ਜਲੰਧਰ (ਸ਼ੋਰੀ)-ਬਸਤੀ ਸ਼ੇਖ 'ਚ ਮਨਜੀਤ ਨਗਰ ਦੇ ਰਹਿਣ ਵਾਲੇ ਭਾਜਪਾ ਨੇਤਾ ਭਰਤ ਚੌਹਾਨ ਖਿਲਾਫ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ। ਭਾਜਪਾ ਨੇਤਾ ਚੌਹਾਨ ਇਕ ਹੋਰ ਭਾਜਪਾ ਨੇਤਾ ਸੁਨੀਲ ਕੁਮਾਰ ਉਰਫ ਟੀਟੂ ਨਿਵਾਸੀ ਮਨਜੀਤ ਨਗਰ ਦੀ ਪਤਨੀ ਪੂਨਮ ਅਰੋੜਾ ਨੂੰ ਇਕ ਕੇਸ 'ਚ ਰਾਜ਼ੀਨਾਮਾ ਕਰਵਾਉਣ ਲਈ ਲਗਾਤਾਰ ਧਮਕਾ ਰਿਹਾ ਸੀ।
ਪੂਨਮ ਨੂੰ ਵਟਸਐਪ 'ਤੇ ਆਪਣੀ ਫਾਹਾ ਲੱਗੀ ਕਾਲਪਨਿਕ ਫੋਟੋ ਦੋਸ਼ੀ ਨੇ ਭੇਜ ਕੇ ਧਮਕੀ ਦਿੱਤੀ ਕਿ ਜੇਕਰ ਪੂਨਮ ਨੇ ਉਸ ਦੇ ਖਿਲਾਫ ਦਿੱਤੀ ਸ਼ਿਕਾਇਤ ਤੇ ਉਸਦੀ ਜਾਣਕਾਰ ਔਰਤ ਖਿਲਾਫ ਉਸ ਵਲੋਂ ਦਰਜ ਕੇਸ ਵਾਪਸ ਨਾ ਲਿਆ ਤਾਂ ਉਹ ਆਤਮਹੱਤਿਆ ਕਰ ਕੇ ਉਸ ਦਾ ਨਾਂ ਲਿਖ ਦੇਵੇਗਾ। ਪੀੜਤ ਔਰਤ ਨੇ ਇਹ ਮੈਸੇਜ ਪੜ੍ਹਿਆ ਤਾਂ ਉਹ ਡਰ ਗਈ ਤੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪਤੀ-ਪਤਨੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਜਾਣਕਾਰੀ ਦਿੰਦੇ ਹੋਏ ਸੁਨੀਲ ਕੁਮਾਰ ਉਰਫ ਟੀਟੂ ਨੇ ਦੱਸਿਆ ਕਿ ਉਸਦੀ ਪਤਨੀ ਪੂਨਮ ਦੀ ਭੈਣ ਯਸ਼ੂ ਲਖਨਊ ਤੋਂ 22 ਤਰੀਕ ਨੂੰ ਉਨ੍ਹਾਂ ਦੇ ਘਰ ਆਈ ਤੇ ਉਸ ਦੀ ਪਤਨੀ ਨਾਲ ਵਿਵਾਦ ਕਰਨ ਲੱਗੀ ਕਿ ਉਸਦੀ ਮਾਂ ਨੇ ਆਪਣਾ ਮਕਾਨ ਪੂਨਮ ਦੇ ਨਾਂ ਕਿਉਂ ਕਰ ਦਿੱਤਾ, ਜਦਕਿ ਉਸਦਾ ਹਿੱਸਾ ਵੀ ਮਕਾਨ 'ਤੇ ਬਣਦਾ ਸੀ। ਪੂਨਮ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਜਦੋਂ ਉਸ ਦੇ ਪਤੀ ਘਰ ਆਉਣ ਤਾਂ ਉਹ ਉਨ੍ਹਾਂ ਤੋਂ ਪੁੱਛੇ। ਇਹ ਸੁਣ ਕੇ ਯਸ਼ੂ ਵਾਪਸ ਚਲੀ ਗਈ।
ਟੀਟੂ ਨੇ ਦੱਸਿਆ ਕਿ 23 ਤਰੀਕ ਨੂੰ ਯਸ਼ੂ ਵਾਪਸ ਉਨ੍ਹਾਂ ਦੇ ਘਰ ਆਈ ਤੇ ਉਸਦੀ ਪਤਨੀ ਤੋਂ ਮਾਫੀ ਮੰਗਣ ਲੱਗੀ। ਯਸ਼ੂ ਜੋ ਕਿ ਆਪਣੇ ਨਾਲ ਜੂਸ ਲੈ ਕੇ ਆਈ ਸੀ, ਉਸਦੀ ਪਤਨੀ ਨੂੰ ਝਾਂਸੇ 'ਚ ਲੈ ਕੇ ਗਿਲਾਸ 'ਚ ਜੂਸ ਪਾ ਕੇ ਪਿਲਾ ਦਿੱਤਾ। ਜੂਸ ਪੀਣ ਤੋਂ ਬਾਅਦ ਸੁਨੀਲ ਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਯਸ਼ੂ ਆਪਣੇ ਵਲੋਂ ਉਸਦੀ ਪਤਨੀ ਨੂੰ ਮਰਿਆ ਸਮਝ ਕੇ ਭੱਜ ਗਈ।
ਇਸ ਤੋਂ ਬਾਅਦ ਸੁਨੀਲ ਨੇ ਆਪਣੀ ਪਤਨੀ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਤੇ ਉਸਦਾ ਇਲਾਜ ਕਰਵਾਇਆ। ਭਾਜਪਾ ਨੇਤਾ ਟੀਟੂ ਨੇ ਦੱਸਿਆ ਕਿ ਥਾਣਾ 5 ਦੀ ਪੁਲਸ ਨੇ ਇਸ ਬਾਬਤ ਯਸ਼ੂ ਦੇ ਖਿਲਾਫ ਕੇਸ ਦਰਜ ਕੀਤਾ। ਇਸ ਵਿਚਾਲੇ ਭਾਜਪਾ ਨੇਤਾ ਭਰਤ ਚੌਹਾਨ ਉਨ੍ਹਾਂ ਦੇ ਕੋਲ ਆਇਆ ਤੇ ਕਿਹਾ ਕਿ ਉਹ ਦੋਸ਼ੀ ਯਸ਼ੂ ਦਾ ਜਾਣਕਾਰ ਹੈ ਤੇ ਉਸ ਦੇ ਕੇਸ 'ਚ ਰਾਜ਼ੀਨਾਮਾ ਕਰਵਾ ਦੇਵੇਗਾ। ਹੌਲੀ-ਹੌਲੀ ਚੌਹਾਨ ਉਨ੍ਹਾਂ 'ਤੇ ਦਬਾਅ ਬਣਾਉਂਦਾ ਰਿਹਾ, ਜਿਸ ਕਾਰਨ ਉਨ੍ਹਾਂ ਨੇ ਭਰਤ ਚੌਹਾਨ ਖਿਲਾਫ ਵੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ।
ਟੀਟੂ ਦਾ ਦੋਸ਼ ਹੈ ਕਿ ਚੌਹਾਨ ਨੇ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਦੇ ਨਾਲ ਕਈ ਵਾਰ ਵਿਵਾਦ ਕੀਤਾ ਤੇ ਉਸਦੀ ਪਤਨੀ ਨੂੰ ਡਰਾਉਣ ਲਈ ਉਸਦੇ ਵਟਸਐਪ 'ਤੇ ਆਪਣੀ ਕਾਲਪਨਿਕ ਤਿਆਰ ਕੀਤੀ ਫੋਟੋ ਜਿਸ 'ਚ ਉਸ ਨੇ ਗਲੇ 'ਚ ਕੱਪੜੇ ਨਾਲ ਫਾਹਾ ਲਗਾਇਆ ਹੋਇਆ ਸੀ, ਭੇਜ ਕੇ ਕਿਹਾ ਕਿ ਜੇਕਰ ਪੂਨਮ ਨੇ ਹੁਣ ਵੀ ਕੇਸ 'ਚ ਰਾਜ਼ੀਨਾਮਾ ਤੇ ਉਸ ਦੇ ਖਿਲਾਫ ਦਿੱਤੀ ਸ਼ਿਕਾਇਤ ਵਾਪਸ ਨਾ ਲਈ ਤਾਂ ਉਹ ਆਤਮਹੱਤਿਆ ਕਰ ਕੇ ਉਨ੍ਹਾਂ ਦਾ ਨਾਂ ਲਿਖ ਦੇਵੇਗਾ ਤੇ ਉਨ੍ਹਾਂ ਨੂੰ ਫਸਾ ਦੇਵੇਗਾ।
ਭਰਤ ਚੌਹਾਨ ਨੇ ਉਸ ਨੂੰ ਵੀ ਉਕਤ ਫੋਟੋ ਭੇਜ ਦਿੱਤੀ। ਥਾਣਾ 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਭਰਤ ਚੌਹਾਨ ਖਿਲਾਫ ਆਈ. ਟੀ. ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਭਰਤ ਚੌਹਾਨ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹੈ।
ਦੇਖੋ ਮੋਹਾਲੀ 'ਚ ਹੋਏ ਭਿਆਨਕ ਹਾਦਸੇ ਦੀਆਂ ਦਰਦਨਾਕ ਤਸਵੀਰਾਂ
NEXT STORY