ਬਠਿੰਡਾ(ਬਲਵਿੰਦਰ)-ਸਥਾਨਕ ਅਦਾਲਤ ਨੇ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ 1 ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਬਲੌਰ ਸਿੰਘ ਵਾਸੀ ਬਹਾਦੁਰਗੜ੍ਹ ਜੰਡੀਆ ਨੇ ਥਾਣਾ ਨੰਦਗੜ੍ਹ ਪੁਲਸ ਕੋਲ 13 ਜੁਲਾਈ 2013 ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਕੰਮ 'ਤੇ ਗਿਆ ਹੋਇਆ ਸੀ ਤੇ ਉਸ ਦੀ ਇਕ ਨਾਬਾਲਿਗ ਭੈਣ ਤੇ ਭਾਣਜੀ ਦੋਵੇਂ ਘਰ 'ਚ ਸਨ। ਸ਼ਾਮ ਨੂੰ ਪਰਤਨ 'ਤੇ ਉਹ ਦੋਵੇਂ ਘਰ 'ਚ ਨਹੀਂ ਮਿਲੀਆਂ। ਜਾਂਚ ਦੌਰਾਨ ਪਤਾ ਚੱਲਿਆ ਕਿ ਪਿੰਡ ਦਾ ਇਕ ਨੌਜਵਾਨ ਇਕਬਾਲ ਸਿੰਘ ਉਰਫ ਨਿੱਕਾ ਉਸ ਦੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਜਦਕਿ ਉਸ ਤੋਂ ਵੀ ਛੋਟੀ ਉਮਰ ਦੀ ਉਸ ਦੀ ਭਾਣਜੀ ਨੂੰ ਵੀ ਆਪਣੇ ਨਾਲ ਲੈ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਇਸ ਕੰਮ 'ਚ ਮੁਲਜ਼ਮ ਦੇ ਪਿਤਾ ਕਾਕਾ ਸਿੰਘ ਤੇ ਮਾਤਾ ਜਸਵੀਰ ਕੌਰ ਨੇ ਵੀ ਉਸ ਦਾ ਸਾਥ ਦਿੱਤਾ। ਪੁਲਸ ਨੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕੁਝ ਹੀ ਸਮੇਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦੋਵੇਂ ਲੜਕੀਆਂ ਨੂੰ ਬਰਾਮਦ ਕਰ ਲਿਆ। ਉਕਤ ਨਾਬਾਲਿਗ ਲੜਕੀ ਦਾ ਮੈਡੀਕਲ ਕਰਵਾਉਣ 'ਤੇ ਉਸ ਨਾਲ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਹੋ ਗਈ, ਜਿਸ ਦੇ ਆਧਾਰ 'ਤੇ ਪੁਲਸ ਨੇ ਕੇਸ 'ਚ ਜਬਰ-ਜ਼ਨਾਹ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ। ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਵਧੀਕ ਸੈਸ਼ਨ ਜੱਜ ਰਾਜਵਿੰਦਰ ਕੌਰ ਨੇ ਇਕਬਾਲ ਸਿੰਘ ਨਿੱਕਾ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਤੇ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ 2 ਸਾਲ ਦੀ ਵੱਖਰੀ ਸਜ਼ਾ ਭੁਗਤਣੀ ਹੋਵੇਗੀ। ਉਕਤ ਮਾਮਲੇ ਵਿਚ ਮੁਲਜ਼ਮ ਦੇ ਮਾਂ-ਬਾਪ ਨੂੰ ਅਦਾਲਤ ਨੇ ਬਰੀ ਕਰ ਦਿੱਤਾ।
ਨਸ਼ੀਲੇ ਪਦਾਰਥਾਂ ਸਣੇ 3 ਕਾਬੂ
NEXT STORY