ਮਹਾਰਾਜ ਦਰੁਪਦ ਨੇ ਦ੍ਰੋਣਾਚਾਰੀਆ ਤੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਸੰਤਾਨ ਪ੍ਰਾਪਤੀ ਦੇ ਉਦੇਸ਼ ਨਾਲ ਯੱਗ ਕੀਤਾ। ਯੱਗ ਦੀ ਪੂਰਨ ਆਹੂਤੀ ਸਮੇਂ ਯੱਗਕੁੰਡ ਤੋਂ ਮੁਕੁਟ, ਕੁੰਡਲ, ਕਵਚ, ਤ੍ਰੋਣ ਅਤੇ ਧਨੁਸ਼ ਧਾਰੀ ਇਕ ਕੁਮਾਰ ਪ੍ਰਗਟ ਹੋਇਆ। ਇਸ ਕੁਮਾਰ ਦਾ ਨਾਂ ਧ੍ਰਿਸ਼ਟਧੁਮਨ ਰੱਖਿਆ ਗਿਆ। ਮਹਾਭਾਰਤ ਦੇ ਯੁੱਧ ਵਿਚ ਪਾਂਡਵ ਪੱਖ ਦਾ ਇਹੀ ਕੁਮਾਰ ਸੈਨਾਪਤੀ ਰਿਹਾ। ਯੱਗਕੁੰਡ ਤੋਂ ਇਕ ਕੁਮਾਰੀ ਵੀ ਪ੍ਰਗਟ ਹੋਈ। ਉਸ ਦਾ ਰੰਗ ਸਾਂਵਲਾ ਸੀ ਅਤੇ ਉਹ ਬੇਹੱਦ ਸੁੰਦਰ ਸੀ। ਮਹਾਕਾਲੀ ਨੇ ਅੰਸ਼ਿਕ ਰੂਪ 'ਚ ਉਸ ਅੰਦਰ ਪ੍ਰਵੇਸ਼ ਕੀਤਾ ਸੀ। ਉਸ ਦਾ ਨਾਂ ਕ੍ਰਿਸ਼ਨਾ ਰੱਖਿਆ ਗਿਆ। ਦਰੁਪਦ ਦੀ ਪੁੱਤਰੀ ਹੋਣ ਕਾਰਨ ਉਹ ਦ੍ਰੋਪਦੀ ਵੀ ਅਖਵਾਈ।
ਇਕਚਕਰਾ ਨਗਰੀ ਵਿਚ ਦ੍ਰੋਪਦੀ ਦੇ ਸਵੰਬਰ ਦੀ ਗੱਲ ਸੁਣ ਕੇ ਪਾਂਡਵ ਪਾਂਚਾਲ ਪਹੁੰਚੇ। ਉਨ੍ਹਾਂ ਨੇ ਬ੍ਰਾਹਮਣਾਂ ਦਾ ਭੇਸ ਧਾਰਿਆ ਸੀ। ਉਹ ਉਥੇ ਇਕ ਘੁਮਿਆਰ ਦੇ ਘਰ ਠਹਿਰੇ। ਸਵੰਬਰ ਸਭਾ ਵਿਚ ਵੀ ਪਾਂਡਵ ਬ੍ਰਾਹਮਣਾਂ ਦੇ ਨਾਲ ਹੀ ਬੈਠੇ। ਸਭਾ ਵਿਚ ਉੱਪਰ ਇਕ ਯੰਤਰ ਸੀ, ਯੰਤਰ ਘੁੰਮਦਾ ਰਹਿੰਦਾ ਸੀ। ਉਸ ਦੇ ਵਿਚਾਲੇ ਇਕ ਮੱਛੀ ਬਣੀ ਸੀ। ਹੇਠਾਂ ਕੜਾਹੇ ਵਿਚ ਤੇਲ ਰੱਖਿਆ ਸੀ। ਤੇਲ 'ਚ ਮੱਛੀ ਦਾ ਪਰਛਾਵਾਂ ਦੇਖ ਕੇ ਉਸ ਨੂੰ 5 ਤੀਰ ਮਾਰਨ ਵਾਲੇ ਨਾਲ ਦ੍ਰੋਪਦੀ ਦੇ ਵਿਆਹ ਦਾ ਐਲਾਨ ਕੀਤਾ ਗਿਆ ਸੀ। ਜਰਾਸੰਧ, ਸ਼ਿਸ਼ੂਪਾਲ ਅਤੇ ਸ਼ਲਯ ਤਾਂ ਧਨੁਸ਼ 'ਤੇ ਡੋਰੀ ਚੜ੍ਹਾਉਣ ਦੇ ਯਤਨ ਵਿਚ ਹੀ ਦੂਰ ਜਾ ਡਿੱਗੇ। ਸਿਰਫ ਕਰਨ ਨੇ ਧਨੁਸ਼ ਚੜ੍ਹਾਇਆ, ਉਹ ਤੀਰ ਮਾਰਨ ਹੀ ਵਾਲਾ ਸੀ ਕਿ ਦ੍ਰੋਪਦੀ ਨੇ ਕਿਹਾ, ''ਮੈਂ ਸੂਤ ਪੁੱਤਰ ਨਾਲ ਵਿਆਹ ਨਹੀਂ ਕਰਾਂਗੀ।'' ਬੇਇੱਜ਼ਤ ਹੋਏ ਕਰਨ ਨੇ ਗੁੱਸੇ ਨਾਲ ਧਨੁਸ਼ ਰੱਖ ਦਿੱਤਾ। ਰਾਜਿਆਂ ਦੇ ਨਿਰਾਸ਼ ਹੋ ਜਾਣ 'ਤੇ ਅਰਜੁਨ ਉੱਠਿਆ। ਉਸ ਨੂੰ ਬ੍ਰਾਹਮਣ ਜਾਣ ਕੇ ਬ੍ਰਾਹਮਣਾਂ ਨੇ ਖੁਸ਼ੀ ਜ਼ਾਹਿਰ ਕੀਤੀ। ਧਨੁਸ਼ ਚੜ੍ਹਾ ਕੇ ਅਰਜੁਨ ਨੇ ਮੱਛੀ 'ਤੇ ਨਿਸ਼ਾਨਾ ਸਾਧ ਦਿੱਤਾ ਅਤੇ ਦ੍ਰੋਪਦੀ ਨੇ ਅਰਜੁਨ ਦੇ ਗਲੇ ਵਿਚ ਜੈਮਾਲਾ ਪਾ ਦਿੱਤੀ। ਕੁਝ ਰਾਜਿਆਂ ਨੇ ਵਿਰੋਧ ਕਰਨਾ ਚਾਹਿਆ ਪਰ ਉਹ ਅਰਜੁਨ ਅਤੇ ਭੀਮ ਦੇ ਸਾਹਮਣੇ ਨਾ ਟਿਕ ਸਕੇ। ਸ਼੍ਰੀ ਕ੍ਰਿਸ਼ਨ ਨੇ ਪਾਂਡਵਾਂ ਨੂੰ ਪਛਾਣ ਲਿਆ ਸੀ। ਦ੍ਰੋਪਦੀ ਨੂੰ ਨਾਲ ਲੈ ਕੇ ਅਰਜੁਨ ਕੁੰਤੀ ਕੋਲ ਪਹੁੰਚਿਆ ਅਤੇ ਕਹਿਣ ਲੱਗਾ, ''ਮਾਂ! ਅਸੀਂ ਭਿਖਿਆ ਲਿਆਏ ਹਾਂ।'' ''ਪੰਜੇ ਭਰਾ ਇਸ ਨੂੰ ਵਰਤੋ।'' ਬਿਨਾਂ ਦੇਖਿਆਂ ਹੀ ਕੁੰਤੀ ਨੇ ਕਹਿ ਦਿੱਤਾ। ''ਮੈਂ ਕਦੇ ਗਲਤ ਨਹੀਂ ਆਖਿਆ। ਮੇਰੇ ਇਸ ਵਚਨ ਨੇ ਮੈਨੂੰ ਧਰਮ ਸੰਕਟ ਵਿਚ ਪਾ ਦਿੱਤਾ ਹੈ ਬੇਟਾ! ਮੈਨੂੰ ਅਧਰਮ ਤੋਂ ਬਚਾ ਲੈ।'' ਦ੍ਰੋਪਦੀ ਨੂੰ ਦੇਖ ਕੇ ਕੁੰਤੀ ਨੇ ਪਛਤਾਵਾ ਕਰਦਿਆਂ ਕਿਹਾ। ਭਗਵਾਨ ਵਿਆਸ ਨੇ ਦਰੁਪਦ ਨੂੰ ਦ੍ਰੋਪਦੀ ਦੇ ਪਿਛਲੇ ਜਨਮ ਦਾ ਚਰਿੱਤਰ ਦੱਸ ਕੇ ਪੰਜ ਭਰਾਵਾਂ ਨਾਲ ਦ੍ਰੋਪਦੀ ਦਾ ਵਿਆਹ ਕਰਨ ਦੀ ਸਲਾਹ ਦਿੱਤੀ। ਇਸ ਤਰ੍ਹਾਂ ਕ੍ਰਮਵਾਰ ਇਕ-ਇਕ ਦਿਨ ਪੰਜੇ ਪਾਂਡਵਾਂ ਨੇ ਦ੍ਰੋਪਦੀ ਨਾਲ ਰਸਮਾਂ-ਰਿਵਾਜਾਂ ਨਾਲ ਵਿਆਹੁਤਾ ਜੀਵਨ ਬਿਤਾਇਆ। ਸ਼੍ਰੀ ਕ੍ਰਿਸ਼ਨ ਚੰਦਰ ਦੀ ਕਿਰਪਾ ਨਾਲ ਯੁਧਿਸ਼ਠਰ ਨੇ ਮਯ ਵਲੋਂ ਬਣੀ ਰਾਜਸਭਾ ਪ੍ਰਾਪਤ ਕੀਤੀ। ਰਾਜਸੂਯ ਯੱਗ ਕਰਕੇ ਉਹ ਚਕਰਵਰਤੀ ਸਮਰਾਟ ਬਣ ਗਿਆ। ਦੁਰਯੋਧਨ ਨੇ ਮਯ ਵਲੋਂ ਬਣੇ ਭਵਨ ਦੀ ਖਾਸੀਅਤ ਕਾਰਨ ਜਲ ਨੂੰ ਥਲ ਸਮਝ ਲਿਆ ਅਤੇ ਉਸ ਵਿਚ ਡਿੱਗ ਪਿਆ। ਇਹ ਦੇਖ ਕੇ ਦ੍ਰੋਪਦੀ ਹੱਸ ਪਈ। ਦੁਰਯੋਧਨ ਨੇ ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਸ਼ਕੁਨੀ ਦੀ ਸਲਾਹ ਨਾਲ ਮਹਾਰਾਜ ਯੁਧਿਸ਼ਠਰ ਨੂੰ ਜੂਆ ਖੇਡਣ ਲਈ ਬੁਲਾਇਆ। ਸਭ ਕੁਝ ਹਾਰਨ ਪਿੱਛੋਂ ਉਹ ਆਪਣੇ ਭਰਾਵਾਂ ਨਾਲ ਦ੍ਰੋਪਦੀ ਨੂੰ ਵੀ ਹਾਰ ਗਿਆ। ਦੁਰਯੋਧਨ ਦੇ ਹੁਕਮ ਨਾਲ ਦੁਸ਼ਾਸਨ ਦ੍ਰੋਪਦੀ ਨੂੰ ਮਾਹਵਾਰੀ ਦੀ ਹਾਲਤ ਵਿਚ ਹੀ ਉਸ ਦੇ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਰਾਜਸਭਾ ਵਿਚ ਲੈ ਆਇਆ। ਪਾਂਡਵ ਸਿਰ ਝੁਕਾਈ ਬੈਠੇ ਸਨ। ਭੀਸ਼ਮ, ਦ੍ਰੋਣ ਅਤੇ ਕ੍ਰਿਪਾਚਾਰੀਆ ਵਰਗੇ ਗੁਰੂਜਨ ਵੀ ਇਸ ਜ਼ੁਲਮ ਨੂੰ ਦੇਖ ਕੇ ਮੌਨ ਰਹੇ। ''ਦੁਸ਼ਾਸਨ ਦੇਖਦਾ ਕੀ ਹੈਂ? ਇਸ ਦੇ ਵਸਤਰ ਲਾਹ ਲੈ।'' ਦੁਰਯੋਧਨ ਨੇ ਕਿਹਾ। ਦਸ ਹਜ਼ਾਰ ਹਾਥੀਆਂ ਦੇ ਬਲ ਵਾਲਾ ਦੁਸ਼ਾਸਨ ਦ੍ਰੋਪਦੀ ਦੀ ਸਾੜ੍ਹੀ ਖਿੱਚਣ ਲੱਗਾ। ''ਹੇ ਕ੍ਰਿਸ਼ਨ! ਹੇ ਦੁਆਰਕਾ ਨਾਥ! ਆਓ! ਕੌਰਵਾਂ ਦੇ ਸਮੁੰਦਰ ਵਿਚ ਮੇਰੀ ਲਾਜ ਡੁੱਬ ਰਹੀ ਹੈ। ਰੱਖਿਆ ਕਰੋ।'' ਦ੍ਰੋਪਦੀ ਨੇ ਦੁਖੀ ਲਹਿਜੇ ਵਿਚ ਭਗਵਾਨ ਨੂੰ ਬੁਲਾਇਆ। ਫਿਰ ਕੀ ਸੀ। ਦੀਨਬੰਧੂ ਦਾ ਵਸਤਰ ਅਵਤਾਰ ਹੋ ਗਿਆ। ਅੰਤ ਵਿਚ ਦੁਸ਼ਾਸਨ ਥੱਕ ਕੇ ਚੂਰ ਹੋ ਗਿਆ। ਭਾਵੇਂ ਦੁਰਵਾਸਾ ਦੀ ਮਹਿਮਾਨਨਿਵਾਜੀ ਦੀ ਸਮੱਸਿਆ ਰਹੀ ਹੋਵੇ, ਭਾਵੇਂ ਭੀਸ਼ਮ ਦਾ ਪਾਂਡਵ ਵਧ ਦਾ ਵਚਨ, ਸ਼੍ਰੀ ਕ੍ਰਿਸ਼ਨ ਹਰੇਕ ਸਥਿਤੀ ਵਿਚ ਦ੍ਰੋਪਦੀ ਦੀ ਪੁਕਾਰ ਸੁਣ ਕੇ ਪਲ ਭਰ ਵਿਚ ਉਸ ਦਾ ਹੱਲ ਕਰ ਦਿੰਦੇ ਸਨ। ਦ੍ਰੋਪਦੀ ਸ਼੍ਰੀ ਕ੍ਰਿਸ਼ਨ ਦੀ ਅਨਿੰਨ ਭਗਤ ਸੀ। ਭਗਵਾਨ ਪ੍ਰਤੀ ਦ੍ਰਿੜ੍ਹ ਵਿਸ਼ਵਾਸ ਦੀ ਅਜਿਹੀ ਮਿਸਾਲ ਬਹੁਤ ਦੁਰਲੱਭ ਹੈ।
ਗੁਰਦੁਆਰਾ ਬਾਬਾ ਧਿਆਨ ਸਿੰਘ ਪਿੰਡ ਭੋਜੇ ਮਾਜਰਾ
NEXT STORY