ਘਨੌਲੀ, (ਜ.ਬ.)- ਸੁੱਕੀ ਐੱਸ. ਵਾਈ. ਐੱਲ. ਨਹਿਰ ਲੋਕਾਂ ਲਈ ਮੌਤ ਦਾ ਖੂਹ ਬਣਦੀ ਜਾ ਰਹੀ ਹੈ। ਇਸ ਸੁੱਕੀ ਨਹਿਰ ਵਿਚ ਬੀਤੀ ਰਾਤ ਇਕ ਬਲੈਰੋ ਕਾਰ ਡਿੱਗ ਜਾਣ ਕਾਰਨ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਵਿਚੋਂ ਦੋ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਚੌਕੀ ਘਨੌਲੀ ਦੇ ਇੰਚਾਰਾਜ ਚੌਧਰੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਨਹਿਰ ਵਿਚ ਗੁਰੂ ਰਾਮ ਰਾਏ ਸਕੂਲ ਦੇ ਨੇੜੇ ਇਕ ਬਲੈਰੋ ਕਾਰ ਨੰਬਰ ਪੀ ਬੀ 12 ਐੱਚ 7323 ਡਿੱਗ ਪਈ ਹੈ। ਇਸ 'ਤੇ ਪੁਲਸ ਤੁਰੰਤ ਮੌਕੇ 'ਤੇ ਪੁੱਜੀ ਜਦਕਿ ਹਾਈਵੇ ਪੁਲਸ ਅਤੇ ਸਦਰ ਥਾਣਾ ਰੂਪਨਗਰ ਦੇ ਐੱਸ. ਐੱਸ. ਐੱਚ. ਓ. ਦੇਸ ਰਾਜ ਤੋਂ ਇਲਾਵਾ ਥਰਮਲ ਪਲਾਂਟ ਰੂਪਨਗਰ ਦੇ ਸੇਫਟੀ ਅਫਸਰ ਰਣਜੀਤ ਸਿੰਘ, ਸੀਨੀਅਰ ਇੰਜੀਨੀਅਰ ਜੇ. ਪੀ. ਹਾਂਡਾ, ਸਟੇਟ ਯੂਥ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਜਰਨੈਲ ਸਿੰਘ ਤੇ ਜਗਜੀਤ ਸਿੰਘ ਜੱਗੀ ਵੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਨਹਿਰ ਸੁੱਕੀ ਹੈ ਪਰ ਜਿਥੇ ਕਾਰ ਡਿੱਗੀ ਉਥੇ ਪਾਣੀ ਖੜ੍ਹਾ ਸੀ। ਉਨ੍ਹਾਂ ਦੇ ਪਹੁੰਚਣ ਤਕ ਕਾਰ 'ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਸੀ। ਮ੍ਰਿਤਕਾਂ ਦੀ ਪਛਾਣ ਰਵੀ (35) ਪੁੱਤਰ ਕੰਵਰ ਪਾਲ ਵਾਸੀ ਬੇਗਮਪੁਰਾ ਅਤੇ ਰਾਕੇਸ਼ (18) ਪੁੱਤਰ ਨੰਨਾ ਵਾਸੀ ਗੋਬਿੰਦਗੜ੍ਹ ਵਜੋਂ ਹੋਈ ਹੈ ਜਦਕਿ ਜ਼ਖਮੀ ਵਿਅਕਤੀ ਦੀ ਪਛਾਣ ਸ਼ੰਕਰ ਵਾਸੀ ਬੇਗਮਪੁਰਾ ਵਜੋਂ ਹੋਈ ਹੈ। ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਘਨੌਲੀ ਆਏ ਹੋਏ ਸਨ। ਰਾਤ ਨੂੰ ਉਹ ਰਿਸ਼ਤੇਦਾਰਾਂ ਨੂੰ ਮਕੌੜੀ ਖੁਰਦ ਛੱਡ ਕੇ ਆ ਰਹੇ ਸਨ। ਪੁਲਸ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਤੋਂ ਇਲਾਵਾ ਪੋਸਟਮਾਰਟਮ ਉਪਰੰਤ ਲਾਸ਼ਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਇਕ ਹੋਰ ਬਲੈਰੋ ਡਿੱਗੀ ; ਵਾਲ-ਵਾਲ ਬਚਿਆ ਡਰਾਈਵਰ
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਰਾਤ ਵਾਲੀ ਬਲੈਰੋ ਕਾਰ ਨੂੰ ਜੇ. ਸੀ. ਬੀ. ਨਾਲ ਨਹਿਰ 'ਚੋਂ ਕੱਢ ਰਹੇ ਸਨ ਤਾਂ ਇਕ ਹੋਰ ਬਲੈਰੋ ਕਾਰ ਨਹਿਰ ਵਿਚ ਡਿੱਗ ਪਈ। ਇਸ ਕਾਰ ਨੂੰ ਹਰਜਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਮਕੌੜ ਖੁਰਦ ਚਕਾਲਾ ਰਿਹਾ ਸੀ। ਇਸ ਹਾਦਸੇ 'ਚ ਕਾਰ ਡਰਾਈਵਰ ਵਾਲ-ਵਾਲ ਬਚ ਗਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਘਨੌਲੀ ਵੱਲ ਆ ਰਿਹਾ ਸੀ ਕਿ ਅਚਾਨਕ ਸਾਹਮਣੇ ਆਏ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ 'ਚ ਕਾਰ ਨਹਿਰ ਵਿਚ ਜਾ ਡਿੱਗੀ।
ਵੋਟਿੰਗ ਦਾ ਸਮਾਂ ਵਧਾਉਣ 'ਤੇ ਕਮਲ ਸ਼ਰਮਾ ਨੇ ਕੀਤਾ ਚੋਣ ਕਮਿਸ਼ਨ ਦਾ ਧੰਨਵਾਦ
NEXT STORY