ਸ੍ਰੀ ਮੁਕਤਸਰ ਸਾਹਿਬ (ਪਵਨ)-ਵਾਰਡ ਨੰਬਰ 29 ਤੋਂ ਕਾਂਗਰਸ ਵਲੋਂ ਐਲਾਨੇ ਗਏ ਉਮੀਦਵਾਰ ਰਾਜਨ ਪੇਂਟਰ ਦੇ ਸ਼ੁੱਕਰਵਾਰ ਨੂੰ ਆਤਮਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਰਣਨਯੋਗ ਹੈ ਕਿ ਰਾਜਨ ਪੇਂਟਰ ਨੇ 16 ਫਰਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ ਜਿਸ ਉਪਰੰਤ ਇਸ ਵਾਰਡ 'ਚੋਂ ਅਕਾਲੀ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਰਾਜਨ ਪੇਂਟਰ ਪੁੱਤਰ ਮੰਗਲੀ ਰਾਮ ਵਾਸੀ ਕੋਟਲੀ ਰੋਡ ਮੁਹੱਲਾ ਰੇਗਰ ਨੇ ਸ਼ੁੱਕਰਵਾਰ ਨੂੰ ਅਚਾਨਕ ਹੀ ਲੱਧੂਵਾਲਾ ਪਿੰਡ ਕੋਲ ਗੁਜ਼ਰਦੀ ਗੰਗ ਕੈਨਾਲ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮੌਕੇ 'ਤੇ ਹਾਜ਼ਰ ਵਿਅਕਤੀਆਂ ਦੇ ਦੱਸਣ ਅਨੁਸਾਰ ਜਦੋਂ ਉਸਨੇ ਛਾਲ ਮਾਰੀ ਤਾਂ ਪਿੱਛੇ ਤੋਂ ਕਾਰ 'ਤੇ ਆ ਰਹੇ ਇਕ ਵਿਅਕਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੂੰ ਬਚਾਅ ਨਹੀਂ ਸਕਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਲੱਧੂਵਾਲਾ ਪੁਲਸ ਚੌਕੀ ਦੇ ਇੰਚਾਰਜ ਦਵਿੰਦਰ ਸਿੰਘ ਵੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਮ੍ਰਿਤਕ ਵਿਅਕਤੀ ਦੇ ਜੇਬ ਵਿਚੋਂ ਮਿਲੀ ਪਰਚੀ 'ਤੇ ਫੋਨ ਕਰਕੇ ਉਸਦੀ ਪਛਾਣ ਕੀਤੀ ਅਤੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਦਵਿੰਦਰ ਸਿੰਘ ਨੇ ਦੱਸਿਆ ਕਿ ਵਾਰਿਸਾਂ ਦੇ ਆਉਣ 'ਤੇ ਪੋਸਟਮਾਰਟਮ ਉਪਰੰਤ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮ੍ਰਿਤਕ ਰਾਜਨ ਪੇਂਟਰ ਦੀ ਭਰਜਾਈ ਨੀਤੂ ਨੇ ਦੋਸ਼ ਲਾਇਆ ਕਿ ਰਾਜਨ 'ਤੇ ਦਬਾਅ ਪਾ ਕੇ ਜ਼ਬਰਦਸਤੀ ਕਾਗਜ਼ ਵਾਪਸ ਕਰਵਾਏ ਗਏ ਸਨ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਵਿਚ ਚੱਲ ਰਿਹਾ ਸੀ। ਇਸ ਪ੍ਰੇਸ਼ਾਨੀ ਕਾਰਨ ਹੀ ਉਸਨੇ ਆਤਮਹੱਤਿਆ ਕੀਤੀ ਹੈ।
ਪੂਰੇ ਮਾਮਲੇ ਸਬੰਧੀ ਕਾਂਗਰਸ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕਾ ਕਰਨ ਕੌਰ ਬਰਾੜ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਧਮਕਾਇਆ ਗਿਆ ਹੈ, ਜਿਸ ਕਾਰਨ ਉਸਨੇ ਕਾਗਜ਼ ਵਾਪਸ ਲਏ ਸਨ। ਇਸ ਧਮਕੀ ਤੋਂ ਪ੍ਰੇਸ਼ਾਨ ਹੀ ਉਸਨੇ ਉਕਤ ਕਦਮ ਚੁੱਕਿਆ ਅਤੇ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਵਾਉਣਗੇ।
ਨੈਸ਼ਨਲ ਹਾਈਵੇ 'ਤੇ ਡੂੰਘਾ ਖੱਡਾ ਬਣਿਆ ਸੜਕ ਹਾਦਸਿਆਂ ਦਾ ਸਬੱਬ
NEXT STORY