ਪਿਤਾ ਗੁਲਸ਼ਨ ਮੀਰ ਨੇ ਜ਼ਿਦ ਛੱਡੀ, ਬੇਟੀ ਅਤੇ ਜਵਾਈ ਨੂੰ ਅਪਣਾਇਆ
ਫਿਲੌਰ, (ਅੰਮ੍ਰਿਤ)- ਚਾਰ ਮਹੀਨੇ ਦੇ ਲੰਬ ਤੋੜ-ਵਿਛੋੜੇ ਤੋਂ ਬਾਅਦ ਪੰਜਾਬ ਦੀਆਂ ਸੂਫੀ ਗਾਇਕ ਭੈਣਾਂ ਦੀ ਜੋੜੀ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੀ ਜੋੜੀ ਫਿਰ ਇਕੱਠੀ ਹੋ ਗਈ। ਲੰਬੇ ਸਮੇਂ ਦੀ ਖਿੱਚੋਤਾਣ ਅਤੇ ਅਦਾਲਤੀ ਮੁਕੱਦਮਿਆਂ ਵਿਚ ਉਲਝਣ ਤੋਂ ਬਾਅਦ ਆਖਿਰਕਾਰ ਜੋਤੀ ਨੂਰਾਂ ਦੇ ਪਿਤਾ ਗੁਲਸ਼ਨ ਮੀਰ ਨੇ ਆਪਣੀ ਜ਼ਿਦ ਛੱਡ ਦਿੱਤੀ ਅਤੇ ਆਪਣੀ ਬੇਟੀ ਦੇ ਘਰੋਂ ਭੱਜ ਕੇ ਕਰਵਾਏ ਪ੍ਰੇਮ ਵਿਆਹ 'ਤੇ 4 ਮਹੀਨੇ ਤੋਂ ਬਾਅਦ ਮੋਹਰ ਲਗਾ ਦਿੱਤੀ ਅਤੇ ਆਪਣੀ ਬੇਟੀ ਅਤੇ ਉਸਦੇ ਪਤੀ ਕੁਨਾਲ ਪਾਸੀ ਦੋਵਾਂ ਨੂੰ ਅਪਣਾ ਲਿਆ, ਜਿਸ 'ਤੇ ਨੂਰਾਂ ਭੈਣਾਂ ਦੀ ਜੋੜੀ ਹੁਣ ਫਿਰ ਤੋਂ ਇਕੱਠੀ ਗਾਉਂਦੀ ਦਿਖਾਈ ਦੇਵੇਗੀ ।
ਜੋਤੀ ਨੂਰਾਂ ਦੇ ਸਹੁਰੇ ਘਰ ਆਉਣ ਤੋਂ ਬਾਅਦ ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਦੋਵਾਂ ਭੈਣਾਂ ਦੀ ਜੋੜੀ ਭਵਿੱਖ ਵਿਚ ਕਦੇ ਸੁਣਨ ਨੂੰ ਵੀ ਮਿਲੇਗੀ ਪਰ ਬੀਤੇ ਦਿਨੀਂ ਜੋਤੀ ਨੂਰਾਂ ਦੇ ਸਹੁਰੇ ਪਰਿਵਾਰ ਵਾਲਿਆਂ ਕੋਲ ਪਿਤਾ ਗੁਲਸ਼ਨ ਮੀਰ ਨੇ ਸਮਝੌਤੇ ਦਾ ਪ੍ਰਸਤਾਵ ਰੱਖਿਆ, ਜਿਸ 'ਤੇ ਜੋਤੀ ਨੂਰਾਂ ਅਤੇ ਉਸਦੇ ਪਤੀ ਕੁਨਾਲ ਅਤੇ ਹੋਰਨਾਂ ਪਰਿਵਾਰ ਵਾਲਿਆਂ ਨੇ ਇਕੱਠਿਆਂ ਬੈਠ ਕੇ, ਜਿੱਥੇ ਉਨ੍ਹਾਂ ਦੇ ਪਿਤਾ ਨੇ ਆਪਣੀ ਬੇਟੀ ਵਲੋਂ ਕਰਵਾਏ ਗਏ ਪ੍ਰੇਮ ਵਿਆਹ 'ਤੇ ਸਹਿਮਤੀ ਦੀ ਮੋਹਰ ਲਗਾਉਂਦੇ ਹੋਏ ਆਪਣੀ ਬੇਟੀ ਅਤੇ ਜਵਾਈ ਦੋਵਾਂ ਨੂੰ ਅਪਣਾ ਲਿਆ, ਉਥੇ ਦੋਵਾਂ ਭੈਣਾਂ ਜੋਤੀ ਅਤੇ ਸੁਲਤਾਨਾ ਨੇ ਇਕ ਦੂਜੇ ਦੇ ਗਲੇ ਮਿਲ ਕੇ ਇਕੱਠਿਆਂ ਗਾਉਣ ਦਾ ਐਲਾਨ ਕੀਤਾ ।
ਜੋਤੀ ਨੂਰਾਂ ਨੇ ਸਪੱਸ਼ਟ ਕਿਹਾ ਹੈ ਕਿ ਉਸਦਾ ਪਤੀ ਘਰ ਜਵਾਈ ਨਹੀਂ ਬਣੇਗਾ ਅਤੇ ਉਹ ਆਪਣੇ ਸਹੁਰੇ ਘਰ ਫਿਲੌਰ ਵਿਚ ਹੀ ਰਹੇਗੀ ਅਤੇ ਹਮੇਸ਼ਾ ਗਾਏਗੀ ਆਪਣੀ ਭੈਣ ਦੇ ਨਾਲ ਹੀ। ਜੋਤੀ ਨੇ ਮਿਲੀ ਸੁਰੱਖਿਆ ਦੇ ਸਬੰਧ ਵਿਚ ਪੁੱਛਣ 'ਤੇ ਕਿਹਾ ਕਿ ਉਸ ਨੂੰ ਹੁਣ ਕੋਈ ਖਤਰਾ ਨਹੀਂ ਹੈ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਅਪਣਾ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਭੈਣਾਂ ਨੂੰ ਦੁਬਾਰਾ ਮਿਲਾਉਣ ਵਿਚ ਨੂਰਾਂ ਦੇ ਪਤੀ ਕੁਨਾਲ ਪਾਸੀ ਨੇ ਅਹਿਮ ਰੋਲ ਅਦਾ ਕੀਤਾ, ਜਿਸ ਵਿਚ ਇਹ ਜੋੜੀ ਇਕ ਵਾਰ ਫਿਰ ਤੋਂ ਇਕੱਠੀ ਹੋ ਗਈ । ਦੋਵਾਂ ਭੈਣਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਉਨ੍ਹਾਂ ਨੂੰ ਪਿਆਰ ਦੇਣ ਅਤੇ ਉਹ 13 ਦਸੰਬਰ ਨੂੰ ਮੰਡਾਲੀ ਸ਼ਰੀਫ ਦੇ 3 ਦਿਨ ਚੱਲਣ ਵਾਲੇ ਧਾਰਮਿਕ ਮੇਲੇ 'ਚ ਇਕੱਠੀਆਂ ਗਾਉਣਗੀਆਂ ।
ਮਹਿਲਾ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਲਈ ਬਾਦਲ ਨੈਤਿਕ ਤੌਰ 'ਤੇ ਜ਼ਿੰਮੇਵਾਰ : ਬਾਜਵਾ
NEXT STORY