ਪੱਟੀ : ਪਿੰਡ ਤੂਤ ਦੀ ਇਕ ਨਵ ਵਿਆਹੀ ਲੜਕੀ ਨੂੰ ਸਹੁਰਿਆਂ ਵਲੋਂ ਗਲਾ ਘੁੱਟ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਕਾਰੀ ਹਸਪਤਾਲ ਪੱਟੀ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਮਨਜੀਤ ਕੌਰ (21) ਦੇ ਪਿਤਾ ਸਰਦੂਲ ਸਿੰਘ ਅਤੇ ਮਾਤਾ ਦਰਸ਼ਨ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸ਼ਨੀਵਾਰ 29 ਨਵੰਬਰ ਨੂੰ ਪਿੰਡ ਭੰਗਾਲਾ ਦੇ ਗੁਰਜੀਤ ਸਿੰਘ ਜੋ ਕਿ ਪੇਸ਼ੇ ਤੋਂ ਅਧਿਆਪਕ ਹੈ ਨਾਲ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਇੰਨਾ ਹੀ ਨਹੀਂ ਦਾਜ 'ਚ ਆਲਟੋ ਕਾਰ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਦੀ ਧੀ ਦੀ ਡੋਲੀ ਸਹੁਰੇ ਘਰ ਪਹੁੰਚੀ ਤਾਂ ਉਹ ਉਸੇ ਵੇਲੇ ਲੜਕੀ ਨੂੰ ਤਾਅਨੇ-ਮੇਹਣੇ ਦੇਣ ਲੱਗ ਪਏ ਕਿ ਸਾਨੂੰ ਆਲਟੋ ਨਹੀਂ ਸਵਿਫਟ ਕਾਰ ਚਾਹੀਦੀ ਹੈ। ਇਸੇ ਨੂੰ ਲੈ ਕੇ ਵਿਆਹ ਤੋਂ ਅਗਲੀ ਰਾਤ ਹੀ ਉਸਦੇ ਪਤੀ ਨੇ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਖਬਰ ਸਾਨੂੰ ਪਿੰਡ ਦੇ ਸਰਪੰਚ ਰਾਹੀਂ ਸਵੇਰੇ 7 ਵਜੇ ਮਿਲੀ ਅਤੇ ਜਦੋਂ ਅਸੀਂ ਆਪਣੀ ਲੜਕੀ ਨੂੰ ਵੇਖਣ ਲਈ ਪੁੱਜੇ ਤਾਂ ਉਹ ਸਦਾ ਦੀ ਨੀਂਦ ਸੌਂ ਚੁੱਕੀ ਸੀ। ਮ੍ਰਿਤਕਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਸੀਂ ਕਰਜਾ ਚੁੱਕ ਕੇ ਲੱਖਾਂ ਰੁਪਏ ਵਿਆਹ ਉੱਪਰ ਖਰਚ ਕੀਤੇ ਸਨ ਅਤੇ ਅਜੇ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦੀ ਭਾਜੀ ਵੀ ਨਹੀਂ ਦਿੱਤੀ ਸੀ ਕਿ ਦਾਜ ਦੇ ਲਾਲਚੀਆਂ ਨੇ ਮਨਜੀਤ ਨੂੰ ਮਾਰ ਦਿੱਤਾ। ਪੁਲਸ ਥਾਣਾ ਪੱਟੀ ਦੇ ਮੁਖੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਗੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ (ਜੇਠ) ਅਮਰਜੀਤ ਕੌਰ ਜੇਠਾਨੀ, ਰਾਜਵਿੰਦਰ ਕੌਰ ਭੈਣ ਅਤੇ ਭਣਵਈਆ ਬਸੰਤ ਸਿੰਘ ਵਿਰੁੱਧ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ-ਹਰਿਆਣਾ ਹਾਈਕੋਰਟ ਬਣੀ ਦੇਸ਼ ਦੀ ਪਹਿਲੀ ਵਾਈ-ਫਾਈ ਹਾਈਕੋਰਟ
NEXT STORY