ਸ੍ਰੀ ਮੁਕਤਸਰ ਸਾਹਿਬ (ਬੇਦੀ)- ਮੁਕਤਸਰ ਨੂੰ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਜਲੰਧਰ ਖੇਤਰ ਨਾਲ ਮਿਲਾਉਣ ਵਾਲੀ ਇਕੋ-ਇਕ ਸੜਕ ਮੁਕਤਸਰ-ਕੋਟਕਪੂਰਾ ਹੈ ਪਰ ਇਹ ਸੜਕ ਪਿਛਲੇ ਦੋ ਸਾਲਾਂ ਤੋਂ ਮਾੜੇ ਹਾਲ 'ਚ ਹੈ।
ਕਾਰਨ ਇਹ ਹੈ ਕਿ ਸੜਕ ਨੂੰ ਅਪਗਰੇਡ ਕਰਨ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ, ਜਦਕਿ ਕਈ-ਕਈ ਮਹੀਨੇ ਤਾਂ ਇਸ ਦਾ ਕੰਮ ਵੀ ਬੰਦ ਰਹਿੰਦਾ ਹੈ। ਜਦੋਂ ਕੋਈ ਮੰਤਰੀ ਇਸ ਸੜਕ ਤੋਂ ਲੰਘਣਾ ਹੁੰਦਾ ਹੈ ਤਾਂ ਮਿੱਟੀ ਪਾ ਕੇ ਟੋਏ ਭਰ ਦਿੱਤੇ ਜਾਂਦੇ ਹਨ ਅਤੇ ਸੜਕ ਦੇ ਕੰਢਿਆਂ 'ਤੇ ਚਿਤਾਵਨੀ ਬੋਰਡ ਲਗਾ ਦਿੱਤੇ ਜਾਂਦੇ ਹਨ ਪਰ ਬਾਅਦ 'ਚ ਸਮੱਸਿਆ ਜਿਉਂ ਤੀ ਤਿਉਂ ਬਣ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਸੜਕ ਦਾ ਨੀਂਹ ਪੱਥਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ 8 ਦਸੰਬਰ 2012 ਨੂੰ ਰੱਖਿਆ ਗਿਆ ਸੀ ਅਤੇ ਸੜਕ ਜੂਨ 2013 ਤੱਕ ਤਿਆਰ ਹੋਣ ਦਾ ਦਾਅਵਾ ਕੀਤਾ ਸੀ। ਇਹ ਸੜਕ 70 ਕਰੋੜ ਦੇ ਖਰਚੇ ਨਾਲ 'ਅਪਗਰੇਡ' (ਦੋ ਮਾਰਗੀ) ਹੋਣ ਵਾਲੀ ਸੀ ਪਰ ਹੁਣ ਸੜਕ ਦੀ ਹਾਲਤ ਦਿਨੋ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਨਿਰਮਾਤਾ ਕੰਪਨੀ ਵਲੋਂ ਸਾਲ ਪਹਿਲਾਂ ਸੜਕ ਚੌੜੀ ਕਰਨ ਲਈ 3 ਫੁੱਟ ਡੂੰਘੀ ਖਾਈ ਵੀ ਪੁੱਟ ਦਿੱਤੀ ਗਈ ਸੀ ਪਰ ਨਾ ਸੜਕ ਬਣੀ ਅਤੇ ਨਾ ਹੀ ਖਾਈ ਭਰੀ। ਇਹ ਖਾਈ ਹੁਣ ਰਾਹਗੀਰਾਂ ਲਈ ਜਾਨਲੇਵਾ ਬਣੀ ਹੋਈ ਹੈ।
ਸੜਕ ਕੰਢਿਓਂ ਕਰੀਬ 3 ਕਰੋੜ ਰੁਪਏ ਦੇ 1600 ਤੋਂ ਵੱਧ ਦਰੱਖਤ ਵੱਢ ਕੇ ਵੇਚ ਦਿੱਤੇ ਗਏ ਹਨ। ਪੰਜਾਬ ਸਟੇਟ ਰੋਡ ਸੈਕਟਰ ਪ੍ਰੋਜੈਕਟ ਦੇ ਨਿਰਦੇਸ਼ਾਂ ਅਤੇ 'ਫਾਰੈਸਟ ਕੰਜ਼ਰਵੇਸ਼ਨ ਐਕਟ 1980' ਅਧੀਨ ਪੁੱਟੇ ਇਕ ਦਰੱਖਤ ਬਦਲੇ ਦੋ ਦਰੱਖਤ ਲਗਾਏ ਜਾਣੇ ਜ਼ਰੂਰੀ ਹਨ ਪਰ ਮੁਕਤਸਰ-ਕੋਟਕਪੂਰਾ ਸੜਕ 'ਤੇ ਇਹ ਨਿਯਮ ਵੀ ਛਿੱਕੇ ਟੰਗ ਦਿੱਤਾ ਗਿਆ ਹੈ। ਰੁੱਖ ਵੱਢਣ ਦੇ ਸਾਲ ਬਾਅਦ ਵੀ ਇਕ ਵੀ ਨਵਾਂ ਪੌਦਾ ਨਹੀਂ ਲਗਾਇਆ ਗਿਆ। 'ਪੰਜਾਬ ਵਰਕਸ ਵਿਭਾਗ' ਕੋਲੋਂ ਹਾਸਲ ਜਾਣਕਾਰੀ ਅਨੁਸਾਰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਕਾਰਜਕਾਰੀ ਕਮੇਟੀ ਵਲੋਂ 7 ਅਗਸਤ 2012 ਨੂੰ ਇਹ ਕੰਮ 18 ਮਹੀਨਿਆਂ 'ਚ ਪੂਰਾ ਕਰਨ ਦੀ ਸ਼ਰਤ 'ਤੇ ਇਹ ਕੰਮ ਮੈਸ. ਸੁਪਰੀਮ ਇਨਫਰਾਸਟਰੱਕਚਰ ਇੰਡੀਆ ਲਿਮ. ਗੁੜਗਾਓਂ ਨੂੰ ਅਲਾਟ ਕੀਤਾ ਗਿਆ ਸੀ। ਉਪਰੰਤ ਮੈਸ. ਐੱਸ. ਪੀ. ਐੱਮ. ਐੱਲ., ਐੱਸ. ਆਈ. ਆਈ. ਐੱਲ. (ਜੇਵੀ) ਗੁੜਗਾਓਂ ਵਲੋਂ ਕੋਟਕਪੂਰਾ-ਮੁਕਤਸਰ ਟੋਲਵੇਜ਼ ਪ੍ਰਾਈਵੇਟ ਲਿਮ. ਗੁੜਗਾਓਂ ਨਾਂ ਦੀ ਐੱਸ. ਪੀ. ਵੀ. ਬਣਾਈ ਗਈ ਅਤੇ 14 ਦਸੰਬਰ 2012 ਨੂੰ 65.04 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਅਲਾਟ ਕਰ ਦਿੱਤਾ। ਇਸ ਕੰਮ ਦਾ ਉਸਾਰੀ ਸਮਾਂ 18 ਮਹੀਨੇ ਰੱਖਿਆ ਸੀ।
ਟੋਲ ਪਲਾਜ਼ਾ ਵਾਲੀ ਇਸ 31 ਕਿਲੋਮੀਟਰ ਲੰਬੀ ਸੜਕ ਦੀ ਨਿਰਮਾਤਾ ਕੰਪਨੀ ਦੇ ਅਧਿਕਾਰੀ ਸੁਪਰੀਮ ਇਨਫਰਾਸਟਰੱਕਚਰ ਇੰਡੀਆ ਦੇ ਅਧਿਕਾਰੀ ਰਾਜੀਵ ਸ਼ਰਮਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਸਰਹਿੰਦ ਤੇ ਰਾਜਸਥਾਨ ਫੀਡਰ ਦੇ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ ਤੇ ਇਸ ਵਰ੍ਹੇ ਸੜਕ ਮੁਕੰਮਲ ਹੋ ਜਾਵੇਗੀ।
17 ਸਾਲਾਂ ਬਾਅਦ ਫੁਟਿਆ ਸ਼ਹੀਦ ਪਰਿਵਾਰ ਦਾ ਦਰਦ ਕਿਹਾ...
NEXT STORY