ਜਲੰਧਰ, (ਧਵਨ) - ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਜੰਮੂ ਖੇਤਰ ਦੇ ਗਾਂਧੀ ਨਗਰ ਵਿਚ ਭਾਜਪਾ ਰੈਲੀ ਦੇ ਬਾਅਦ ਉਨ੍ਹਾਂ ਦੇ ਵਿਰੁੱਧ ਹੋਏ ਰੋਸ ਪ੍ਰਦਰਸ਼ਨ ਦੇ ਲਈ ਦੋਹਾਂ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਉਕਤ ਪ੍ਰਦਰਸ਼ਨਕਾਰੀ ਬਾਦਲ ਪ੍ਰਾਯੋਜਿਤ ਸਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਬਾਦਲਾਂ ਵਿਚ ਉਨ੍ਹਾਂ ਦੀਆਂ ਜੰਮੂ ਕਸ਼ਮੀਰ ਵਿਚ ਹੋ ਰਹੀਆਂ ਸਫਲ ਰੈਲੀਆਂ ਨੂੰ ਲੈ ਕੇ ਘਬਰਾਹਟ ਪੈਦਾ ਹੋ ਗਈ ਹੈ, ਜਿਸ ਕਾਰਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦੇ ਇਸ਼ਾਰਿਆਂ 'ਤੇ ਉਨ੍ਹਾਂ ਦੇ ਚੋਣਵੇਂ ਸਮਰਥਕਾਂ ਨੇ ਗਾਂਧੀ ਨਗਰ ਵਿਚ 'ਸਿੱਧੂ ਗੋ ਬੈਕ' 'ਸਿੱਧੂ ਗੋ ਬੈਕ' ਦੇ ਨਾਅਰੇ ਲਗਾਏ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਆਖਿਰ ਦੋਹਾਂ ਬਾਦਲਾਂ ਵਿਚ ਉਨ੍ਹਾਂ ਨੂੰ ਲੈ ਕੇ ਅਸੁਰੱਖਿਆ ਦੀ ਭਾਵਨਾ ਕਿਉਂ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਜੰਮੂ ਰਿਜ਼ਨ ਦੀ ਘਟਨਾ ਦੇ ਬਾਅਦ ਉਨ੍ਹਾਂ ਦੀ ਦਿੱਖ ਪ੍ਰਭਾਵਿਤ ਹੋ ਸਕਦੀ ਹੈ, ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਮੇਰੀ ਦਿੱਖ ਨਹੀਂ ਸਗੋਂ ਇਸ ਨਾਲ ਅਕਾਲੀ ਦਲ ਦੀ ਦਿੱਖ ਖਰਾਬ ਹੋਈ ਹੈ।
ਸਿੱਧੂ ਨੇ ਕਿਹਾ ਕਿ ਬਾਦਲ ਪ੍ਰਾਯੋਜਿਤ ਸਮਰਥਕਾਂ ਨੂੰ ਭਾਜਪਾ ਦੀ ਰੈਲੀ ਵਿਚ ਤਾਂ ਆਉਣ ਨਹੀਂ ਦਿੱਤਾ ਗਿਆ ਸੀ ਪਰ ਜਦੋਂ ਉਹ ਗਾਂਧੀ ਨਗਰ ਦੀ ਗਲੀ ਤੋਂ ਵਾਪਸ ਜਾ ਰਹੇ ਸਨ ਤਾਂ ਕੁਝ ਲੋਕ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਨ ਲਈ ਪਹੁੰਚ ਗਏ।
ਸਿੱਧੂ ਨੇ ਕਿਹਾ ਕਿ ਕਦੇ ਬਾਦਲ ਪ੍ਰਤੱਖ ਤੌਰ 'ਤੇ ਉਨ੍ਹਾਂ 'ਤੇ ਵਾਰ ਕਰਦੇ ਹਨ ਤਾਂ ਕਦੇ ਉਨ੍ਹਾਂ ਦੀ ਸਰਕਾਰ ਤੋਂ ਫਾਇਦਾ ਲੈਣ ਵਾਲੀਆਂ ਕਠਪੁਤਲੀਆਂ ਨੂੰ ਭੇਜ ਦਿੰਦੇ ਹਨ ਪਰ ਉਹ ਬਾਦਲਾਂ ਦੇ ਸਾਹਮਣੇ ਝੁਕਣ ਵਾਲੇ ਨਹੀਂ ਹਨ। ਧਰਮ ਦੇ ਨਾਂ 'ਤੇ ਬਾਦਲ ਸਿਆਸਤ ਕਰ ਰਹੇ ਹਨ, ਜਿਨ੍ਹਾਂ ਦਾ ਕੰਮ ਲੋਕਾਂ ਨੂੰ ਵੰਡਣਾ ਅਤੇ ਉਨ੍ਹਾਂ ਵਿਚ ਫੁੱਟ ਪਾਉਣੀ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਹ ਅਜਿਹੇ ਪ੍ਰਦਰਸ਼ਨਾਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਵਿਚ ਅਸਰੁੱਖਿਆ ਦੀ ਭਾਵਨਾ ਹੈ। ਇਹ ਪੁੱਛੇ ਜਾਣ 'ਤੇ ਕਿ ਅਕਾਲੀ ਦਲ ਦੇ ਵਿਰੁੱਧ ਬਿਆਨਬਾਜ਼ੀ ਕਰਨ 'ਤੇ ਬਾਦਲ ਉਨ੍ਹਾਂ ਦੀ ਸ਼ਿਕਾਇਤ ਭਾਜਪਾ ਲੀਡਰਸ਼ਿਪ ਨੂੰ ਕਰ ਸਕਦੇ ਹਨ, ਸਿੱਧੂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਮੇਰੀ ਸ਼ਿਕਾਇਤ ਕੀਤੀ ਸੀ। ਹੁਣ ਵੀ ਉਹ ਅਜਿਹਾ ਕਰ ਕੇ ਦੇਖ ਲੈਣ। ਭਾਜਪਾ ਨੇਤਾ ਨੇ ਕਿਹਾ ਕਿ ਮੈਂ ਕਦੇ ਵੀ ਪਿੱਛਿਓਂ ਵਾਰ ਨਹੀਂ ਕੀਤਾ ਪਰ ਬਾਦਲਾਂ ਨੇ ਹਮੇਸ਼ਾ ਉਨ੍ਹਾਂ ਦੀ ਪਿੱਠ ਦੇ ਪਿੱਛੇ ਛੁਰਾ ਮਾਰਿਆ ਹੈ। ਅੰਮ੍ਰਿਤਸਰ ਦੀ ਅੱਜ ਕੀ ਹਾਲਤ ਹੈ, ਇਸ ਦੇ ਲਈ ਬਾਦਲ ਹੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਤਾਂ ਅੰਮ੍ਰਿਤਸਰ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ਸੀ। ਅੰਮ੍ਰਿਤਸਰ ਦੇ ਲਈ ਉਨ੍ਹਾਂ ਨੇ ਆਪਣਾ ਘਰ ਅਤੇ ਪਰਿਵਾਰ ਛੱਡ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਭਾਵੇਂ ਹੁਣ ਬਾਦਲ ਪੰਥਕ ਏਜੰਡਾ ਅਪਣਾ ਲੈਣ ਜਾਂ ਸਿੱਖ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰਨ ਪਰ ਹੁਣ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ ਹੈ। ਨਿੱਜੀ ਸਵਾਰਥਾਂ ਦੇ ਲਈ ਬਾਦਲ ਨੇ ਸਿਆਸਤ ਕੀਤੀ। ਹੁਣ ਲੋਕ ਉਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ।
ਨਸ਼ੇ ਖਿਲਾਫ ਜਾਗਰੂਕਤਾ ਮੁਹਿੰਮ ਚਲਾਏਗੀ ਭਾਜਪਾ : ਕਮਲ ਸ਼ਰਮਾ
NEXT STORY