ਈ. ਡੀ. ਮਾਮਲੇ 'ਚ ਜ਼ਮਾਨਤ ਦੀ ਅਰਜ਼ੀ ਰੱਦ
ਪਟਿਆਲਾ(ਬਲਜਿੰਦਰ)-ਸਿੰਥੈਟਿਕ ਡਰੱਗ ਰੈਕਟ ਦੇ ਮੁਖੀ ਜਗਦੀਸ਼ ਭੋਲਾ ਨੂੰ ਇਕ ਹੋਰ ਝਟਕਾ ਉਸ ਸਮੇਂ ਲੱਗਿਆ ਜਦੋਂ ਅੱਜ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਐੱਚ. ਐੱਸ. ਮਦਾਨ ਨੇ ਈ. ਡੀ. ਮਾਮਲੇ ਵਿਚ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਭੋਲਾ ਦੇ ਵਕੀਲ ਸਤੀਸ਼ ਕਰਕਰਾ ਨੇ ਕਿਹਾ ਕਾਨੂੰਨ ਮੁਤਾਬਕ ਇਸ ਸਬੰਧ ਵਿਚ ਮਾਣਯੋਗ ਹਾਈਕੋਰਟ ਵਿਚ ਅਪੀਲ ਕਰਾਂਗੇ। ਉਨ੍ਹਾਂ ਦੱਸਿਆ ਕਿ ਅਸੀਂ ਮਾਣਯੋਗ ਹਾਈਕੋਰਟ ਵਿਚ ਸਾਬਤ ਕਰਾਂਗੇ ਕਿ ਈ. ਡੀ. ਵਲੋਂ ਜਾਣਬੁੱਝ ਕੇ ਇਸ ਮਾਮਲੇ ਵਿਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈ. ਡੀ. ਵਲੋਂ ਇਸ ਮਾਮਲੇ ਵਿਚ ਚਾਰਜਸ਼ੀਟ ਪੇਸ਼ ਕੀਤੇ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਤੱਕ ਇਕ ਵੀ ਗਵਾਹੀ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਹਾਈਕੋਰਟ ਵਿਚ ਇਹ ਵੀ ਸਾਬਤ ਕਰਾਂਗੇ, ਕਿ ਉਨ੍ਹਾਂ ਖਿਲਾਫ 1308 ਪੇਜ਼ਾਂ ਦੀ ਚਾਰਜਸ਼ੀਟ ਜਿਹੜੀ ਈ. ਡੀ. ਵਲੋਂ ਪੇਸ਼ ਕੀਤੀ ਗਈ ਹੈ, ਉਸ ਵਿਚ ਉਨ੍ਹਾਂ ਦੇ ਖਿਲਾਫ ਕੋਈ ਡਾਇਰੈਕਟ ਗਵਾਹੀ ਨਹੀਂ ਹੈ। ਸਤੀਸ਼ ਕਰਕਰਾ ਨੇ ਕਿ ਈ. ਡੀ. ਵਲੋਂ ਜਿਹੜੀ ਸਟੇਟਮੈਂਟ ਵੀ ਭੋਲੇ ਦੀ ਲਿਖਵਾਈ ਗਈ ਹੈ, ਉਹ ਵੀ ਡਰਾ ਧਮਕਾ ਦੇ ਲਿਖਵਾਈ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਈ. ਡੀ. ਵਲੋਂ ਜਗਦੀਸ਼ ਭੋਲਾ ਦੇ ਖਿਲਾਫ ਪਿਛਲੇ ਸਾਲ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ ਹਾਲ ਹੀ ਵਿਚ 12 ਹੋਰ ਵਿਅਕਤੀਆਂ ਦੇ ਖਿਲਾਫ ਚਾਰਜਸ਼ੀਟਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿਚ ਈ. ਡੀ. ਵਲੋਂ ਦਾਅਵਾ ਕੀਤਾ ਗਿਆ ਸੀ ਕਿ 55 ਵਿਅਕਤੀਆਂ ਦੇ ਖਿਲਾਫ ਚਾਰਜਸ਼ੀਟਾਂ ਪੇਸ਼ ਕੀਤੀਆਂ ਜਾਣਗੀਆਂ।
ਭੋਲਾ ਦੀ ਟੀ.ਵੀ. ਇੰਟਰਵਿਊ ਤੋਂ ਬਾਅਦ ਨਾਭਾ ਜੇਲ ਪ੍ਰਸ਼ਾਸਨ ਨੇ ਲਗਾਇਆ ਨਵਾਂ ਸਿਸਟਮ
ਹੁਣ ਪਹਿਲਾਂ ਦਿੱਤੇ ਨੰਬਰ 'ਤੇ ਹੀ ਕੀਤੀ ਜਾ ਸਕੇਗੀ ਗੱਲ ਅਤੇ ਹਰ 10 ਮਿੰਟ ਬਾਅਦ ਫੋਨ ਆਪਣੇ ਆਪ ਕੱਟ ਜਾਵੇਗਾ।
ਸਿੰਥੈਟਿਕ ਡਰੱਗ ਰੈਕਟ ਦੇ ਮੁਖੀ ਜਗਦੀਸ਼ ਭੋਲਾ ਵਲੋਂ ਜੇਲ ਦੇ ਅੰਦਰ ਤੋਂ ਇਕ ਟੀ.ਵੀ. ਚੈਨਲ ਨੂੰ ਦਿੱਤੀ ਟੈਲੀਫੋਨਿਕ ਇੰਟਰਵਿਊ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿਚ ਫਿਰ ਤੋਂ ਇਸ ਮਾਮਲੇ ਦੀ ਚਰਚਾ ਜ਼ੋਰਾਂ 'ਤੇ ਹੈ, ਉਥੇ ਨਾਭਾ ਦੀ ਮੈਕਸੀਮਮ ਸਿਕਓਰਿਟੀ ਜੇਲ ਵਲੋਂ ਕੈਦੀਆਂ ਨੂੰ ਗੱਲ ਕਰਵਾਉਣ ਲਈ ਲਗਾਏ ਗਏ ਟੈਲੀਫੋਨਾਂ 'ਤੇ ਨਵੇਂ ਸਿਸਟਮ ਲਗਾ ਦਿੱਤੇ ਗਏ ਹਨ। ਜਿਸ ਨਾਲ ਸਿਰਫ ਉਨ੍ਹਾਂ ਨੰਬਰਾਂ 'ਤੇ ਹੀ ਗੱਲ ਕੀਤੀ ਜਾ ਸਕੇਗੀ, ਜਿਹੜੇ ਕਿ ਪਹਿਲਾਂ ਪ੍ਰੀਨੋਟੀਫਾਈ ਹੋਣ ਅਤੇ ਕਾਲ 10 ਮਿੰਟਾਂ ਤੋਂ ਬਾਅਦ ਆਪਣੇ ਆਪ ਕੱਟ ਜਾਵੇਗੀ। ਇਥੇ ਇਹ ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਜਗਦੀਸ਼ ਭੋਲਾ ਨੇ ਨਾਭਾ ਜੇਲ ਦੇ ਅੰਦਰ ਤੋਂ ਇਕ ਪੰਜਾਬੀ ਟੀ.ਵੀ. ਚੈਨਲ 'ਤੇ 14 ਮਿੰਟ ਤੱਕ ਗੱਲ ਕੀਤੀ ਹੈ। ਜਿਸ ਨੂੰ ਲੈ ਕੇ ਜੇਲ ਵਿਭਾਗ ਵਿਚ ਕਾਫੀ ਜ਼ਿਆਦਾ ਹਲਚਲ ਮਚੀ ਹੋਈ ਹੈ।
ਜਦੋਂ ਏਮਜ਼ ਨੂੰ ਲੈ ਕੇ ਸਾਂਪਲਾ ਅਤੇ ਹਰਸਿਮਰਤ ਭਿੜੇ
NEXT STORY