ਪਿਆਰੇ ਪਾਠਕੋ! ਨਵਾਬ ਸ਼ੇਰ ਖ਼ਾਂ ਨੇ ਸਾਹਿਬਜ਼ਾਦਿਆਂ ਨੂੰ ਕੋਈ ਵੀ ਸਜ਼ਾ ਦੇਣ ਤੋਂ ਵਜ਼ੀਰ ਖ਼ਾਂ ਨੂੰ ਮਨ੍ਹਾ ਕਰ ਦਿੱਤਾ। ਜਦੋਂ ਵਜ਼ੀਰ ਖ਼ਾਂ ਨਾ ਮੰਨਿਆ ਤਾਂ ਸ਼ੇਰ ਖ਼ਾਂ ਭਰੀ ਕਚਹਿਰੀ ਵਿਚੋਂ ਵਾਕ ਆਊਟ ਕਰ ਗਿਆ। ਅੱਲ੍ਹਾ ਯਾਰ ਖ਼ਾਂ ਜੋਗੀ ਇਸ ਬਾਰੇ ਵਰਣਨ ਕਰਦੇ ਹੋਏ ਆਖਦੇ ਹਨ :-
''ਨਾਜ਼ਿਮ ਨੇ, ਸੁੱਚਾ ਨੰਦ ਨੇ ਉਨ ਸੇ ਕਹਾ ਕਿ ਲੋ।
ਬਦਲਾ ਪਿਦਰ ਕਾ ਇਨ ਕੇ ਲਹੂ ਕੋ ਬਹਾ ਕੇ ਲੋ।
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਹਮ ਬਾਪ ਸੇ।
ਮਹਿਫੂਜ਼ ਰਖੇ ਹਮ ਕੋ ਖੁਦਾ ਐਸੇ ਪਾਪ ਸੇ।''
ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ। ਜਦੋਂ ਸਾਹਿਬਜ਼ਾਦੇ ਸ਼ਾਮ ਵੇਲੇ ਮਾਤਾ ਗੁਜਰੀ ਜੀ ਕੋਲ ਪਹੁੰਚੇ ਤਾਂ ਉਨ੍ਹਾਂ ਮਾਤਾ ਜੀ ਨੂੰ ਸਾਰੀ ਗੱਲ ਦੱਸੀ। ਮਾਤਾ ਜੀ ਆਪਣੇ ਪੋਤਰਿਆਂ ਦੀ ਦਲੇਰੀ ਤੋਂ ਬਹੁਤ ਖੁਸ਼ ਹੋਏ। ਵਜ਼ੀਰ² ਖ਼ਾਂ ਦਾ ਇਕ ਕਰਮਚਾਰੀ ਮੋਤੀ ਮਹਿਰਾ ਬਹੁਤ ਰਹਿਮ ਦਿਲ ਸੀ। ਉਸ ਕੋਲ ਕੋਈ ਵੱਡਾ ਰੁਤਬਾ ਤਾਂ ਨਹੀਂ ਸੀ ਕਿ ਉਹ ਸਾਹਿਬਜ਼ਾਦਿਆਂ ਵਿਰੁੱਧ ਹੋ ਰਹੇ ਅਨਿਆਂ ਬਾਰੇ ਸ਼ਰੇਆਮ ਆਪਣੀ ਆਵਾਜ਼ ਬੁਲੰਦ ਕਰ ਸਕਦਾ ਪਰ ਉਸ ਨੇ ਆਪਣੀ ਜਾਇਦਾਦ ਤਕ ਵੇਚ ਕੇ ਸਿਪਾਹੀਆਂ ਨੂੰ ਰਿਸ਼ਵਤ ਦਿੰਦੇ ਹੋਏ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਰੋਜ਼ਾਨਾ ਰਾਤ ਵੇਲੇ ਚੋਰੀ-ਚੋਰੀ ਦੁੱਧ ਪਿਲਾਉਣ ਦਾ ਪ੍ਰਣ ਜ਼ਰੂਰ ਨਿਭਾਇਆ। ਇਹ ਬਹੁਤ ਹੀ ਖਤਰਾ ਮੁੱਲ ਲੈਣ ਵਾਲੀ ਗੱਲ ਸੀ ਪਰ ਮੋਤੀ ਮਹਿਰਾ ਜੀ ਨੇ ਆਪਣੀ ਜਾਨ ਤਲੀ 'ਤੇ ਧਰ ਕੇ ਇਸ ਗੱਲ ਨੂੰ ਅੰਜਾਮ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਅਦ ਵਿਚ ਮੋਤੀ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਹਲੂ ਰਾਹੀਂ ਪੀੜ ਦਿੱਤਾ ਗਿਆ।
ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ। ਜਦੋਂ ਸਿਪਾਹੀ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਕੋਲੋਂ ਲੈਣ ਆਏ ਤਾਂ ਉਸ ਸਮੇਂ ਦੇ ਦ੍ਰਿਸ਼ ਨੂੰ ਬੜੇ ਕਰੁਣਾਮਈ ਅੰਦਾਜ਼ 'ਚ ਅੱਲ੍ਹਾ ਯਾਰ ਖ਼ਾਂ ਜੋਗੀ ਇਸ ਤਰ੍ਹਾਂ ਬਿਆਨ ਕਰਦੇ ਹਨ:-
''ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਯਾਰੇ ਸਰੋਂ ਪਾ ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ।
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤ ਕਿਯਾ।
ਤੀਰੋ ਕਮਾਂ ਸ ਤੇਗ਼ ਸੇ ਪੈਰਾਸਤ ਕਿਯਾ।
ਅਖੀਰ ਸਾਹਿਬਜ਼ਾਦਿਆਂ ਨੂੰ ਉਸ ਥਾਂ 'ਤੇ ਲਿਜਾਇਆ ਗਿਆ, ਜਿਥੇ ਇਨ੍ਹਾਂ ਨੂੰ ਨੀਹਾਂ 'ਚ ਚਿਣਿਆ ਜਾਣਾ ਸੀ। ਹੁਣ ਇਹ ਘ੍ਰਿਣਤ ਕੰਮ ਕਰਨ ਲਈ ਕੋਈ ਤਿਆਰ ਨਹੀਂ ਸੀ ਹੋ ਰਿਹਾ। ਅਖੀਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਜੋ ਕਿ ਸਮਾਣਾ ਦੇ ਰਹਿਣ ਵਾਲੇ ਸਨ, ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਇਸ ਸ਼ਰਤ 'ਤੇ ਸਵੀਕਾਰ ਕਰ ਲਿਆ ਕਿ ਉਨ੍ਹਾਂ ਵਿਰੁੱਧ ਜੋ ਕੇਸ ਚੱਲ ਰਿਹਾ ਹੈ, ਉਸ ਨੂੰ ਖਤਮ ਕਰ ਦਿੱਤਾ ਜਾਵੇ ਤੇ ਉਹ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦੇਣਗੇ। ਵਜੀਦ ਖਾਨ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਅਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨਾ ਸਵੀਕਾਰ ਕਰ ਲਿਆ। ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣ ਦਿੱਤਾ ਗਿਆ, ਜਿਸ ਕਰਕੇ ਉਹ ਬੇਹੋਸ਼ ਹੋ ਗਏ। ਬਾਅਦ ਵਿਚ ਉਨ੍ਹਾਂ ਨੂੰ ਦੀਵਾਰ ਵਿਚੋਂ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹ ਘਟਨਾ ਵਾਪਰੀ ਤਾਂ ਜ਼ੋਰਦਾਰ ਤੂਫਾਨ ਆਇਆ ਤੇ ਚਾਰੇ ਪਾਸੇ ਹਨੇਰਾ ਛਾ ਗਿਆ। ਜਦੋਂ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਸੂਚਨਾ ਮਿਲੀ ਤਾਂ ਉਹ ਵੀ ਅਕਾਲ ਪੁਰਖ ਨਾਲ ਲੀਨ ਹੋ ਗਏ।
ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਇਸ ਸਮੇਂ ਦਾ ਵਰਣਨ ਇਉਂ ਕਰਦੇ ਹਨ :-
''ਗੋਡਿਆਂ ਤੋੜੀਂ ਕੰਧ ਜੋ ਆਈ।। ਚਿਣਦੇ ਜਾਵਣ ਤੁਰਕ ਕਸਾਈ।।
ਜਾਇ ਬਜੀਦਾ ਫੇਰ ਪੁਕਾਰਾ।ਹੁਣ ਬੀ ਮੰਨੋ ਹੋਇ ਛੁਟਕਾਰਾ।।''
ਇਹ ਸੁਣ ਕੇ ਜ਼ੋਰਾਵਰ ਸਿੰਘ ਨੇ ਕਿਹਾ:-
''ਮੌਤ ਅਸਾਨੂੰ ਪਿਆਰੀ ਲੱਗੇ।। ਧਰਮ ਤਿਆਗਣਾ ਕਾਤੀ ਵੱਗੇ।।''
ਵਜੀਦ ਖ਼ਾਂ ਝੁੰਜਲਾ ਕੇ ਰਹਿ ਗਿਆ। ਉਸ ਨੂੰ ਆਪਣੇ ਅੰਦਰੋਂ ਡਰ ਵੱਢ-ਵੱਢ ਖਾ ਰਿਹਾ ਸੀ ਤੇ ਇਸ ਦਾ ਗੁੱਸਾ ਉਸ ਨੇ ਸਾਹਿਬਜ਼ਾਦਿਆਂ 'ਤੇ ਕੱਢਿਆ। ਉਸ ਨੇ ਕੰਧਾਂ 'ਚ ਚਿਣਨ ਤੋਂ ਬਾਅਦ ਬਾਹਰ ਕੱਢ ਕੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ।
ਅਖੀਰ ਦੀਵਾਨ ਟੋਡਰ ਮੱਲ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦਾ ਸਸਕਾਰ ਕਰਨ ਲਈ ਵਜ਼ੀਰ ਖ਼ਾਂ ਤੋਂ ਇਜਾਜ਼ਤ ਮੰਗੀ। ਵਜ਼ੀਰ ਖ਼ਾਂ ਨੇ ਕਿਹਾ ਕਿ ਸਸਕਾਰ ਕਰਨ ਲਈ ਜਿੰਨੀ ਜ਼ਮੀਨ ਚਾਹੀਦੀ ਹੈ, ਉਸ ਦੇ ਬਦਲੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਮੁੱਲ ਚੁਕਾਉਣਾ ਪਵੇਗਾ। ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਾਇਦਾਦ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ। ਉਸ ਨੇ ਇਹ ਮੋਹਰਾਂ ਖੜ੍ਹੀਆਂ ਕਰਕੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਜਗ੍ਹਾ ਖਰੀਦੀ ਤੇ ਸਤਿਕਾਰ ਸਹਿਤ ਸਸਕਾਰ ਕੀਤਾ। ਇਹ ਥਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਥਾਂ ਹੈ।
ਕਿਹਾ ਜਾਂਦਾ ਹੈ ਕਿ 78 ਹਜ਼ਾਰ ਸੋਨੇ ਦੀਆਂ ਮੋਹਰਾਂ ਨਾਲ ਇਹ ਲੱਗਭਗ 4 ਵਰਗ ਮੀਟਰ ਥਾਂ ਖਰੀਦੀ ਗਈ ਸੀ, ਜਿਸ ਦਾ ਮੌਜੂਦਾ ਮੁੱਲ ਢਾਈ ਅਰਬ ਰੁਪਏ ਬਣਦਾ ਹੈ।
ਜਿਸ ਥਾਂ 'ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਉਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਮੌਜੂਦ ਹੈ ਅਤੇ ਜਿਸ ਥਾਂ 'ਤੇ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਗਿਆ, ਉਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ। ਜਿਸ ਥਾਂ 'ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਕੈਦ ਰੱਖਿਆ ਗਿਆ, ਉਥੇ ਗੁਰਦੁਆਰਾ ਠੰਡਾ ਬੁਰਜ ਸਥਿਤ ਹੈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪਿਛਲੇ ਪਾਸੇ ਜਿਥੇ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀਆਂ ਪਵਿੱਤਰ ਦੇਹਾਂ ਨੂੰ ਜ਼ਾਲਮਾਂ ਨੇ ਸੁੱਟ ਦਿੱਤਾ ਸੀ, ਉਥੇ ਗੁਰਦੁਆਰਾ ਬਬਾਨਗੜ੍ਹ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਵਾਲੀ ਥਾਂ ਤੋਂ ਹੀ ਸਾਹਿਬਜ਼ਾਦਿਆਂ ਨੂੰ ਇਸ਼ਨਾਨ ਕਰਵਾ ਕੇ ਬਬਾਨ ਦੀ ਸ਼ਕਲ ਵਿਚ ਜੋਤੀ ਸਰੂਪ ਸਾਹਿਬ ਵਾਲੀ ਥਾਂ 'ਤੇ ਸਸਕਾਰ ਕਰਨ ਲਈ ਲਿਜਾਇਆ ਗਿਆ ਸੀ।
ਸੱਚਾ ਧਰਮ ਮਨੁੱਖ ਦੀ ਸੇਵਾ
NEXT STORY