ਸ਼੍ਰੀ ਹਨੂਮਾਨ ਜੀ ਭਗਵਾਨ ਸ਼੍ਰੀਰਾਮ ਦੇ ਸਰਵਉੱਤਮ ਦਾਸ ਭਗਤ ਹਨ। ਉਨ੍ਹਾਂ ਦਾ ਜਨਮ ਵਾਯੂਦੇਵ ਦੇ ਅੰਸ਼ ਤੋਂ ਅਤੇ ਮਾਤਾ ਅੰਜਨੀ ਦੇ ਗਰਭ ਤੋਂ ਹੋਇਆ ਸੀ। ਸ਼੍ਰੀ ਹਨੂਮਾਨ ਜੀ ਬਾਲ ਬ੍ਰਹਮਚਾਰੀ, ਮਹਾਵੀਰ, ਬਲਵਾਨ, ਵੱਡੇ ਬੁੱਧੀਮਾਨ, ਵਿਦਵਾਨ, ਧਰਮ ਸੇਵਾ ਦੇ ਆਚਾਰੀਆ, ਭਗਵਾਨ ਦੇ ਤੱਤ, ਰਹੱਸ, ਗੁਣ ਅਤੇ ਪ੍ਰਭਾਵ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਪਰਮ ਪ੍ਰੇਮੀ ਭਗਤ ਤੇ ਸਦਾਚਾਰੀ ਮਹਾਤਮਾ ਹਨ। ਉਹ ਯੁੱਧ ਵਿੱਦਿਆ 'ਚ ਬਹੁਤ ਹੀ ਨਿਪੁੰਨ, ਇੱਛਾ ਅਨੁਸਾਰ ਰੂਪ ਧਾਰਨ ਕਰਨ 'ਚ ਸਮਰੱਥ ਸਨ। ਕਿਹਾ ਜਾਂਦਾ ਹੈ ਕਿ ਹੁਣ ਵੀ ਜਿਥੇ ਸ਼੍ਰੀਰਾਮ ਦੀ ਕਥਾ ਜਾਂ ਕੀਰਤਨ ਹੁੰਦਾ ਹੈ, ਉਥੇ ਸ਼੍ਰੀ ਹਨੂਮਾਨ ਜੀ ਕਿਸੇ ਨਾ ਕਿਸੇ ਵੇਸ 'ਚ ਹਾਜ਼ਰ ਰਹਿੰਦੇ ਹਨ।
ਪਹਿਲਾਂ ਜਦੋਂ ਪੰਪਾ ਸਰੋਵਰ 'ਤੇ ਸ਼੍ਰੀਰਾਮ ਅਤੇ ਲਕਸ਼ਮਣ ਨਾਲ ਸ਼੍ਰੀ ਹਨੂਮਾਨ ਜੀ ਮਿਲੇ, ਉਹ ਪ੍ਰਸੰਗ ਦੇਖਣ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਹਨੂਮਾਨ ਜੀ 'ਚ ਪ੍ਰੇਮ ਅਤੇ ਸ਼ਰਧਾ ਆਦਿ ਗੁਣ ਬੜੇ ਹੀ ਵਿਲੱਖਣ ਹਨ। ਆਪਣੇ ਮੰਤਰੀਆਂ ਸਮੇਤ ਰਿਸ਼ੇਯਮੂਕ ਪਰਬਤ 'ਤੇ ਬੈਠੇ ਹੋਏ ਸੁਗਰੀਵ ਦੀ ਦ੍ਰਿਸ਼ਟੀ ਪੰਪਾ ਸਰੋਵਰ ਵੱਲ ਜਾਂਦੀ ਹੈ ਤਾਂ ਉਹ ਦੇਖਦੇ ਹਨ ਕਿ ਹੱਥਾਂ 'ਚ ਧਨੁਸ਼ ਬਾਣ ਫੜੇ ਹੋਏ ਬੜੇ ਸੁੰਦਰ ਦੋ ਵੀਰ ਪੁਰਸ਼ ਇਸ ਪਾਸੇ ਆ ਰਹੇ ਹਨ। ਉਨ੍ਹਾਂ ਨੂੰ ਦੇਖਦੇ ਹੀ ਸੁਗਰੀਵ ਹੈਰਾਨ ਹੋ ਕੇ ਸ਼੍ਰੀ ਹਨੂਮਾਨ ਜੀ ਨੂੰ ਕਹਿੰਦੇ ਹਨ ਕਿ ਹੇ ਹਨੂਮਾਨ! ਤੁਸੀਂ ਜਾ ਕੇ ਇਸ ਦੀ ਪ੍ਰੀਖਿਆ ਤਾਂ ਲਵੋ। ਜੇਕਰ ਉਹ ਬਾਲੀ ਦੇ ਭੇਜੇ ਹੋਏ ਹੋਣ ਤਾਂ ਮੈਨੂੰ ਇਸ਼ਾਰੇ ਨਾਲ ਸਮਝਾ ਦੇਣਾ, ਜਿਸ ਨਾਲ ਮੈਂ ਇਸ ਪਰਬਤ ਨੂੰ ਛੱਡ ਕੇ ਤੁਰੰਤ ਹੀ ਦੌੜ ਜਾਵਾਂਗਾ।
ਸੁਗਰੀਵ ਦੀ ਆਗਿਆ ਲੈ ਕੇ ਹਨੂਮਾਨ ਜੀ ਬ੍ਰਹਮਚਾਰੀ ਦਾ ਰੂਪ ਧਾਰ ਕੇ ਉਥੇ ਜਾਂਦੇ ਹਨ ਅਤੇ ਸ਼੍ਰੀਰਾਮ ਚੰਦਰ ਜੀ ਨੂੰ ਪ੍ਰਣਾਮ ਕਰਦੇ ਉਨ੍ਹਾਂ ਨੂੰ ਪ੍ਰਸ਼ਨ ਕਰਦੇ ਹਨ। ਇਸ ਤੋਂ ਇਲਾਵਾ ਇਥੇ ਸ਼੍ਰੀਰਾਮ ਚੰਦਰ ਜੀ ਭਰਾ ਲਕਸ਼ਮਣ ਨੂੰ ਹਨੂਮਾਨ ਜੀ ਦੀ ਮਹਾਨਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦੇ ਹਨ ਲਕਸ਼ਮਣ! ਦੇਖੋ, ਇਹ ਬ੍ਰਹਮਚਾਰੀ ਦੇ ਭੇਸ 'ਚ ਕਿੰਨਾ ਸੁੰਦਰ ਭਾਸ਼ਣ ਕਰਦਾ ਹੈ, ਜ਼ਰੂਰ ਹੀ ਇਸ ਨੇ ਸੰਪੂਰਨ ਸ਼ਬਦ ਸ਼ਾਸਤਰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੈ। ਇਸ ਨੇ ਇੰਨੀਆਂ ਗੱਲਾਂ ਕੀਤੀਆਂ ਪਰ ਇਸ ਨੂੰ ਬੋਲਣ 'ਚ ਕਿਤੇ ਕੋਈ ਵੀ ਮੁਸ਼ਕਿਲ ਨਹੀਂ ਹੋਈ ਅਤੇ ਇਸ ਨੇ ਵੇਦਾਂ ਦਾ ਅਭਿਆਸ ਵੀ ਕੀਤਾ ਹੈ, ਨਹੀਂ ਤਾ ਇਹ ਇਸ ਤਰ੍ਹਾਂ ਦਾ ਭਾਸ਼ਣ ਕਿਵੇਂ ਕਰ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਨਾਲ ਸ਼੍ਰੀ ਹਨੂਮਾਨ ਜੀ ਦੇ ਵਚਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹ ਆਖਿਰ 'ਚ ਕਹਿੰਦੇ ਹਨ ਕਿ ਜਿਸ ਰਾਜੇ ਕੋਲ ਅਜਿਹੇ ਬੁੱਧੀਮਾਨ ਦੂਤ ਹੋਣ, ਉਸ ਦੇ ਸਾਰੇ ਕਾਰਜ ਦੂਤ ਦੀ ਗੱਲਬਾਤ ਤੋਂ ਹੀ ਸਿੱਧ ਹੋ ਜਾਂਦੇ ਹਨ। ਭਗਵਾਨ ਸ਼੍ਰੀਰਾਮ ਚੰਦਰ ਜੀ ਨੇ ਆਪਣੀ ਜਾਣਕਾਰੀ ਦੇ ਕੇ ਸ਼੍ਰੀ ਹਨੂਮਾਨ ਜੀ ਨੂੰ ਪੁੱਛਿਆ ਕਿ ਬ੍ਰਾਹਮਣ! ਦੱਸੋ, ਤੁਸੀਂ ਕੌਣ ਹੋ? ਇਹ ਸੁਣਦੇ ਹੀ ਹਨੂਮਾਨ ਜੀ ਸ਼੍ਰੀਰਾਮ ਨੂੰ ਚੰਗੀ ਤਰ੍ਹਾਂ ਪਛਾਣ ਕੇ ਤੁਰੰਤ ਹੀ ਉਨ੍ਹਾਂ ਦੇ ਚਰਨਾਂ 'ਚ ਡਿੱਗ ਪੈਂਦੇ ਹਨ, ਉਨ੍ਹਾਂ ਦਾ ਸਰੀਰ ਪੁਲਕਿਤ ਹੋ ਜਾਂਦਾ ਹੈ, ਮੂੰਹ ਤੋਂ ਬੋਲਿਆ ਨਹੀਂ ਜਾਂਦਾ, ਉਹ ਟਕਟਕੀ ਲਗਾ ਕੇ ਭਗਵਾਨ ਦੇ ਰੂਪ ਨੂੰ ਨਿਹਾਰਨ ਲੱਗਦੇ ਹਨ। ਕਿੰਨਾ ਅਲੌਕਿਕ ਪ੍ਰੇਮ ਹੈ। ਇਸ ਤੋਂ ਬਾਅਦ ਨਿਮਰਤਾ ਨਾਲ ਸੁਗਰੀਵ ਬਾਰੇ ਦੱਸ ਕੇ ਦੋਵਾਂ ਭਾਈਆਂ ਨੂੰ ਆਪਣੀ ਪਿੱਠ 'ਤੇ ਚੜ੍ਹਾ ਕੇ ਉਹ ਸੁਗਰੀਵ ਕੋਲ ਲੈ ਜਾਂਦੇ ਹਨ। ਉਥੇ ਉਹ ਸੁਗਰੀਵ ਤੇ ਸ਼੍ਰੀਰਾਮ ਜੀ ਦੀ ਮਿੱਤਰਤਾ ਕਰਵਾ ਦਿੰਦੇ ਹਨ। ਬਾਲੀ ਦਾ ਵਧ ਕਰਕੇ ਭਗਵਾਨ ਸ਼੍ਰੀਰਾਮ ਭਰਾ ਲਕਸ਼ਮਣ ਸਮੇਤ ਪਰਵਰਸ਼ਣ ਪਰਬਤ 'ਤੇ ਨਿਵਾਸ ਕਰਕੇ ਵਰਖਾ ਰੁੱਤ ਦਾ ਸਮਾਂ ਬਤੀਤ ਕਰਦੇ ਹਨ। ਉਧਰ ਸੁਗਰੀਵ ਭੋਗ ਵਿਲਾਸ 'ਚ ਰੁੱਝ ਜਾਣ ਕਰਕੇ ਭਗਵਾਨ ਦੇ ਕੰਮ ਨੂੰ ਭੁੱਲ ਜਾਂਦੇ ਹਨ। ਇਹ ਦੇਖ ਕੇ ਹਨੂਮਾਨ ਜੀ ਰਾਜਨੀਤੀ ਅਨੁਸਾਰ ਸੁਗਰੀਵ ਨੂੰ ਭਗਵਾਨ ਦੇ ਕੰਮ ਦੀ ਯਾਦ ਕਰਵਾਉਂਦੇ ਹਨ ਅਤੇ ਉਨ੍ਹਾਂ ਦੀ ਆਗਿਆ ਲੈ ਕੇ ਵਾਨਰਾਂ ਨੂੰ ਬੁਲਾਉਣ ਲਈ ਕਈ ਦੇਸ਼ਾਂ 'ਚ ਦੂਤ ਭੇਜਦੇ ਹਨ। ਕਿਹੋ ਜਿਹੀ ਸਮਝਦਾਰੀ ਹੈ। ਇਸ ਤੋਂ ਬਾਅਦ ਜਦੋਂ ਸ਼੍ਰੀ ਸੀਤਾ ਜੀ ਦੀ ਭਾਲ ਲਈ ਸਾਰੀਆਂ ਦਿਸ਼ਾਵਾਂ 'ਚ ਵਾਨਰਾਂ ਨੂੰ ਭੇਜਣ ਦੀ ਗੱਲਬਾਤ ਹੋ ਰਹੀ ਸੀ, ਉਸ ਸਮੇਂ ਦਾ ਵਰਣਨ ਵਾਲਮੀਕਿ ਰਾਮਾਇਣ 'ਚ ਦੇਖਣ ਤੋਂ ਪਤਾ ਲੱਗਦਾ ਹੈ। ਸੁਗਰੀਵ ਦਾ ਹਨੂਮਾਨ ਜੀ 'ਤੇ ਜਿੰਨਾ ਭਰੋਸਾ ਤੇ ਵਿਸ਼ਵਾਸ ਸੀ ਅਤੇ ਭਗਵਾਨ ਸ਼੍ਰੀਰਾਮ ਨੂੰ ਵੀ ਉਨ੍ਹਾਂ ਦੀ ਕਾਰਜਕੁਸ਼ਲਤਾ 'ਤੇ ਬਹੁਤ ਵਿਸ਼ਵਾਸ ਸੀ।
ਇਸ ਤਰ੍ਹਾਂ ਸੁਗਰੀਵ ਦੀਆਂ ਗੱਲਾਂ ਸੁਣ ਕੇ ਭਗਵਾਨ ਸ਼੍ਰੀਰਾਮ ਹਨੂਮਾਨ ਜੀ ਵੱਲ ਦੇਖ ਕੇ ਆਪਣਾ ਕਾਰਜ ਸਿੱਧ ਹੋਇਆ ਹੀ ਸਮਝਣ ਲੱਗੇ। ਉਨ੍ਹਾਂ ਨੇ ਮਨ ਹੀ ਮਨ ਖੁਸ਼ ਹੋ ਕੇ ਆਪਣੇ ਨਾਂ ਦੇ ਅੱਖਰਾਂ ਵਾਲੀ ਇਕ ਅੰਗੂਠੀ ਹਨੂਮਾਨ ਜੀ ਦੇ ਹੱਥ 'ਚ ਦੇ ਦਿੱਤੀ ਅਤੇ ਕਿਹਾ ਕਿ ਇਸ ਨੂੰ ਦੇਖ ਕੇ ਸੀਤਾ ਜੀ ਨੂੰ ਵਿਸ਼ਵਾਸ ਹੋ ਜਾਵੇਗਾ ਕਿ ਤੁਸੀਂ ਮੇਰੇ ਕੋਲੋਂ ਹੀ ਗਏ ਹੋ ਅਤੇ ਉਹ ਨਿਡਰ ਹੋ ਕੇ ਤੁਹਾਡੇ ਵੱਲ ਦੇਖ ਸਕੇਗੀ। ਵੀਰ ! ਤੁਹਾਡਾ ਹੌਸਲਾ ਅਤੇ ਦਲੇਰੀ ਤੇ ਸੁਗਰੀਵ ਦਾ ਸੰਦੇਸ਼ ਮੈਨੂੰ ਇਸ ਗੱਲ ਦੀ ਸੂਚਨਾ ਦੇ ਰਹੇ ਹਨ ਕਿ ਤੁਹਾਡੇ ਵਲੋਂ ਇਸ ਕੰਮ ਦੀ ਸਿੱਧੀ ਜ਼ਰੂਰ ਹੋਵੇਗੀ। ਅਧਿਆਤਮਕ ਰਾਮਾਇਣ 'ਚ ਵੀ ਅਕਸਰ ਇਸੇ ਤਰ੍ਹਾਂ ਸ਼੍ਰੀਰਾਮ ਨੇ ਹਨੂਮਾਨ ਜੀ ਦੇ ਗੁਣਾਂ ਦੀ ਪ੍ਰਸ਼ੰਸਾ ਕੀਤੀ ਹੈ। ਨਿਸ਼ਾਨੀ ਦੇ ਰੂਪ 'ਚ ਆਪਣੀ ਮੁੰਦਰੀ ਦੇ ਕੇ ਭਗਵਾਨ ਸ਼੍ਰੀਰਾਮ ਹਨੂਮਾਨ ਜੀ ਨੂੰ ਕਹਿੰਦੇ ਹਨ ਕਿ ਇਸ ਕੰਮ ਲਈ ਸਿਰਫ ਤੁਸੀਂ ਹੀ ਸਮਰੱਥ ਹੋ। ਮੈਂ ਤੁਹਾਡੀ ਤਾਕਤ ਭਲੀਭਾਂਤ ਜਾਣਦਾ ਹਾਂ। ਚੰਗਾ, ਜਾਓ ਤੁਹਾਡਾ ਰਸਤਾ ਕਲਿਆਣਕਾਰੀ ਹੋਵੇ।
ਗੁਰਦੁਆਰਾ ਜੋਤੀ ਸਰੂਪ ਸਾਹਿਬ
NEXT STORY