ਅੰਮ੍ਰਿਤਸਰ(ਰਣਜੀਤ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਕੈਂਪਸ ਅੰਮ੍ਰਿਤਸਰ ਦੇ ਹੋਸਟਲਾਂ 'ਚ ਰਹਿ ਰਹੀਆਂ ਵਿਦਿਆਰਥਣਾਂ ਅਜੇ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੀਆਂ ਹਨ, ਹਾਲਾਂਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਵਿਦਿਆਰਥਣਾਂ ਅਸੁਰੱਖਿਅਤ ਹਨ। ਬੀਤੀ ਰਾਤ 9.30 ਵਜੇ ਯੂਨੀਵਰਸਿਟੀ ਦੇ ਹੋਸਟਲ ਨੰਬਰ 3 'ਚ ਇਕ ਵਿਅਕਤੀ ਦੇ ਹੋਸਟਲ ਦੀ ਵੱਡੀ ਕੰਧ ਤੇ ਤਾਰਾਂ ਟੱਪ ਕੇ ਅੰਦਰ ਚਲੇ ਜਾਣ ਨਾਲ ਜਿਥੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਭੰਬਲ-ਭੂਸੇ 'ਚ ਪਾਇਆ ਹੋਇਆ ਹੈ, ਉਥੇ ਹੀ ਇਸ ਤਰ੍ਹਾਂ ਕਿਸੇ ਅਣਪਛਾਤੇ ਦਾ ਹੋਸਟਲ 'ਚ ਦਾਖਲ ਹੋਣਾ ਯੂਨੀਵਰਸਿਟੀ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।
ਹੋਸਟਲ 'ਚ ਸੰਤੋਸ਼ ਪੁੱਤਰ ਲਾਲੂ ਪ੍ਰਸਾਦ ਯੂ. ਪੀ. ਆਸਾਨੀ ਨਾਲ ਦਾਖਲ ਹੋ ਗਿਆ ਪਰ ਹੋਸਟਲ ਦੀਆਂ ਲੜਕੀਆਂ ਨੇ ਇਸ ਨੂੰ ਫੜ ਕੇ ਇੰਨਾ ਕੁਟਾਪਾ ਚਾੜ੍ਹਿਆ ਕਿ ਪੁਲਸ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਥਾਣੇ ਲੈ ਕੇ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਵਿਅਕਤੀ ਇਸੇ ਤਰ੍ਹਾਂ ਕੰਧ ਟੱਪ ਕੇ ਲੜਕੀਆਂ ਦੇ ਹੋਸਟਲ 'ਚ ਵੜ ਗਿਆ ਸੀ ਤੇ ਵਿਦਿਆਰਥਣ ਦੇ ਕਮਰੇ ਤਕ ਪਹੁੰਚ ਗਿਆ ਸੀ। ਵਿਦਿਆਰਥਣ ਵਲੋਂ ਰੌਲਾ ਪਾਉਣ ਤੋਂ ਬਾਅਦ ਉਸ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਗਿਆ ਸੀ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੋਸਟਲ ਦੀਆਂ ਕੰਧਾਂ ਜਿਥੇ ਉੱਚੀਆਂ ਕਰਵਾਈਆਂ, ਉਥੇ ਹੀ ਇਸ 'ਤੇ ਕੰਡਿਆਲੀ ਤਾਰ ਵੀ ਲਾ ਦਿੱਤੀ ਗਈ ਸੀ। ਇਹੋ ਨਹੀਂ ਹੋਸਟਲ 'ਚ ਆਉਣ-ਜਾਣ ਵਾਲਿਆਂ 'ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਤਕ ਲਵਾ ਦਿੱਤੇ ਗਏ ਹਨ।
ਇਹ ਯੂਨੀਵਰਸਿਟੀ ਲਈ ਕੋਈ ਪਹਿਲਾ ਮਾਮਲਾ ਨਹੀਂ ਹੈ ਤੇ ਇਸ ਤਰ੍ਹਾਂ ਦੇ ਮਾਮਲੇ ਵਾਰ-ਵਾਰ ਸਾਹਮਣੇ ਆਉਣ 'ਤੇ ਵਿਦਿਆਰਥਣਾਂ ਦੇ ਮਾਪਿਆਂ 'ਚ ਵੀ ਡਰ ਦਾ ਮਾਹੌਲ ਹੈ। ਹਾਲਾਂਕਿ ਯੂਨੀਵਰਸਿਟੀ ਦੇ ਅਧਿਕਾਰੀ ਸੁਰੱਖਿਆ ਦੀ ਪੂਰੀ ਗਾਰੰਟੀ ਦੇ ਰਹੇ ਹਨ ਪਰ ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦਾ ਹੋਸਟਲ 'ਚ ਦਾਖਲ ਹੋਣਾ ਸੁਰੱਖਿਆ ਦੀ ਪੋਲ ਖੋਲ੍ਹਦਾ ਹੈ।
ਯੂਨੀਵਰਸਿਟੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਡੀਨ ਅਕੈਡਮਿਕ ਅਫੇਅਰਜ਼ ਵਲੋਂ 9 ਤੇ 10 ਨੂੰ ਕਲਾਸਾਂ ਨਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੀਆਂ ਕਲਾਸਾਂ ਇਨ੍ਹਾਂ ਦਿਨਾਂ 'ਚ ਨਹੀਂ ਲੱਗਣਗੀਆਂ। ਸ਼ੁੱਕਰਵਾਰ ਤੋਂ ਐਤਵਾਰ ਤਕ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਟੀਚਿੰਗ ਸਸਪੈਂਡ ਹੋਣ ਨਾਲ ਵਿਦਿਆਰਥੀਆਂ ਨੂੰ ਦੋ ਦਿਨ ਦੀਆਂ ਹੋਰ ਛੁੱਟੀਆਂ ਮਿਲ ਗਈਆਂ ਹਨ। ਇਸ ਤੋਂ ਬਾਅਦ 12 ਤੋਂ 14 ਮਾਰਚ ਤਕ ਯੂਨੀਵਰਸਿਟੀ 'ਚ 'ਜਸ਼ਨ' ਪ੍ਰੋਗਰਾਮ ਹੈ ਤੇ ਇਸ ਤੋਂ ਬਾਅਦ ਐਤਵਾਰ ਹੈ ਤੇ ਹੁਣ ਯੂਨੀਵਰਸਿਟੀ 16 ਮਾਰਚ ਨੂੰ ਖੁੱਲ੍ਹ ਰਹੀ ਹੈ।
ਦੂਜੇ ਪਾਸੇ ਯੂਨੀਵਰਸਿਟੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਹੈ ਕਿ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿਛਲੀ ਵਾਰ ਦੀ ਤਰ੍ਹਾਂ ਇਕ ਵਿਅਕਤੀ ਦੇ ਹੋਸਟਲ 'ਚ ਵੜਨ ਤੋਂ ਬਾਅਦ ਵਿਦਿਆਰਥੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਹੋਲੀ ਦੀਆਂ ਛੁੱਟੀਆਂ ਦੇ ਨਾਲ ਦੋ ਦਿਨ ਦੀ ਟੀਚਿੰਗ ਇਸ ਲਈ ਸਸਪੈਂਡ ਕਰ ਦਿੱਤੀ ਹੈ ਤਾਂ ਕਿ ਵਿਦਿਆਰਥੀ ਕਿਸੇ ਤਰ੍ਹਾਂ ਦਾ ਰੋਸ ਨਾ ਪ੍ਰਗਟ ਕਰ ਸਕਣ, ਜਦਕਿ ਇਸ ਤੋਂ ਅਗਲੇ ਦਿਨ ਹੀ ਯੂਨੀਵਰਸਿਟੀ 'ਚ ਕਨਵੋਕੇਸ਼ਨ ਹੋਣ ਵਾਲੀ ਹੈ। ਇਹ ਵੀ ਸੁਣਨ 'ਚ ਆਇਆ ਹੈ ਕਿ ਕਨਵੋਕੇਸ਼ਨ ਵਾਲੇ ਦਿਨ ਵੀ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਸਕਦੇ ਹਨ।
ਸਿੰਥੈਟਿਕ ਡਰੱਗ ਰੈਕਟ ਦੇ ਮੁਖੀ ਜਗਦੀਸ਼ ਭੋਲਾ ਨੂੰ ਇਕ ਹੋਰ ਝਟਕਾ
NEXT STORY