ਸਵਾਦ 'ਚ ਬੇਹੱਦ ਕਸੈਲਾ ਕਰੇਲਾ ਲੋਕਾਂ ਨੂੰ ਘੱਟ ਹੀ ਪਸੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈ, ਉਹ ਹੀ ਇਸ ਦਾ ਸੇਵਨ ਕਰਦੇ ਹਨ, ਆਮ ਲੋਕ ਇਸ ਖਾਣ ਲੱਗਿਆਂ ਸੌ ਨਖਰੇ ਕਰਦੇ ਹਨ ਪਰ ਕਰੇਲੇ 'ਚ ਅਜਿਹੇ ਬਹੁਤ ਸਾਰੇ ਤੱਤ ਹਨ, ਜੋ ਸਾਡੇ ਲਈ ਬੇਹੱਦ ਫਾਇਦੇਮੰਦ ਹਨ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਸਬਜ਼ੀ ਜਾਂ ਫਿਰ ਇਸ ਦੇ ਜੂਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਘਟਾਇਆ ਜਾ ਸਕਦਾ ਹੈ। ਜਾਣਦੇ ਹਾਂ ਕਰੇਲਾ ਸਾਨੂੰ ਸਵਾਦ ਦੀ ਥਾਂ ਕਿਹੜੇ ਲਾਭ ਦੇ ਸਕਦਾ ਹੈ।
ਸਾਹ ਸੰਬੰਧੀ ਬੀਮਾਰੀਆਂ ਕਰੇ ਦੂਰ
ਤਾਜ਼ਾ ਕਰੇਲਾ ਸਾਹ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਦਮਾ ਅਤੇ ਸਰਦੀ-ਜ਼ੁਕਾਮ ਤੋਂ ਸਾਨੂੰ ਬਚਾਉਂਦੈ। ਰੋਜ਼ਾਨਾ ਇਸ ਦਾ ਸੇਵਨ ਕਰਨਾ ਤਾਂ ਕਿਸੇ ਲਈ ਵੀ ਸੰਭਵ ਨਹੀਂ ਪਰ ਕੋਸ਼ਿਸ਼ ਕਰੋ ਕਿ ਹਫਤੇ 'ਚ 2-3 ਵਾਰ ਇਸ ਦੀ ਸਬਜ਼ੀ ਖਾਧੀ ਜਾ ਸਕੇ। ਕਰੇਲੇ ਅਤੇ ਤੁਲਸੀ ਦੀਆਂ ਪੱਤੀਆਂ ਇਕੱਠੀਆਂ ਪੀਸ ਕੇ ਸਵੇਰੇ-ਸਵੇਰੇ ਸ਼ਹਿਦ ਨਾਲ ਸੇਵਨ ਕਰਨ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਦਮਾ ਹੋਣ 'ਤੇ ਬਿਨਾਂ ਮਸਾਲੇ ਦੀ ਕਰੇਲੇ ਦੀ ਸਬਜ਼ੀ ਫਾਇਦੇਮੰਦ ਹੁੰਦੀ ਹੈ।
ਲਿਵਰ ਲਈ ਹੈ ਚੰਗਾ
ਖਾਣ-ਪੀਣ ਦੇ ਗਲਤ ਤਰੀਕੇ, ਡਰਿੰਕ ਅਤੇ ਕੁਝ ਬੀਮਾਰੀਆਂ ਦਾ ਸਭ ਤੋਂ ਛੇਤੀ ਅਤੇ ਸਿੱਧਾ ਅਸਰ ਸਾਡੇ ਲਿਵਰ 'ਤੇ ਪੈਂਦਾ ਹੈ। ਇਸ ਨਾਲ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਸੇ ਕਾਰਨ ਅਗਾਂਹ ਚੱਲ ਕੇ ਡਾਕਟਰ ਤੁਹਾਨੂੰ ਕਈ ਤਰ੍ਹਾਂ ਦੇ ਖਾਣ-ਪੀਣ 'ਚ ਪਰਹੇਜ਼ ਦੀ ਸਲਾਹ ਦਿੰਦੇ ਹਨ। ਜ਼ਰਾ ਜਿੰਨੀ ਲਾਪਰਵਾਹੀ ਕੋਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ। ਇਹੋ ਜਿਹੀਆਂ ਸਮੱਸਿਆਵਾਂ ਤੋਂ ਬਚਣ ਅਤੇ ਲਿਵਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਰੋਜ਼ਾਨਾ ਇਕ ਗਲਾਸ ਕਰੇਲਿਆਂ ਦਾ ਜੂਸ ਪੀਣਾ ਚਾਹੀਦੈ। ਜੇਕਰ ਛੇਤੀ ਅਸਰ ਚਾਹੁੰਦੇ ਹਾਂ ਤਾਂ ਹਫਤੇ ਤੱਕ ਇਸ ਦਾ ਸੇਵਨ ਕਰੋ। ਪਾਣੀ ਦੀ ਕਮੀ ਹੋਣ 'ਤੇ ਅੱਧਾ ਕੱਪ ਪਾਣੀ 'ਚ 2 ਚੱਮਚ ਕਰੇਲਿਆਂ ਦਾ ਰਸ ਮਿਲਾ ਕਿ ਤਿੰਨ ਤੋਂ ਚਾਰ ਵਾਰ ਪੀਣ ਨਾਲ ਫਾਇਦਾ ਮਿਲਦਾ ਹੈ।
ਰੋਗ-ਪ੍ਰਤੀਰੋਧਕ ਸਮਰੱਥਾ ਹੋਵੇ ਮਜ਼ਬੂਤ
ਕਰੇਲੇ 'ਚ ਅਜਿਹੇ ਕਈ ਤੱਤ ਹੁੰਦੇ ਹਨ, ਜਿਸ ਨਾਲ ਸਰੀਰ ਦੇ ਰੋਗ ਪ੍ਰਤੀਰੋਧਕ ਤੰਤਰ ਦੀ ਸਮਰੱਥਾ ਵਧਦੀ ਹੈ। ਕਰੇਲੇ ਨੂੰ ਪਾਣੀ 'ਚ ਉਬਾਲ ਕੇ ਪੀਣਾ ਸਭ ਤੋਂ ਵਧੇਰੇ ਫਾਇਦੇਮੰਦ ਹੁੰਦਾ ਹੈ। ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ, ਨਾਲ ਹੀ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਅਤੇ ਰੋਗਾਂ ਨੂੰ ਵੀ ਸਾਡੇ ਤੋਂ ਦੂਰ ਰੱਖਦਾ ਹੈ।
ਦਿਲ ਦੀ ਬੀਮਾਰੀ ਰੱਖੇ ਦੂਰ
ਕਰੇਲਾ ਕਿਸੇ ਵੀ ਰੂਪ 'ਚ ਦਿਲ ਦੀ ਤੰਦਰੁਸਤੀ ਲਈ ਲਾਭਦਾਇਕ ਹੈ ਕਿਉਂਕਿ ਇਹ ਕੋਲੈਸਟ੍ਰਾਲ ਦਾ ਲੈਵਰ ਕੰਟਰੋਲ ਕਰਦਾ ਹੈ, ਜਿਸ ਨਾਲ ਆਰਟਰੀਜ਼ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰ ਸਕਦੇ ਹਨ ਅਤੇ ਦਿਲ ਦੇ ਦੌਰੇ ਦੀਆਂ ਸੰਭਾਵਨਾਵਾਂ ਕਾਫੀ ਹੱਦ ਤੱਕ ਘੱਟ ਜਾਂਦੀਆਂ ਹਨ। ਨਾਲ ਹੀ ਬਲੱਡ ਸ਼ੂਗਰ ਦੇ ਲੈਵਲ ਨੂੰ ਠੀਕ ਰੱਖ ਕੇ ਇਹ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਮੋਟਾਪਾ ਦੂਰ ਕਰਦਾ ਹੈ
ਕਰੇਲੇ 'ਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਦੇ ਸਾਰੇ ਬੇਕਾਰ ਤੱਤਾਂ ਨੂੰ ਬਾਹਰ ਕੱਢ ਦਿੰਦੇ ਹਨ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਕਰੇਲਾ ਮੋਟਾਪਾ ਘਟਾਉਣ 'ਚ ਵੀ ਸਹਾਇਕ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਕੈਲੋਰੀ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ 'ਚ 80 ਤੋਂ 85 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ, ਜੋ ਭਾਰ ਘਟਾਉਣ ਲਈ ਬਹੁਤ ਜ਼ਰੂਰੀ ਹੈ। ਕਰੇਲੇ ਦੇ ਰਸ ਨਾਲ ਪਾਣੀ ਮਿਲਾ ਕੇ ਪੀਣ ਨਾਲ ਭਾਰ ਘਟਦਾ ਹੈ।
ਡਾਇਬਟੀਜ਼ ਕਰੇ ਕੰਟਰੋਲ
ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਕਰੇਲੇ ਦਾ ਜੂਸ ਪੀਣਾ ਬਹੁਤ ਹੀ ਚੰਗਾ ਹੁੰਦਾ ਹੈ। ਉਂਝ ਤਾਂ ਇਹ ਪਹਿਲਾਂ ਹੀ ਸਿੱਧ ਹੋ ਚੁੱਕਾ ਹੈ ਕਰੇਲੇ ਨਾਲ ਸ਼ੂਗਰ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਪਰ ਹੁਣ ਖੋਜਾਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਇੰਸੁਲਿਨ ਦੀ ਲੋੜੀਂਦੀ ਮਾਤਰਾ ਨਾ ਹੋਣ ਕਾਰਨ ਖੂਨ 'ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ, ਜੋ ਟਾਈਪ-2 ਡਾਇਬਟੀਜ਼ ਲਈ ਜ਼ਿੰਮੇਵਾਰ ਹੈ ਪਰ ਕਰੇਲੇ ਦਾ ਜੂਸ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਖੀਰੇ ਦਾ ਰਸ ਅਤੇ ਹਰੀ ਸ਼ਿਮਲਾ ਮਿਰਚ ਦਾ ਰਸ ਵੀ ਕਾਫੀ ਫਾਇਦਾ ਦਿੰਦਾ ਹੈ।
ਕਬਜ਼ ਤੋਂ ਰਾਹਤ
ਕਰੇਲੇ ਵਿਚਲਾ ਫਾਈਬਰ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਸ ਨਾਲ ਕਬਜ਼ ਵਰਗੀ ਸਮੱਸਿਆ ਨਹੀਂ ਹੁੰਦੀ ਅਤੇ ਪਹਿਲਾਂ ਤੋਂ ਕਬਜ਼ ਦੀ ਸਮੱਸਿਆ ਹੋਵੇ ਤਾਂ ਕਰੇਲੇ ਨਾਲ ਦੂਰ ਕੀਤੀ ਜਾ ਸਕਦੀ ਹੈ।
ਆਰਥਰਾਇਟਿਸ 'ਚ ਅਰਾਮ
ਉਮਰ ਵਧਣ ਦੇ ਨਾਲ ਗੋਡਿਆਂ ਦਾ ਦਰਦ, ਉੱਠਣ-ਬੈਠਣ 'ਚ ਸਮੱਸਿਆ, ਪੌੜ੍ਹੀਆਂ ਚੜ੍ਹਣ 'ਚ ਤਕਲੀਫ ਹੋਣਾ ਆਰਥਰਾਇਟਿਸ ਦੇ ਸੰਕੇਤ ਹਨ। ਇਸ ਲਈ ਕਰੇਲਾ ਬਹੁਤ ਫਾਇਦੇਮੰਦ ਹੈ। ਆਰਥਰਾਇਟਿਸ ਹੋਣ 'ਤੇ ਜਾਂ ਫਿਰ ਹੱਥ-ਪੈਰਾਂ 'ਚ ਜਲਨ ਹੋਣ 'ਤੇ ਕਰੇਲੇ ਦੇ ਰਸ ਦੀ ਮਾਲਸ਼ ਨਾਲ ਰੋਗੀ ਨੂੰ ਅਰਾਮ ਮਿਲਦਾ ਹੈ।
ਬਚਾਏ ਕੈਂਸਰ ਤੋਂ
ਕੈਂਸਰ ਅਤੇ ਏਡਜ਼ ਵਰਗੀਆਂ ਬੀਮਾਰੀਆਂ ਨਾਲ ਲੜਨ 'ਚ ਕਰੇਲਾ ਸਹਾਇਕ ਹੁੰਦਾ ਹੈ। ਇਸ ਦਾ ਜੂਸ ਪੀਣ ਨਾਲ ਜਾਂ ਇਸ ਦੇ ਗੁੱਦੇ ਨੂੰ ਪਾਣੀ 'ਚ ਉਬਾਲ ਕੇ ਖਾਣ ਨਾਲ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦੀ ਸੰਭਾਵਨਾ ਕਾਫੀ ਘੱਟ ਕੀਤੀ ਜਾ ਸਕਦੀ ਹੈ।
ਖੂਨ ਦੀ ਕਮੀ ਕਰੇ ਦੂਰ
ਔਰਤਾਂ 'ਚ ਹੀਮੋਗਲੋਬਿਨ ਦੀ ਕਮੀ ਆਮ ਹੀ ਦੇਖਣ ਨੂੰ ਮਿਲਦੀ ਹੈ। ਇਸ ਲਈ ਖੂਨ ਵਧਾਉਣ ਵਾਲੀਆਂ ਦਵਾਈਆਂ ਤੋਂ ਇਲਾਵਾ ਆਇਰਨ ਭਰਪਰੂ ਫਲ-ਸਬਜ਼ੀਆਂ ਦੇ ਸੇਵਨ 'ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਚੰਗਾ ਹੋਵੇਗਾ ਜੇਕਰ ਦਿਨ 'ਚ ਇਕ ਵਾਰ ਕਰੇਲੇ ਦੀ ਸਬਜ਼ੀ ਜਾਂ ਇਸ ਦਾ ਜੂਸ ਪੀਤਾ ਜਾਏ। ਇਸ ਨਾਲ ਖੂਨ ਦੀ ਸਫਾਈ ਹੁੰਦੀ ਹੈ ਅਤੇ ਹੀਮੋਗਲੋਬਿਨ ਵਧਦਾ ਹੈ।
ਚਮੜੀ ਬਣਾਵੇ ਚਮਕਦਾਰ
ਇਸ ਨਾਲ ਚਮੜੀ ਸੰਬਧੀ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਹੁੰਦਾ ਹੈ। ਕਿੱਲ-ਮੁਹਾਸੇ, ਫੰਗਲ ਇਨਫੈਕਸ਼ਨ ਤੋਂ ਵੀ ਇਹ ਬਚਾਉਂਦਾ ਹੈ। ਕਰੇਲੇ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ ਦੂਰ ਕਰਦਾ ਹੈ ਅਤੇ ਝੁਰੜੀਆਂ ਗਾਇਬ ਕਰਕੇ ਤੁਹਾਨੂੰ ਜਵਾਨ ਦਿਖਾਉਂਦਾ ਹੈ।
ਵਾਲਾਂ ਲਈ ਲਾਭਦਾਇਕ
ਕਰੇਲੇ ਦੇ ਰਸ 'ਚ ਦਹੀਂ ਮਿਲਾ ਕੇ ਵਾਲਾਂ 'ਤੇ ਲਗਾਓ ਅਤੇ 15-20 ਮਿੰਟਾਂ ਬਾਅਦ ਵਾਲ ਧੋ ਲਓ, ਇਸ ਤਰ੍ਹਾਂ ਵਾਲ ਲੰਬੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ। ਨਾਲ ਹੀ ਦੋ-ਮੂੰਹੇ ਵਾਲਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਵਾਈਟ ਰਾਈਸ ਛੱਡੋ ਅਤੇ ਜਾਣੋ ਬ੍ਰਾਊਨ ਰਾਈਸ ਦੇ ਇਹ ਗੁਣ
NEXT STORY