ਬਰਨਾਲਾ (ਵਿਵੇਕ ਸਿੰਧਵਾਨੀ)-ਪੋਸਟ ਆਫਿਸ ਦੀ ਮੁੱਖ ਬ੍ਰਾਂਚ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਵਪਾਰੀ ਨੇ ਪੋਸਟ ਆਫਿਸ ਦੇ ਅਧਿਕਾਰੀਆਂ 'ਤੇ ਬਦਸਲੂਕੀ ਕਰਨ ਦਾ ਦੋਸ਼ ਲਗਾ ਕੇ ਵੱਡੀ ਗਿਣਤੀ ਵਿਚ ਵਪਾਰੀਆਂ ਨੂੰ ਪੋਸਟ ਆਫਿਸ ਵਿਖੇ ਬੁਲਾ ਲਿਆ। ਭੜਕੇ ਹੋਏ ਵਪਾਰੀਆਂ ਨੇ ਪੋਸਟ ਆਫਿਸ ਦੇ ਬਾਹਰ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੋਸਟ ਆਫਿਸ ਦੇ ਅਧਿਕਾਰੀਆਂ ਨੇ ਵਪਾਰੀ ਆਗੂ 'ਤੇ ਬਦਸਲੂਕੀ ਕਰਕੇ ਦਫਤਰ ਦੇ ਸ਼ੀਸ਼ੇ ਤੋੜਨ ਦਾ ਦੋਸ਼ ਲਗਾਇਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਮੇਰੇ ਪੁੱਤ ਦਾ ਸਿਰ ਸ਼ੀਸ਼ੇ ਨਾਲ ਮਾਰਿਆ :
ਲੋਹਾ ਐਸੋਸੀਏਸ਼ਨ ਦੇ ਪ੍ਰਧਾਨ ਬਿੰਦਰ ਕੁਮਾਰ ਗਰਗ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪੋਸਟ ਆਫਿਸ ਦੇ ਦਫਤਰ ਵਿਚੋਂ ਉਨ੍ਹਾਂ ਦੀ ਸਪੀਡ ਪੋਸਟ ਆਉਣ ਬਾਰੇ ਫੋਨ 'ਤੇ ਦੱਸਿਆ ਗਿਆ ਸੀ ਜਦੋਂ ਉਹ ਸਪੀਡ ਪੋਸਟ ਲੈਣ ਲਈ ਦਫਤਰ ਵਿਖੇ ਆਏ ਤਾਂ ਤਕਰੀਬਨ ਅੱਧਾ ਘੰਟਾ ਖੱਜਲ-ਖੁਆਰ ਹੁੰਦਾ ਰਿਹਾ ਜਦੋਂ ਉਹ ਇਸ ਦੀ ਸ਼ਿਕਾਇਤ ਲੈ ਕੇ ਦਫਤਰ ਦੇ ਮੁੱਖ ਅਧਿਕਾਰੀ ਕੋਲ ਗਏ ਤਾਂ ਦਫਤਰ ਦੇ ਮੁੱਖ ਅਧਿਕਾਰੀ ਉਨ੍ਹਾਂ ਨਾਲ ਕਥਿਤ ਤੌਰ 'ਤੇ ਗਾਲੀ-ਗਲੋਚ ਕਰਨ ਲੱਗ ਪਏ ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਗਾਹਕ ਨੇ ਉਨ੍ਹਾਂ ਨੂੰ ਬਚਾਇਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਇਸ ਦੀ ਸੂਚਨਾ ਆਪਣੇ ਪੁੱਤਰ ਨੂੰ ਦਿੱਤੀ ਤਾਂ ਉਹ ਉਥੇ ਆ ਗਿਆ ਤੇ ਕਿਸੇ ਪੋਸਟ ਆਫਿਸ ਦੇ ਅਧਿਕਾਰੀ ਨੇ ਉਸ ਦਾ ਸਿਰ ਫੜ ਕੇ ਸ਼ੀਸ਼ੇ ਵਿਚ ਮਾਰ ਦਿੱਤਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਦਸਲੂਕੀ ਕਰਨ ਵਾਲੇ ਪੋਸਟ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਵਪਾਰੀ ਆਗੂ ਨੇ ਕੀਤੀ ਦਫਤਰ 'ਚ ਭੰਨ-ਤੋੜ
ਦੋਸ਼ਾਂ ਨੂੰ ਨਕਾਰਦਿਆਂ ਪੋਸਟ ਆਫਿਸ ਦੇ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਗਾਲੀ-ਗਲੋਚ ਉਨ੍ਹਾਂ ਨੇ ਨਹੀਂ ਸਗੋਂ ਵਪਾਰੀ ਆਗੂ ਦੇ ਪੁੱਤਰ ਨੇ ਕੀਤੀ ਅਤੇ ਦਫਤਰ 'ਚ ਭੰਨਤੋੜ ਵੀ ਕੀਤੀ, ਜਿਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਚ ਦਿੱਤੀ। ਇਸ ਸਾਰੀ ਘਟਨਾ ਦੀ ਉਨ੍ਹਾਂ ਕੋਲ ਵੀਡੀਓ ਰਿਕਾਰਡਿੰਗ ਹੈ।
ਥਾਣਾ ਸਿਟੀ ਦੇ ਐੱਸ. ਐੱਚ. ਓ. ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਕੋਲ ਦੋਵੇਂ ਧਿਰਾਂ ਦੀ ਲਿਖਤੀ ਸ਼ਿਕਾਇਤ ਆ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਿਗਮ ਚੋਣਾਂ 'ਚ ਮਹਿਸੂਸ ਹੋਈ ਗਠਜੋੜ ਦੀ ਕਮੀ- ਕਮਲ ਸ਼ਰਮਾ (ਵੀਡੀਓ)
NEXT STORY