ਜੋ ਤਿਸੁ ਭਾਵੈ ਸੋਈ ਕਰਸੀ : ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਤਿਵੇਂ ਹੀ ਉਹ ਕਰਦਾ ਹੈ। ਉਸਦੇ ਉਪਰ ਹੋਰ ਕਿਸੇ ਦੀ ਵੀ ਹਕੂਮਤ ਨਹੀਂ ਹੈ, ਉਸ ਦੇ ਹੁਕਮ ਨੂੰ ਕੋਈ ਵੀ 'ਨਾ' ਨਹੀਂ ਕਰ ਸਕਦਾ ਕਿਉਂਕਿ ਦਰਅਸਲ ਉਸ ਤੋਂ ਭਿੰਨ ਹੋਰ ਕੋਈ ਹੈ ਹੀ ਨਹੀਂ। ਭਾਵੇਂ ਅਗਿਆਨੀ ਜੀਵਾਂ ਨੂੰ ਪ੍ਰਮਾਤਮਾ ਤੋਂ ਭਿੰਨ ਹੋ ਬਹੁਤ ਕੁਝ ਭਾਸਦਾ ਹੈ। ਹਉਮੈ ਦੇ ਕਾਰਨ ਉਹ ਤਾਂ ਆਪਣੇ ਨੂੰ ਵੀ ਬਹੁਤ ਕੁਝ ਸਮਝਦੇ ਹਨ ਤੇ ਕਹਿੰਦੇ ਵੀ ਰਹਿੰਦੇ ਹਨ ਕਿ ਪ੍ਰਮਾਤਮਾ ਨੇ ਇਹ ਦੁੱਖ ਰੂਪ ਸ੍ਰਿਸ਼ਟੀ ਕਿਉਂ ਬਣਾਈ; ਪਾਪੀਆਂ ਨੂੰ ਪਾਪ ਕਰਮ ਕਰਨ ਤੋਂ ਰੋਕਦਾ ਕਿਉਂ ਨਹੀਂ ਆਦਿ-ਆਦਿ।
ਉਹ ਪ੍ਰਮਾਤਮਾ ਨੂੰ ਵੀ ਇਕ ਇਹੋ ਜਿਹਾ ਰਾਜਾ ਜਾਂ ਸ਼ਾਸਕ ਸਮਝਦੇ ਹਨ, ਜਿਹੜਾ ਸੱਤਵੇਂ ਆਕਾਸ਼ ਵਿਚ ਰਹਿੰਦਾ ਹੋਇਆ ਸ੍ਰਿਸ਼ਟੀ ਉਪਰ ਮਨਮਰਜ਼ੀ ਦੀ ਹਕੂਮਤ ਕਰਦਾ ਹੈ। ਮੰਤਰੀਆਂ ਤੇ ਸਲਾਹਕਾਰਾਂ ਦੇ ਰਹਿੰਦੇ ਹੋਏ ਵੀ ਕਿਸੇ ਦੀ ਨਹੀਂ ਸੁਣਦਾ। ਪ੍ਰਮਾਤਮਾ ਬਾਰੇ ਇਨ੍ਹਾਂ 'ਚੋਂ ਕੋਈ ਵੀ ਗੱਲ ਨਹੀਂ ਢੁੱਕਦੀ। ਪ੍ਰਮਾਤਮਾ ਦਾ ਤਾਂ ਕੋਈ ਵੱਖਰਾ ਮੰਤਰੀ ਜਾਂ ਸਲਾਹਕਾਰ ਹੈ ਹੀ ਨਹੀਂ ਕਿਉਂਕਿ ਉਹ ਇਕ ਆਪ ਹੀ ਤਾਂ ਸਾਰਿਆਂ ਵਿਚ ਪਸਰਿਆ ਹੋਇਆ ਹੈ। ਕਿਤੇ ਉਹ ਅਵਿੱਦਿਆ ਦੇ ਪਰਦੇ ਪਿੱਛੇ ਬੈਠਾ ਹਉਮੈ ਦੇ ਰੂਪ ਵਿਚ ਪ੍ਰਗਟ ਹੋ ਕੇ ਖੇਲ ਕਰ ਰਿਹਾ ਹੈ ਤੇ ਕਿਤੇ ਉਹ ਆਪ ਹੀ ਭਗਾਉਤੀ ਸ਼ਕਤੀ ਦੀ ਲਹਿਰ 'ਤੇ ਸਵਾਰ ਹੋ ਕੇ ਮਹਾਦੇਵਾਂ ਦੇ ਰੂਪ ਵਿਚ ਬ੍ਰਹਿਮੰਡ ਦੀ ਵਿਵਸਥਾ ਕਰ ਰਿਹਾ ਹੈ। ਕਿਤੇ ਚਾਰੇ ਖਾਣੀਆਂ ਦੇ ਰੂਪ ਵਿਚ ਬੀਜ ਤੋਂ ਮਨੁੱਖੀ ਦਰੱਖਤ ਬਣਨ ਵਾਸਤੇ ਅੰਕੁਰਿਤ ਹੋ ਰਿਹਾ ਹੈ।
ਇਨ੍ਹਾਂ ਸਾਰਿਆਂ ਸ੍ਰਿਸ਼ਟੀ ਦੇ ਖੇਲਾਂ ਤੋਂ ਪਰ੍ਹੇ ਉਹ ਆਪਣੇ ਨਿਰੰਕਾਰੀ ਤੇ ਸਾਕਾਰੀ ਰੂਪ ਵਿਚ ਬੈਠਾ 'ਕਰਿ ਕਰਿ ਵੇਖੈ ਕੀਤਾ ਆਪਣਾ' ਦੇ ਅਰਥ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਮਹਾਗਿਆਨੀ ਧਿਆਨੀ ਗੁਰੂ ਨਾਨਕ ਸ੍ਰਿਸ਼ਟੀ ਦੇ ਇਸ ਸਾਰੇ ਖੇਡ ਦੇ ਰਹੱਸ ਨੂੰ ਜਾਣ ਕੇ ਉਸਦੀ ਮਹਿਮਾ ਗਾਉਂਦੇ ਹੋਏ ਹੋਰ ਸਾਰੇ ਸਿੱਖਾਂ ਨੂੰ ਵੀ ਇਹੋ ਮਤਿ ਦਿੰਦੇ ਹਨ ਕਿ ਉਹ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਣ ਦੀ ਸਾਧਨਾ ਕਰਨ। ਹੁਕਮ ਤੋਂ ਉਲਟ ਚੱਲਣ ਦੀ ਮਨਮਰਜ਼ੀ ਨਾ ਕਰਨ ਕਿਉਂਕਿ 'ਹੁਕਮ ਨ ਕਰਣਾ ਜਾਈ' ਜਿੰਨੀ ਜਲਦੀ ਤੇ ਜਦੋਂ ਵੀ ਇਕ ਸਿੱਖ ਹੁਕਮ ਨੂੰ ਸਮਝ ਲਵੇਗਾ, ਧਾਰਨ ਕਰ ਲਵੇਗਾ, ਉਸਦੇ ਅੰਦਰੋਂ ਵੀ ਅੰਮ੍ਰਿਤ ਵਰਗਾ ਮਿੱਠਾ ਤੇ ਰਸੀਲਾ ਨਾਦ ਵੱਜਣਾ ਸ਼ੁਰੂ ਹੋ ਜਾਵੇਗਾ ਪਰ ਜਦੋਂ ਤਕ ਇਹ ਗੱਲ ਨਹੀਂ ਬਣਦੀ।