ਜੋ ਪਰਜਾ ਇਸ ਵੇਲੇ ਸਹਿਮਤ ਨਹੀਂ ਵੀ ਹੈ, ਉਹ ਵੀ ਇਥੇ ਰਹਿਣ ਵਾਲਿਆਂ ਦੇ ਸੁਖ, ਖੁਸ਼ਹਾਲੀ ਅਤੇ ਸ਼ਾਂਤ ਜੀਵਨ ਨੂੰ ਦੇਖ ਕੇ ਫਿਰ ਆਪੋ-ਆਪਣੇ ਘਰਾਂ ਨੂੰ ਪਰਤ ਆਉਣਗੇ। ਜਿਥੋਂ ਤੱਕ ਪ੍ਰਦਿਊਮਨ ਨਾਲ ਤੇਰੀ ਕੰਨਿਆ ਦੇ ਵਿਆਹ ਦਾ ਸਵਾਲ ਹੈ ਤਾਂ ਇਸ ਦਾ ਕੋਈ ਫੈਸਲਾ ਚਾਹੁੰਦਿਆਂ ਹੋਇਆਂ ਵੀ ਮੈਂ ਆਪਣੀ ਇੱਛਾ ਨਾਲ ਨਹੀਂ ਕਰਾਂਗਾ।
ਪ੍ਰਦਿਊਮਨ ਸਮਝਦਾਰ ਹੈ। ਉਹ ਕਿਸੇ ਦਾ ਪਤੀ ਹੈ ਅਤੇ ਉਸ ਦੇ ਬੇਟੇ ਵੀ ਹਨ। ਜੇਕਰ ਉਹ ਸਮਝਦਾ ਹੈ ਕਿ ਤੇਰੀ ਪੁੱਤਰੀ ਨਾਲ ਵਿਆਹ ਕਰਕੇ ਉਸ ਦੀ ਪਤਨੀ ਨੂੰ ਕੋਈ ਦੁਖ ਨਹੀਂ ਹੋਵੇਗਾ ਤਾਂ ਮੇਰੇ ਵਲੋਂ ਉਹ ਦੂਜਾ ਵਿਆਹ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਮੈਂ ਇਸ ਵਿਆਹ ਦਾ ਵਿਰੋਧ ਨਹੀਂ ਕਰਾਂਗਾ ਪਰ ਚੰਗਾ ਤਾਂ ਇਹੀ ਹੋਵੇਗਾ ਕਿ ਇਸ ਬਾਰੇ ਤੂੰ ਸ਼੍ਰੀ ਕ੍ਰਿਸ਼ਨ ਨਾਲ ਗੱਲਬਾਤ ਕਰ। ਹੁਣ ਮੈਨੂੰ ਤਾਂ ਕ੍ਰਿਸ਼ਨ ਅਤੇ ਬਲਰਾਮ ਨੇ ਅਰਾਮ ਕਰਨ ਲਈ ਕਹਿ ਦਿੱਤਾ ਹੈ। ਸਾਰੇ ਕੰਮ ਇਹ ਦੋਵੇਂ ਭਰਾ ਹੀ ਸਾਂਭਦੇ ਹਨ।''
''ਜਿਵੇਂ ਤੁਹਾਡੀ ਆਗਿਆ।'' ਵਜਰਨਾਭ ਨੇ ਦੋਵੇਂ ਹੱਥ ਜੋੜ ਕੇ ਕਿਹਾ। ਫਿਰ ਕਹਿਣ ਲੱਗਾ, ''ਤੁਸੀਂ ਸ਼੍ਰੀ ਕ੍ਰਿਸ਼ਨ ਜੀ ਨੂੰ ਇੰਨਾ ਕਹਿ ਦੇਣ ਦੀ ਤਾਂ ਮੈਨੂੰ ਆਗਿਆ ਦਿਓ ਕਿ ਤੁਸੀਂ ਇਸ ਵਿਆਹ ਬਾਰੇ ਮੇਰੇ ਵਿਚਾਰ ਨਾਲ ਸਹਿਮਤ ਹੋ।''
''ਬਿਨਾਂ ਸ਼ੱਕ, ਤੂੰ ਮੇਰੇ ਵੱਲੋਂ ਸ਼੍ਰੀ ਕ੍ਰਿਸ਼ਨ ਨੂੰ ਇਹ ਕਹਿ ਸਕਦਾ ਹੈਂ ਅਤੇ ਜੇਕਰ ਉਹ ਮੇਰੇ ਨਾਲ ਸਲਾਹ ਕਰਨੀ ਜ਼ਰੂਰੀ ਸਮਝੇਂਗਾ ਤਾਂ ਮੈਂ ਉਸ ਨੂੰ ਵੀ ਉਹ ਸਭ ਦੱਸਾਂਗਾ, ਜੋ ਤੈਨੂੰ ਕਿਹਾ ਹੈ।'' ਵਸੁਦੇਵ ਜੀ ਨੇ ਜਵਾਬ ਦਿੱਤਾ।
ਚਾਣੱਕਯ ਨੀਤੀ ਸੂਤਰ
NEXT STORY