ਐੱਸ. ਐੱਸ. ਜੈਨ ਸਭਾ, ਸਾਊਥ ਦਿੱਲੀ ੇਦੇ ਪ੍ਰਧਾਨ ਸੁਭਾਸ਼ ਓਸਵਾਲ ਨੇ ਦੱਸਿਆ ਕਿ ਸ਼੍ਰਮਣ ਸੰਘ ਦੇ ਚੌਥੇ ਪਟਧਰ ਮੌਜੂਦਾ ਜੈਨ ਆਚਾਰੀਆ ਸਮਰਾਟ ਸ਼੍ਰੀ ਸ਼ਿਵਮੁਨੀ ਜੀ ਮਹਾਰਾਜ ਤੇ ਸਾਧਵੀ ਉਰਮਿਲ ਜੀ ਮਹਾਰਾਜ ਦੀ ਪਾਵਨ ਅਗਵਾਈ 'ਚ ਜੈਨ ਸਾਧਵੀ ਯੁਗਲ ਨਿਧੀ ਕ੍ਰਿਪਾ ਸ਼੍ਰੀ ਜੀ ਮਹਾਰਾਜ ਦਾ 50ਵਾਂ ਜਨਮ ਦਿਵਸ 9 ਨਵੰਬਰ ਨੂੰ ਸਵੇਰੇ 9 ਵਜੇ ਦਿੱਲੀ ਦੇ ਸੰਸਦ ਭਵਨ 'ਚ ਵਿਲੱਖਣ ਲੋਕ ਅਰਪਣ ਸਮਾਗਮ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਸਾਧਵੀ ਯੁਗਲ ਨਿਧੀ ਕ੍ਰਿਪਾ ਸ਼੍ਰੀ ਜੀ ਦੇ ਸਾਹਿਤ ਦੁਆਰਾ ਭਗਵਾਨ ਮਹਾਵੀਰ ਜੀ ਦਾ ਸੰਦੇਸ਼ ਪਹਿਲੀ ਵਾਰ ਬ੍ਰੇਲ ਲਿੱਪੀ 'ਚ ਨੇਤਰਹੀਣਾਂ ਲਈ ਛਪ ਰਿਹਾ ਹੈ, ਜਿਹੜਾ ਦੇਸ਼ ਭਰ ਦੇ ਸਾਰੇ ਨੇਤਰਹੀਣਾਂ ਲਈ ਬਣਾਏ ਅੰਧ ਵਿਦਿਆਲਿਆਂ 'ਚ ਭੇਜਿਆ ਜਾਏਗਾ।
ਇਸ ਮੌਕੇ ਲੋਕਤੰਤਰ ਦੇ ਇਸ ਮੰਦਰ 'ਚ ਸਾਧਵੀ ਯੁਗਲ ਨਿਧੀ ਕ੍ਰਿਪਾ ਸ਼੍ਰੀ ਜੀ 'ਤੇ ਸ਼੍ਰੀਮਤੀ ਮਰਿਦੂ ਜੈਨ ਤੇ ਸ਼੍ਰੀਮਤੀ ਨੰਦਿਤਾ ਜੈਨ ਵਲੋਂ ਲਿਖੀ ਬਾਇਓਗ੍ਰਾਫੀ 'ਜੀਓ ਬਰਸ ਲਿਖੋ ਬਰਸ' ਪੁਸਤਕ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦੇ ਮਾਧਿਅਮ ਰਾਹੀਂ ਸਮਰਪਿਤ ਕੀਤੀ ਜਾਵੇਗੀ। ਸੁਭਾਸ਼ ਓਸਵਾਲ ਨੇ ਦੱਸਿਆ ਕਿ ਜੈਨ ਸਮਾਜ ਦੇ ਇਤਿਹਾਸ 'ਚ ਪਹਿਲੀ ਵਾਰ ਇੰਨਾ ਵੱਡਾ ਇਤਿਹਾਸਕ ਸਮਾਗਮ ਸੰਸਦ ਭਵਨ 'ਚ ਹੋਣ ਜਾ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਲੋਕ ਸਭਾ ਦੀ ਪ੍ਰਧਾਨ ਸ਼੍ਰੀਮਤੀ ਸੁਮਿੱਤਰਾ ਮਹਾਜਨ ਕਰਨਗੇ। ਇਸ ਤੋਂ ਇਲਾਵਾ ਇਸ ਸਮਾਗਮ 'ਚ ਕਈ ਦਾਰਸ਼ਨਿਕ, ਵਿਚਾਰਕ, ਸਿਆਸਤਦਾਨ ਅਤੇ ਪ੍ਰਮੁੱਖ ਸਮਾਜ ਸੇਵੀ ਤੇ ਮੀਡੀਆ ਦੀਆਂ ਕਈ ਹਸਤੀਆਂ ਮੌਜੂਦ ਹੋਣਗੀਆਂ।