ਹੈਮਿਲਟਨ/ਨਿਊਜ਼ੀਲੈਂਡ- ਭਾਰਤ ਨੇ ਅੱਜ ਵਿਸ਼ਵ ਕੱਪ ਪੂਲ-ਬੀ ਦੇ ਮੁਕਾਬਲੇ 'ਚ ਆਇਰਲੈਂਡ 'ਤੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤਾਂ ਦਰਜ ਕਰ ਲਈਆਂ ਅਤੇ ਮੌਜੂਦਾ ਭਾਰਤੀ ਟੀਮ ਨੇ ਸੌਰਭ ਗਾਂਗੁਲੀ ਦੀ ਟੀਮ ਦਾ ਪਿਛਲਾ ਵਿਸ਼ਵ ਕੱਪ 'ਚ ਲਗਾਤਾਰ 8 ਜਿੱਤਾਂ ਦਾ ਰਿਕਾਰਡ ਤੋੜ ਦਿੱਤਾ।
ਆਇਰਲੈਂਡ ਵਲੋਂ ਮਿਲੇ 260 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 37 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾ ਕੇ ਸਰ ਕਰ ਲਿਆ। ਓਪਨਰ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮਜਬੂਤ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ (64) ਦੇ ਰੂਪ 'ਚ ਭਾਰਤ ਨੂੰ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਧਵਨ ਨੇ ਸੈਂਕੜਾ ਜੜ੍ਹਿਆ। ਧਵਨ ਨੇ 85 ਗੇਂਦਾਂ 'ਚ 11 ਚੌਕਿਆਂ ਤੇ 5 ਛੱਕਿਆਂ ਨਾਲ 100 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਪਾਰੀ ਦੌਰਾਨ ਉਸ ਨੂੰ 2 ਜੀਵਨਦਾਨ ਵੀ ਮਿਲੇ। ਧਵਨ ਨੂੰ 10 ਦੌੜਾਂ ਦੇ ਅੰਦਰ-ਅੰਦਰ ਦੋ ਜੀਵਨਦਾਨ ਮਿਲੇ।
ਧਵਨ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੇ ਪਾਰੀ ਨੂੰ ਫੁਰਤੀ ਨਾਲ ਅੱਗੇ ਵਧਾਇਆ। ਦੋਹਾਂ ਨੇ ਤੀਜੀ ਵਿਕਟ ਲਈ 70 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਭਾਰਤ ਨੂੰ ਕੋਈ ਹੋਰ ਝਟਕਾ ਲੱਗਣ ਨਹੀਂ ਦਿੱਤਾ ਅਤੇ ਟੀਮ ਨੂੰ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕਰਵਾ ਦਿੱਤੀ। ਕੋਹਲੀ ਨੇ 44* ਅਤੇ ਰਹਾਣੇ ਨੇ 33* ਦੌੜਾਂ ਬਣਾਈਆਂ। ਆਇਰਲੈਂਡ ਵਲੋਂ ਦੋਵੇਂ ਵਿਕਟ ਸਟੂਅਰਟ ਥਾਮਪਸਨ ਨੇ ਲਈਆਂ। ਸ਼ਿਖਰ ਧਵਨ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।
ਇਸ ਤੋਂ ਪਹਿਲਾਂ ਆਇਰਲੈਂਡ ਦੀ ਪੂਰੀ ਟੀਮ 49 ਓਵਰਾਂ ਵਿਚ 259 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਵਿਲੀਅਮ ਪੋਟਰਫੀਲਡ ਨੇ 67 ਦੌੜਾਂ ਦੀ ਅਤੇ ਨਿਏਲ ਓ ਬ੍ਰਾਇਨ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਅਤੇ ਆਰ ਅਸ਼ਵਿਨ ਨੇ 2 ਵਿਕਟਾਂ ਝਟਕੀਆਂ ਜਦੋਂ ਕਿ ਮੋਹਿਤ ਸ਼ਰਮਾ, ਉਮੇਸ਼ ਯਾਦਵ, ਰਵਿੰਦਰ ਜਡੇਜਾ ਅਤੇ ਸੁਰੇਸ਼ ਰੈਨਾ ਨੇ ਇਕ-ਇਕ ਸਫਲਤਾ ਹਾਸਲ ਕੀਤੀ।
ਭਾਰਤੀ ਟੀਮ ਪਹਿਲਾਂ ਹੀ 4 ਮੈਚ ਜਿੱਤ ਕੇ ਕਵਾਰਟਰ ਫਾਈਨਲ ਵਿਚ ਪਹੁੰਚ ਗਈ ਹੈ। ਜਦੋਂ ਕਿ ਆਇਰਲੈਂਡ ਨੇ ਨਵੀਂ ਟੀਮ ਹੋਣ ਦੇ ਬਾਵਜੂਦ ਇਸ ਵਿਸ਼ਵਕੱਪ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਆਇਰਲੈਂਡ ਨੇ ਸ਼ੁਰੂਆਤ ਵਧੀਆ ਕੀਤੀ ਪਰ ਅਸ਼ਵਿਨ ਦੇ ਗੇਂਦ 'ਤੇ ਆਇਰਲੈਂਡ ਨੇ ਆਪਣੀ ਪਹਿਲੀ ਵਿਕਟ ਪਾਲ ਸਟਰਲਿੰਗ ਦੇ ਰੂਪ ਵਿਚ ਗੁਆ ਦਿੱਤੀ। ਦੂਜੇ ਪਾਸੇ ਸੁਰੈਸ਼ ਰੈਨਾ ਨੇ ਜਾਇਸ ਨੂੰ ਬੋਲਡ ਕਰ ਦਿੱਤਾ। 67 ਦੌੜਾਂ ਦੇ ਨਿੱਜੀ ਸਕੋਰ 'ਤੇ ਪੋਟਰਫੀਲਡ ਮੋਹਿਤ ਸ਼ਰਮਾ ਦੀ ਗੇਂਦ 'ਤੇ ਉਮੇਸ਼ ਯਾਦਵ ਨੂੰ ਕੈਚ ਕਰਵਾ ਬੈਠੇ। 206 ਦੇ ਕੁੱਲ ਸਕੋਰ 'ਤੇ ਬਾਲਬ੍ਰਿਨੀ ਅਸ਼ਵਿਨ ਦੇ ਹੱਥੋਂ ਕੈਚ ਆਊਟ ਹੋ ਗਏ। ਓਬੇਰੀਅਨ 39.3ਵੇਂ ਓਵਰ 'ਤੇ ਸ਼ਮੀ ਦੀ ਗੇਂਦ 'ਤੇ ਇਕ ਦੌੜ ਬਣਾ ਕੇ ਹੀ ਆਊਟ ਹੋ ਗਏ।
ਨਿਏਲ ਓ ਬ੍ਰਾਇਨ ਅਤੇ ਬਾਲਬ੍ਰਿਨੀ ਨੇ ਚੌਥੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਆਇਰਿਸ਼ ਟੀਮ ਦੀਆਂ 5 ਵਿਕਟਾਂ ਤੇਜ਼ੀ ਨਾਲ ਡਿੱਗ ਗਈਆਂ, ਜਿਸ ਕਾਰਨ ਟੀਮ ਦੇ 300 ਦੇ ਪਾਰ ਸਕੋਰ ਕਰਨ ਦੀ ਯੋਜਨਾ ਅਸਫਲ ਹੋ ਗਈ।
ਟੀਮ ਇੰਡੀਆ ਦੇ ਨਿਸ਼ਾਨੇ 'ਤੇ ਹੁਣ 'ਜਾਇੰਟ ਕਿੱਲਰ'!
NEXT STORY