਇਨ੍ਹਾਂ ਅਲੌਕਿਕ ਰਤਨਾਂ ਵਾਂਗ ਇਕ ਪੂਰੇ ਸਿੱਖ ਦੇ ਸਰੀਰ ਵਿਚ ਵੀ ਕਈ ਰਤਨ ਤੇ ਮਾਣਕਾਂ ਦਾ ਪ੍ਰਗਟਾਵਾ ਹੁੰਦਾ ਹੀ ਹੈ। ਇਹ ਗੱਲ ਉਦੋਂ ਬਣਦੀ ਹੈ, ਜਦੋਂ ਗੁਰਸਿੱਖ ਦੀ ਇਕ ਪਾਸੇ ਤਾਂ ਸੁਰਤਿ ਦਸਮ ਦੁਆਰ ਨੂੰ ਖੋਲ੍ਹ ਕੇ ਬ੍ਰਹਿਮੰਡ ਵਿਚ ਪ੍ਰਕਾਸ਼ਿਤ ਹੁੰਦੀ ਹੈ ਅਤੇ ਦੂਜੇ ਪਾਸੇ ਬ੍ਰਹਿਮੰਡ ਤੋਂ ਅਵਤਰਿਤ ਹੋ ਰਹੀ ਸ਼ਕਤੀ ਸਪੰਦਨਾਂ ਦੀ ਅੰਮ੍ਰਿਤ ਧਾਰਾ ਗੁਰਸਿੱਖ ਦੇ ਸਰੀਰ ਵਿਚ ਥਾਂ-ਥਾਂ 'ਤੇ ਸੰਘਣੀ ਹੋ ਕੇ ਕੋਈ ਆਕਾਰ ਧਾਰਨ ਕਰਦੀ ਹੈ। ਅੰਮ੍ਰਿਤ ਧਾਰਾ ਦੇ ਸੰਘਣੇ ਹੋਏ ਆਕਾਰ ਹੀ ਅਲੌਕਿਕ ਰਤਨ ਹਨ। 'ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ' ਕਹਿ ਕੇ ਗੁਰੂ ਸਾਹਿਬ ਨੇ ਇਨ੍ਹਾਂ ਰਤਨਾਂ ਦੀ ਉਤਪਤਿ ਦਾ ਵਿਗਿਆਨ ਕਥਿਆ ਹੈ। 'ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ' ਕਹਿ ਕੇ ਗੁਰੂ ਸਾਹਿਬ ਦੱਸ ਰਹੇ ਹਨ ਕਿ ਰਤਨਾਂ ਦੇ ਨਾਲੋ-ਨਾਲ ਅਠਸਠਿ ਤੀਰਥ ਵੀ ਤੇਰੀ ਮਹਿਮਾ ਗਾਉਂਦੇ ਹਨ। 'ਤੀਰਥ' ਦਾ ਸਿੱਧਾ ਅਰਥ ਤਾਂ ਇਹੋ ਹੈ ਕਿ ਜਿਸ ਵਿਚ (ਤਨ, ਮਨ ਤੇ ਪ੍ਰਾਣਾਂ ਨਾਲ) ਗੋਤਾ ਮਾਰਨ ਨਾਲ ਪਾਰ ਜਾਣ ਦਾ ਰਸਤਾ ਖੁੱਲ੍ਹਦਾ ਹੈ। ਮਾਤਲੋਕ ਦੇ ਤੀਰਥਾਂ ਵਾਂਗ ਸੂਖ਼ਮ ਲੋਕਾਂ ਵਿਚ ਵੀ ਇਹੋ ਜਿਹੇ ਤੀਰਥ ਹਨ ਪਰ ਸਭ ਤੋਂ ਵਧ ਕੇ ਇਕ ਸਾਧਕ ਸਿੱਖ ਵਾਸਤੇ ਤਾਂ ਉਸ ਦੇ ਆਪਣੇ ਸਰੀਰ ਦੇ ਅੰਦਰ ਹੀ ਇਹ ਸਾਰੇ ਤੀਰਥ ਹਨ, ਜਿਨ੍ਹਾਂ 'ਚ ਮਨ ਤੇ ਸਵਾਸਾਂ ਨੂੰ ਲੀਨ ਕਰਨ ਨਾਲ ਹੋਰ ਸੂਖ਼ਮ 'ਚ ਪ੍ਰਵੇਸ਼ ਕਰਨ ਦਾ ਰਸਤਾ ਖੁੱਲ੍ਹਦਾ ਹੈ। ਮੁੱਖ ਰੂਪ ਨਾਲ ਇਨ੍ਹਾਂ ਤੀਰਥਾਂ ਦੀ ਗਿਣਤੀ 'ਅਠਸਠਿ' ਹੈ। ਅਠਸਠਿ, ਇਸ ਸ਼ਬਦ ਬਾਰੇ ਆਮ ਤੌਰ 'ਤੇ ਬਹੁਤ ਭੁਲੇਖਾ ਹੈ।
ਭਗਵਾਨ ਨੇ ਸੁਣੀ ਦ੍ਰੋਪਦੀ ਦੀ ਪੁਕਾਰ
NEXT STORY