ਖੰਨਾ, (ਕਮਲ, ਸੁਖਵਿੰਦਰ ਕੌਰ)— ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਅੱਜ ਕਣਕ ਦੀ ਸਰਕਾਰੀ ਖਰੀਦ ਦਾ ਉਦਘਾਟਨ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੋਂ ਕੀਤਾ ਗਿਆ। ਬੈਨੀਪਾਲ ਟ੍ਰੈਡਿੰਗ ਕੰਪਨੀ ਦੀ 20 ਟਨ ਦੀ ਫਸਲ ਦੀ ਪਹਿਲੀ ਢੇਰੀ 1450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐੱਫ. ਸੀ. ਆਈ. ਵਲੋਂ ਖਰੀਦੀ ਗਈ। ਇਸ ਉਪਰੰਤ ਲੱਖੋਵਾਲ ਨੇ ਮਾਰਕੀਟ ਕਮੇਟੀ ਹਾਲ ਵਿਖੇ ਮੀਟਿੰਗ ਕਰਕੇ ਆੜ੍ਹਤੀਆਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਆੜ੍ਹਤੀਆਂ ਨੇ ਕਿਹਾ ਕਿ ਫਸਲ 'ਚ ਨਮੀ ਦੀ ਮਾਤਰਾ ਜ਼ਿਆਦਾ ਆ ਰਹੀ ਹੈ ਤੇ ਕਿਸਾਨਾਂ ਨੂੰ ਇਸ 'ਚ ਛੂਟ ਦੇ ਕੇ ਰਾਹਤ ਦਿੱਤੀ ਜਾਵੇ। ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰਾ ਕਰਕੇ ਨਮੀ 'ਚ ਛੂਟ ਨਹੀਂ ਦਿੱਤੀ ਹੈ ਜਦੋਂਕਿ ਬਾਕੀ ਕੁੱਝ ਸੂਬਿਆਂ 'ਚ ਨਮੀ ਵਧਾ ਕੇ 14.5 ਫੀਸਦੀ ਕਰ ਦਿੱਤੀ ਗਈ ਹੈ। ਲੱਖੋਵਾਲ ਨੇ ਕਿਹਾ ਕਿ ਪੰਜਾਬ 'ਚ ਨਮੀ ਦੀ ਮਾਤਰਾ 15 ਫੀਸਦੀ ਕਰਨੀ ਚਾਹੀਦੀ ਹੈ।
ਲੱਖੋਵਾਲ ਨੇ ਕਿਹਾ ਕਿ ਭੂਮੀ ਗ੍ਰਹਿਣ ਸੋਧ ਬਿੱਲ ਦਾ ਉਹ ਡੱਟ ਕੇ ਵਿਰੋਧ ਕਰਨਗੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਨੇ ਲੱਖੋਵਾਲ ਕੋਲ ਦਾਣਾ ਮੰਡੀ ਖੰਨਾ ਸੰਬੰਧੀ ਕੁੱਝ ਮੰਗਾਂ ਰੱਖੀਆਂ, ਜਿਨ੍ਹਾਂ 'ਚ ਖੰਨਾ ਮੰਡੀ 'ਚ ਮੱਕੀ ਸੁਕਾਉਣ ਦਾ ਪ੍ਰੋਜੈਕਟ ਲਗਾਉਣ ਸੰਬੰਧੀ, ਪਖਾਨੇ ਹੋਰ ਬਣਾਉਣ ਸੰਬੰਧੀ, ਮੰਡੀ ਦੀ ਸਫਾਈ ਕਰਨ ਸੰਬੰਧੀ, ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਤੇ ਕਮੇਟੀ ਦੇ ਮੀਟਿੰਗ ਹਾਲ ਦੀ ਫੀਸ 2000 ਤੋਂ ਘਟਾ ਕੇ 500 ਕੀਤੀ ਜਾਵੇ, ਜਿਨ੍ਹਾਂ ਨੂੰ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੋਂ ਤੁਰੰਤ ਪ੍ਰਵਾਨ ਕਰ ਲਿਆ ਗਿਆ।
ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਦਵਿੰਦਰ ਸਿੰਘ ਖੱਟੜਾ, ਜ਼ਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਪ੍ਰਧਾਨ ਸੁਖਵਿੰਦਰ ਸਿੰਘ ਚੀਮਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਬੰਸ ਸਿੰਘ ਰੋਸ਼ਾ, ਦਿਹਾਤੀ ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਸਾਬਕਾ ਪ੍ਰਧਾਨ ਅਜਮੇਰ ਸਿੰਘ ਪੂਰਬਾ, ਜਥੇ. ਮੇਜਰ ਸਿੰਘ ਪੱਲ੍ਹਾ, ਯਾਦਵਿੰਦਰ ਸਿੰਘ ਲਿਬੜਾ, ਸੁਸ਼ੀਲ ਕੁਮਾਰ ਸ਼ੀਲਾ, ਭਰਪੂਰ ਚੰਦ ਬੈਕਟਰ, ਯਾਦਵਿੰਦਰ ਸਿੰਘ ਜੰਡਾਲੀ, ਸੁਰਜੀਤ ਸਿੰਘ ਪੂਰਬਾ, ਹਮੀਰ ਸਿੰਘ ਰਤਨਹੇੜੀ, ਸਰਬਜੀਤ ਸਿੰਘ ਰੁਪਾਲੋਂ, ਜਗਦੇਵ ਸਿੰਘ ਹੋਲ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਗਿੱਲ, ਜਗਤਾਰ ਸਿੰਘ ਰਤਨਹੇੜੀ, ਬਲਵਿੰਦਰ ਸਿੰਘ ਗੋਹ, ਗੁਲਜ਼ਾਰ ਸਿੰਘ ਨਰੈਣਗੜ੍ਹ, ਰਾਜਪਾਲ ਸਿੰਘ ਗਿੱਲ ਸਮੇਤ ਵੱਡੀ ਗਿਣਤੀ 'ਚ ਆੜ੍ਹਤੀ ਤੇ ਕਿਸਾਨ ਮੌਜੂਦ ਸਨ।
ਸੋਨੀਆ ਗਾਂਧੀ ਹੀ ਬਣੇ ਕਾਂਗਰਸ ਪ੍ਰਧਾਨ : ਕੈਪਟਨ (ਵੀਡੀਓ)
NEXT STORY