ਸ੍ਰੀ ਆਨੰਦਪੁਰ ਸਾਹਿਬ, (ਧੀਮਾਨ)- ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੀ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸੜਕ 'ਤੇ ਪਏ ਡੂੰਘੇ-ਡੂੰਘੇ ਟੋਏ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਹੋਲੇ-ਮਹੱਲੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਇਸ ਰਸਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੀਆਂ ਹਨ। ਇਹੀ ਨਹੀਂ ਦਰਿਆ ਸਤਲੁਜ 'ਤੇ ਬਣੇ ਪੁਲ ਦੀ ਹਾਲਤ ਵੀ ਖਸਤਾ ਹੈ। ਉਕਤ ਸੜਕ 'ਤੇ ਪੈਂਦੇ ਪਿੰਡ ਗਰਾਂ, ਗਨਾਰੂ, ਅਗੰਮਪੁਰ ਨੇੜੇ ਤਾਂ ਸੜਕ 'ਤੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ। ਬਾਰਿਸ਼ ਦੇ ਦਿਨਾਂ ਵਿਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਪਰ ਇਸਦੇ ਬਾਵਜੂਦ ਸੰਬੰਧਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਿਛਲੇ ਕਈ ਦਿਨਾਂ ਤੋਂ ਜ਼ਿਲਾ ਪ੍ਰਸ਼ਾਸਨ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਤਾਂ ਕਰ ਰਿਹਾ ਹੈ, ਪਰ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਕੋਈ ਵੀ ਰਣਨੀਤੀ ਨਹੀਂ ਬਣਾਈ ਜਾ ਰਹੀ। ਜੇਕਰ ਇਹੋ ਹਾਲਤ ਰਹੀ ਤਾਂ ਮੇਲੇ ਦੌਰਾਨ ਲੱਖਾਂ ਦੀ ਗਿਣਤੀ 'ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਕੀ ਹਾਲਤ ਹੋਵੇਗੀ? ਇਹ ਸਭ ਤੋਂ ਵੱਡਾ ਸਵਾਲ ਹੈ। ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾਵੇ।
ਮਾਨਸਿਕ ਪ੍ਰੇਸ਼ਾਨੀ ਕਾਰਨ ਕੀਤੀ ਆਤਮ-ਹੱਤਿਆ
NEXT STORY