ਮਿਸਰ ਦੇ ਪ੍ਰਸਿੱਧ ਸੰਤ ਮੈਕੇਰੀਅਸ ਨੂੰ ਇਕ ਸ਼ਿਸ਼ ਨੇ ਪੁੱਛਿਆ, ''ਗੁਰੂਦੇਵ, ਮੁਕਤੀ ਦਾ ਮਾਰਗ ਕੀ ਹੈ?'' ਸੰਤ ਨੇ ਕਿਹਾ, ''ਮੁਕਤੀ ਦਾ ਮਾਰਗ ਬਹੁਤ ਸਰਲ ਹੈ। ਤੁਸੀਂ ਪਹਿਲਾਂ ਕਬਰਿਸਤਾਨ ਜਾ ਕੇ ਉਥੇ ਦਫਨ ਲੋਕਾਂ ਨੂੰ ਖੂਬ ਗਾਲ੍ਹਾਂ ਕੱਢੋ ਅਤੇ ਉਨ੍ਹਾਂ ਨੂੰ ਪੱਥਰ ਮਾਰ ਕੇ ਆਓ।'' ਇਸੇ ਤਰ੍ਹਾਂ ਹੀ ਸ਼ਿਸ਼ ਕਰਕੇ ਆ ਗਏ। ਸੰਤ ਨੇ ਕਿਹਾ, ''ਹੁਣ ਫਿਰ ਜਾਓ ਅਤੇ ਕਬਰਾਂ 'ਤੇ ਫੁੱਲ ਚੜ੍ਹਾ ਕੇ ਖੂਬ ਤਾਰੀਫ ਕਰੋ।'' ਸ਼ਿਸ਼ ਬੜੇ ਹੈਰਾਨ ਹੋਏ ਪਰ ਗੁਰੂ ਦੀ ਆਗਿਆ ਦਾ ਪਾਲਣ ਕਰਕੇ ਆ ਗਏ। ਸੰਤ ਨੇ ਪੁੱਛਿਆ, ''ਹੁਣ ਦੱਸੋ ਕਿ ਜਦੋਂ ਤੁਸੀਂ ਪੱਥਰ ਸੁੱਟੇ ਅਤੇ ਗਾਲ੍ਹਾਂ ਕੱਢੀਆਂ, ਉਦੋਂ ਉਥੇ ਕੋਈ ਕੁਝ ਬੋਲਿਆ ਸੀ।'' ਸ਼ਿਸ਼ ਨੇ ਕਿਹਾ, 'ਜੀ ਨਹੀਂ'। ਸੰਤ ਨੇ ਕਿਹਾ, ''ਅਤੇ ਜਦੋਂ ਤੁਸੀਂ ਫੁੱਲ ਚੜ੍ਹਾ ਕੇ ਪ੍ਰਸ਼ੰਸਾ ਕੀਤੀ ਤਾਂ ਕੋਈ ਬੋਲਿਆ ਸੀ?'' ਸ਼ਿਸ਼ ''ਨਹੀਂ ਗੁਰੂਦੇਵ, ਉਦੋਂ ਵੀ ਕੋਈ ਨਹੀਂ ਬੋਲਿਆ ਸੀ।'' ਸੰਤ ਮੈਕੇਰੀਅਸ ਨੇ ਹੌਲੀ ਜਿਹੇ ਮੁਸਕਰਾ ਕੇ ਕਿਹਾ, ਬੱਚਿਓ ਬਸ ਉਨ੍ਹਾਂ ਕਬਰਾਂ ਦੀ ਤਰ੍ਹਾਂ ਤੁਸੀਂ ਵੀ ਬਣ ਜਾਓ, ਜੋ ਤੁਹਾਨੂੰ ਮਾੜੇ ਬਚਨ ਬੋਲਣ, ਉਨ੍ਹਾਂ ਨੂੰ ਵੀ ਆਸ਼ੀਰਵਾਦ ਦਿਓ, ਉਨ੍ਹਾਂ ਨਾਲ ਪਿਆਰ ਨਾਲ ਬੋਲੋ ਅਤੇ ਜੋ ਤੁਹਾਡਾ ਆਦਰ-ਸਤਿਕਾਰ ਕਰਨ ਉਨ੍ਹਾਂ ਨਾਲ ਵੀ ਪਿਆਰ ਕਰੋ ਤੇ ਆਸ਼ੀਰਵਾਦ ਦਿਓ। ਤੁਸੀਂ ਜਦੋਂ ਬੁਰੇ ਤੇ ਚੰਗੇ ਦੋਵਾਂ ਤਰ੍ਹਾਂ ਦੇ ਲੋਕਾਂ ਨਾਲ ਇਕੋ ਜਿਹਾ ਹੀ ਵਿਵਹਾਰ ਕਰਨਾ ਸਿੱਖ ਲਵੋਗੇ ਤਾਂ ਤੁਹਾਨੂੰ ਮੁਕਤੀ ਦਾ ਰਸਤਾ ਦਿਖਾਈ ਦੇਣ ਲੱਗੇਗਾ।
- ਸੁਭਾਸ਼ ਵੁਡਾਵਨਮਾਲਾ