ਜਗਰਾਓਂ(ਸ਼ੇਤਰਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਭੋਂ-ਪ੍ਰਾਪਤੀ ਬਿੱਲ ਦੇ ਵਿਰੋਧ ਕਰਨ ਦੇ ਕੀਤੇ ਐਲਾਨ ਨਾਲ ਹੀ ਇਸ 'ਤੇ 'ਦੋਗਲੀ ਨੀਤੀ' ਅਪਣਾਉਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਨਾਲ ਹੀ ਇਹ ਵੀ ਸਵਾਲ ਉਠਣ ਲੱਗੇ ਹਨ ਕਿ ਕੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਜ਼ਾਰਤ 'ਚੋਂ ਅਸਤੀਫਾ ਦੇਣਗੇ? ਦੂਜੇ ਪਾਸੇ ਅਕਾਲੀ-ਪੱਖੀ ਇਸ ਨੂੰ ਅਕਾਲੀ ਦਲ ਦਾ 'ਦੇਰੀ ਨਾਲ ਚੁੱਕਿਆ ਦਰੁਸਤ ਕਦਮ' ਕਰਾਰ ਦੇ ਰਹੇ ਹਨ। ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ 'ਚ ਸ਼ਿਵ ਸੈਨਾ ਤੇ ਲੋਕ ਜਨ ਸ਼ਕਤੀ ਪਾਰਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੀਸਰੀ ਪਾਰਟੀ ਹੈ ਜਿਸਨੇ ਬਿੱਲ ਦੇ ਵਿਰੋਧ ਦਾ ਫੈਸਲਾ ਲਿਆ ਹੈ। ਬੀਤੇ ਕੱਲ ਨਵੀਂ ਦਿੱਲੀ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ। ਨਵੀਂ ਚਰਚਾ ਨੂੰ ਜਨਮ ਦੇਣ ਵਾਲੀ ਦਿਲਚਸਪ ਗੱਲ ਇਹ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੀਟਿੰਗ 'ਚ ਕੋਰ ਕਮੇਟੀ ਦੇ ਮੈਂਬਰ ਨਾ ਹੋਣ ਦੇ ਬਾਵਜੂਦ ਸ਼ਾਮਲ ਹੋਏ। ਉਨ੍ਹਾਂ ਦੀ ਹਾਜ਼ਰੀ 'ਚ ਬਿੱਲ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਵਿਰੋਧ ਦਾ ਫੈਸਲਾ ਲਿਆ ਗਿਆ।
ਸਵਾਲ ਉਠਣਾ ਸੁਭਾਵਿਕ ਹੈ ਕਿ ਇਕ ਪਾਸੇ ਹਰਸਿਮਰਤ ਕੌਰ ਬਾਦਲ ਉਸ ਸਰਕਾਰ 'ਚ ਮੰਤਰੀ ਹਨ ਜੋ ਭੋਂ-ਪ੍ਰਾਪਤੀ ਬਿੱਲ ਪਾਰਲੀਮੈਂਟ 'ਚ ਲਿਆ ਰਹੀ ਹੈ, ਦੂਜੇ ਪਾਸੇ ਉਹ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਵਿਰੋਧ ਕਰਦੇ ਹਨ। ਇਹ ਵਿਰੋਧਾਭਾਸ ਅਕਾਲੀ ਦਲ ਦੀ ਨੀਤੀ 'ਚੋਂ ਵੀ ਸਾਫ ਝਲਕਦਾ ਹੈ। ਭੋਂ-ਪ੍ਰਾਪਤੀ ਕਾਨੂੰਨ 'ਚ ਸੋਧ ਸੰਬੰਧੀ ਆਰਡੀਨੈਂਸ ਲਿਆਉਣ ਤੋਂ ਲੈ ਕੇ ਹੁਣ ਭੋਂ-ਪ੍ਰਾਪਤੀ ਬਿੱਲ ਪਾਰਲੀਮੈਂਟ 'ਚ ਲਿਆਉਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਪਾਰਲੀਮੈਂਟ 'ਚ ਇਕ ਵਾਰ ਵੀ ਵਿਰੋਧ ਦਰਜ ਨਹੀਂ ਕਰਵਾਇਆ। ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੋਰ ਕਮੇਟੀ ਦੇ ਕਿਸੇ ਹੋਰ ਮੈਂਬਰ ਨੇ ਇਸ ਤੋਂ ਪਹਿਲਾਂ ਇਸ ਮੁੱਦੇ 'ਤੇ ਕਦੇ ਮੂੰਹ ਖੋਲ੍ਹਿਆ। ਇਸੇ ਕਾਰਨ ਵਿਰੋਧੀ ਪਾਰਟੀਆਂ ਇਸਨੂੰ ਸ਼੍ਰੋਮਣੀ ਅਕਾਲੀ ਦਲ ਦੀ ਦੋਗਲੀ ਨੀਤੀ ਕਰਾਰ ਦੇਣ ਲੱਗੀਆਂ ਹਨ।
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫਾ ਦਿਵਾਏ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਭੋਂ-ਪ੍ਰਾਪਤੀ ਬਿੱਲ ਦਾ ਵਿਰੋਧ ਕਰਨਾ ਹਾਸੋਹੀਣਾ ਜਾਪਦਾ ਹੈ। ਜੱਟ ਮਹਾਸਭਾ ਪੰਜਾਬ ਦੇ ਮਾਲਵਾ ਜ਼ੋਨ ਦੇ ਇੰਚਾਰਜ ਮੇਜਰ ਸਿੰਘ ਮੁੱਲਾਂਪੁਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੇਜਰ ਸਿੰਘ ਭੈਣੀ ਦਾ ਕਹਿਣਾ ਸੀ ਕਿ ਅਕਾਲੀ ਦਲ ਨੂੰ ਆਪਣੇ ਸੰਸਦ ਮੈਂਬਰਾਂ ਰਾਹੀਂ ਇਸ ਮੁੱਦੇ 'ਤੇ ਪਾਰਲੀਮੈਂਟ 'ਚ ਵਿਰੋਧ ਦਰਜ ਕਰਵਾਉਣਾ ਚਾਹੀਦਾ ਸੀ।
ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਇਸ ਬਿੱਲ ਬਾਰੇ ਪੂਰੀ ਘੋਖ ਕਰਨ ਉਪਰੰਤ ਕਿਸਾਨਾਂ ਤੇ ਪੰਜਾਬ ਦੇ ਹੱਕ 'ਚ ਸਹੀ ਸਟੈਂਡ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਾਮਲਾ ਭਖਣ ਅਤੇ ਸਪੱਸ਼ਟ ਸਟੈਂਡ ਦੀ ਘਾਟ ਕਾਰਨ ਲੋਕਾਂ 'ਚ ਛਿੜੀ ਗਲਤ ਚਰਚਾ ਕਰਕੇ ਆਪਣਾ ਰਵਾਇਤੀ ਕਿਸਾਨ ਵੋਟ ਬੈਂਕ ਬਚਾਉਣ ਲਈ ਇਹ ਐਲਾਨ ਕਰਨ ਨੂੰ ਮਜਬੂਰ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭੋਂ-ਪ੍ਰਾਪਤੀ ਬਿੱਲ ਬਾਰੇ ਵਜ਼ਾਰਤੀ ਫੈਸਲੇ ਨਾਲ ਅਸਹਿਮਤੀ ਦਰਜ ਕਰਵਾਉਣ ਵਾਲੀ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਅਹੁਦਾ ਛੱਡਦੇ ਹਨ ਜਾਂ ਇਸ 'ਤੇ ਬਣੇ ਰਹਿਣ ਲਈ ਕੋਈ ਤਰਕ ਦਿੰਦੇ ਹਨ।
ਕੁਲਦੀਪ ਦੇ ਪੁੱਤਰ ਭਵਯ ਬਿਸ਼ਨੋਈ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY