ਸੁਖਮਨਾ ਵਿਚ ਪ੍ਰਵੇਸ਼ ਕਰਕੇ ਜਦ ਉਹ ਤ੍ਰਿਵੇਣੀ ਵਿਚ ਗੋਤਾ ਮਾਰਦਾ ਹੈ ਤਾਂ ਦਸਮ ਦੁਆਰ 'ਚ ਉਸ ਦਾ ਪ੍ਰਵੇਸ਼ ਹੁੰਦਾ ਹੈ। ਦਸਮ ਦੁਆਰ ਤੋਂ ਪਾਰ ਸਹੰਸਰਾਰ ਦੇ ਸਮੁੰਦਰ ਵਿਚ ਇਹ ਸਾਰੇ ਸੌ ਤੀਰਥ ਇਕਮਿਕ ਹੋ ਕੇ ਮਹਾਸ਼ਕਤੀ ਦੀਆਂ ਅੱਠ ((1) ਓ, ਅ, (2) ਕ, ਖ, ਗ, ਙ (3) ਚ, ਛ, ਜ, ਞ (4) ਟ, ਠ, ਡ, ਢ, ਣ (5) ਤ, ਥ, ਦ, ਧ, ਨ (6) ਪ, ਫ, ਬ, ਭ, ਮ (7) ਯ, ਰ, ਲ, ਵ (8) ਸ਼, ਸ, ਹ) ਸ਼ਕਤੀ ਧਾਰਾਵਾਂ ਦੇ ਰੂਪ 'ਚ ਪ੍ਰਗਟ ਹੁੰਦੀਆਂ ਹਨ। ਇਨ੍ਹਾਂ ਵਿਚ ਵੀ ਗੋਤਾ ਮਾਰ ਲੈਣ ਵਾਲਾ ਮਹਾਸਾਧਕ ਪ੍ਰਮਾਤਮੀ ਜੋਤਿ 'ਚ ਇਕਮਿਕ ਹੋ ਜਾਂਦਾ ਹੈ। ਇਹੀ ਸਾਰੇ '108' ਅਠਸਠਿ ਤੀਰਥ ਹਨ।
ਇਨ੍ਹਾਂ 'ਚ ਇਸ਼ਨਾਨ ਕਰਨ ਵਾਸਤੇ ਸਾਧਕ ਸਿੱਖ ਨੂੰ ਬਾਹਰ ਦੇ ਕਿਸੇ ਤੀਰਥ ਵਿਚ ਜਾਣ ਦੀ ਲੋੜ ਨਹੀਂ। ਗੁਰੂ ਸਾਹਿਬ ਦੱਸ ਰਹੇ ਹਨ -
ਅਠਸਠਿ ਤੀਰਥ ਗੁਰੂ ਸ਼ਬਦਿ ਦਿਖਾਏ ਤਿਤੁ ਨਾਤੈ ਮਲ ਜਾਏ (ਮ.੩, ਪੰ. 653)
ਇਹ ਸਾਰੇ ਅਠਸਠਿ ਤੀਰਥ ਸਵਾਸ- ਸਵਾਸ ਗੁਰੂ ਸ਼ਬਦ ਦਾ ਅਭਿਆਸ ਕਰਨ ਨਾਲ ਸਰੀਰ ਵਿਚ ਹੀ ਪ੍ਰਗਟ ਹੁੰਦੇ ਹਨ ਅਤੇ ਇਨ੍ਹਾਂ ਵਿਚ ਸਵਾਸ ਤੇ ਮਨ ਰਾਹੀਂ ਲੀਨ ਹੋ ਕੇ ਗੋਤਾ ਮਾਰਨ ਨਾਲ ਪ੍ਰਾਣੀ ਅਵਿੱਦਿਆ ਰੂਪੀ ਮਲ ਨੂੰ ਧੋ ਕੇ ਮੁਕਤ ਹੋ ਜਾਂਦਾ ਹੈ। ਅਠਸਠਿ ਤੀਰਥਾਂ ਦੀ ਗੱਲ ਤਾਂ ਹੋਈ ਕਿ ਇਨ੍ਹਾਂ ਵਿਚ ਗੋਤਾ ਮਾਰ ਕੇ ਸਾਧਕ ਸਿੱਖ ਪ੍ਰਮਾਤਮੀ ਜੋਤਿ ਵਿਚ ਇਕਮਿਕ ਹੋ ਜਾਂਦਾ ਹੈ ਪਰ ਗੁਰੂ ਸਾਹਿਬ ਇਹ ਵੀ ਦੱਸ ਰਹੇ ਹਨ ਕਿ ਤੀਰਥਾਂ ਵਿਚ ਗੋਤਾ ਮਾਰ ਕੇ ਕਿਵੇਂ ਦਸਮ ਦੁਆਰ ਦਾ ਭੇਦਨ ਹੁੰਦਾ ਹੈ। ਉਹ ਕਹਿੰਦੇ ਹਨ ''ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ'' ਜਦ ਸਿੱਖ ਦੀ ਸੁਰਤਿ ਇਨ੍ਹਾਂ ਤੀਰਥਾਂ ਵਿਚ ਗੋਤਾ ਮਾਰਦੀ ਹੈ ਤਾਂ ਉਸ ਨੂੰ ਅਨੇਕਾਂ ਨਾਦ ਨਗਾੜੇ ਵੱਜਦੇ ਸੁਣਾਈ ਦਿੰਦੇ ਹਨ ਅਤੇ ਸੁਰਤਿ ਵਿਚ ਪ੍ਰਮਾਤਮੀ ਜੋਤਿ ਦੇ ਦੈਵੀ ਗੁਣਾਂ ਰੂਪੀ ਰਤਨਾਂ ਦਾ ਪ੍ਰਗਟਾਵਾ ਵੀ ਹੋਣ ਲੱਗਦਾ ਹੈ। ਇਹ ਨਹੀਂ ਹੋ ਸਕਦਾ ਕਿ ਚੱਕਰ ਰੂਪੀ ਤੀਰਥਾਂ ਦਾ ਇਸ਼ਨਾਨ ਸਾਧਕ ਕਰ ਰਿਹਾ ਹੋਵੇ ਤੇ ਉਸ ਨੂੰ ਅਨਹਦ ਨਾਦ ਸੁਣਾਈ ਨਾ ਦੇਣ ਅਤੇ ਉਸ ਦੇ ਕਾਮ, ਕ੍ਰੋਧ, ਲੋਭ ਰੂਪੀ ਵਿਕਾਰ ਕੰਡੇ ਨਸ਼ਟ ਹੋ ਕੇ ਦੈਵੀ ਗੁਣਾਂ ਦੇ ਰਤਨਾਂ ਦਾ ਪ੍ਰਕਾਸ਼ ਨਾ ਹੋਵੇ।
ਗੁਰਦੁਆਰਾ ਮਹਿਦੀਆਣਾ ਸਾਹਿਬ
NEXT STORY