ਧੰਨ-ਧੰਨ 108 ਸ਼੍ਰੀਮਾਨ ਸੰਤ ਬਾਬਾ ਉਦੈ ਸਿੰਘ ਜੀ ਦਾ ਜਨਮ ਸੰਨ 1843 ਨੂੰ ਪਿੰਡ ਨੰਗਲ ਖੁੰਗਾ, ਜ਼ਿਲਾ ਹੁਸ਼ਿਆਰਪੁਰ ਵਿਖੇ ਸ. ਕੇਸਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਨੇ ਕੇਵਲ ਪੰਜ ਜਮਾਤਾਂ ਹੀ ਪੜ੍ਹੀਆਂ। ਆਪ ਪਿੰਡ ਦੇ ਨੰਬਰਦਾਰ ਸਨ। ਛੋਟੀ ਉਮਰੇ ਹੀ ਆਪ ਘਰ-ਬਾਰ ਛੱਡ ਕੇ ਸੰਤ ਭਗਵਾਨ ਸਿੰਘ ਨੌਰੰਗਾਬਾਦ ਵਾਲਿਆਂ ਕੋਲ ਅੰਮ੍ਰਿਤਸਰ ਚਲੇ ਗਏ ਤੇ ਭਜਨ ਬੰਦਗੀ ਕਰਨ ਲੱਗੇ। ਉਥੇ ਆਪ ਨੇ ਬਹੁਤ ਤਨ-ਮਨ ਨਾਲ ਸੇਵਾ ਕੀਤੀ। ਬਾਬਾ ਜੀ ਦੀ ਸੇਵਾ-ਭਾਵਨਾ ਵੇਖ ਕੇ ਸੰਤ ਭਗਵਾਨ ਸਿੰਘ ਨੇ ਆਪ ਨੂੰ ਗੁਰਮੰਤਰ ਬਖਸ਼ਿਆ। ਇਨ੍ਹਾਂ ਮਹਾਪੁਰਸ਼ਾਂ ਤੋਂ ਬਖਸ਼ਿਸ਼ ਪਾ ਕੇ ਬਾਬਾ ਜੀ ਨੇ ਕਮਾਲ ਸਾਧਨਾ ਸਾਧ ਕੇ ਜੰਗਲ ਵਿਚ ਮੰਗਲ ਲਾਏ। ਫਿਰ ਆਪਣੇ ਇਕ ਸ਼ਰਧਾਲੂ ਕਾਬਲ ਸਿੰਘ ਬੰਗਾ ਦੀ ਬੇਨਤੀ 'ਤੇ ਪਿੰਡ ਮੁੱਖਲਿਆਣਾ, ਜ਼ਿਲਾ ਹੁਸ਼ਿਆਰਪੁਰ ਵਿਖੇ ਆ ਗਏ। ਇਥੇ ਬਾਬਾ ਜੀ ਦਿਨ-ਰਾਤ ਦਸਮੇਸ਼ ਪਿਤਾ ਦੇ ਮਿਸ਼ਨ ਅਨੁਸਾਰ ਘੋਰ ਤਪੱਸਿਆ ਕਰਦੇ ਰਹੇ ਅਤੇ ਨਾਮ ਬਾਣੀ ਦਾ ਪ੍ਰਵਾਹ ਚਲਾਉਂਦੇ ਰਹੇ।
ਆਪ ਜੀ ਸੰਗਤਾਂ ਨੂੰ ਦਸਮੇਸ਼ ਪਿਤਾ ਦਾ ਉਪਦੇਸ਼ 'ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ' ਦਾ ਸੰਦੇਸ਼ ਦਿੰਦੇ ਰਹੇ। ਇਥੇ ਹੁਣ ਗੁਰਦੁਆਰਾ ਹਰਫੁਲਵਾੜੀ ਸਾਹਿਬ ਡੱਬਰੀ ਸੁਸ਼ੋਭਿਤ ਹੈ। ਇਥੇ ਹੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਘਨੱ੍ਹਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਫੂਲਾ ਸਿੰਘ ਜੀ ਤਨੂੰਲੀ ਵਾਲੇ ਆਦਿ ਅਨੇਕਾਂ ਮਹਾਪੁਰਸ਼ ਆਉਂਦੇ ਰਹਿੰਦੇ ਤੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ। ਆਪ ਨੇ ਅਨੇਕਾਂ ਸੰਗਤਾਂ ਨੂੰ ਵਾਹਿਗੁਰੂ ਨਾਲ ਜੋੜਿਆ। ਬਾਬਾ ਜੀ 110 ਸਾਲ ਦੀ ਉਮਰ ਭੋਗ ਕੇ ਸੰਨ 1953 ਵਿਚ ਮਾਘ ਦੀ ਪੂਰਨਮਾਸ਼ੀ ਨੂੰ ਵੀਰਵਾਰ ਵਾਲੇ ਦਿਨ ਗੁਰਪੁਰੀ ਪਿਆਨਾ ਕਰ ਗਏ। ਆਪ ਜੀ ਦੀ ਯਾਦ ਵਿਚ ਪਿੰਡ ਮੁੱਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਉਸਾਰਿਆ ਗਿਆ ਹੈ। ਇਸ ਸਾਲ ਵੀ ਬਾਬਾ ਜੀ ਦੀ ਨਿੱਘੀ ਯਾਦ ਵਿਚ 62ਵੀਂ ਸਾਲਾਨਾ ਬਰਸੀ 3-4 ਫਰਵਰੀ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਮੁੱਖਲਿਆਣਾ ਤੇ ਗੁਰਦੁਆਰਾ ਹਰਫੁਲਵਾੜੀ ਸਾਹਿਬ ਡੱਬਰੀ ਵਿਖੇ ਪੂਰਨ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ।
¸ਮਨਦੀਪ ਸਿੰਘ ਸੈਣੀ
ਪ੍ਰਭੂ ਸਿਮਰਨ ਨਾਲ ਜੁੜ ਕੇ ਹੀ ਜੀਵਨ ਸਫਲਾ
NEXT STORY