ਚੰਡੀਗੜ੍ਹ— ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਉਂਝ ਵੀ ਪੂਰੀ ਦੁਨੀਆ ਵਿਚ ਪੰਜਾਬੀ ਆਪਣੇ ਸ਼ੌਂਕਾਂ ਲਈ ਜਾਣੇ ਜਾਂਦੇ ਹਨ ਪਰ ਇਸ 'ਸਿੰਘ' ਦਾ ਸ਼ੌਂਕ ਸੁਣ ਕੇ ਤਾਂ ਚੰਗੇ-ਚੰਗੇ ਹੈਰਾਨ ਰਹਿ ਜਾਂਦੇ ਹਨ। ਇਹ 'ਸਿੰਘ' ਸਚਮੁੱਚ ਦਾ 'ਕਿੰਗ' ਹੈ ਅਤੇ ਇਨ੍ਹਾਂ ਦਾ ਸ਼ੌਂਕ ਹੈ 786 ਨੰਬਰ ਵਾਲੇ ਨੋਟ ਇਕੱਠੇ ਕਰਨਾ। ਸਰਦਾਰ ਨਰਿੰਦਰ ਪਾਲ ਸਿੰਘ ਨਾਂ ਦੇ ਇਸ ਵਿਅਕਤੀ ਨੇ ਹੁਣ ਤੱਕ ਇਸ ਨੰਬਰ ਵਾਲੇ ਨੋਟਾਂ ਦੀ ਇੰਨੀਂ ਕਲੈਕਸ਼ਨ ਕਰ ਲਈ ਕਿ ਰਿਕਾਰਡ ਹੀ ਬਣਾ ਦਿੱਤਾ। ਲੋਕ ਹੁਣ ਉਸ ਨੂੰ 786 ਦੇ ਨੰਬਰ ਨਾਲ ਹੀ ਬੁਲਾਉਣ ਲੱਗ ਪਏ ਹਨ।
ਚੰਡੀਗੜ੍ਹ ਦੇ ਨਰਿੰਦਰ ਪਾਲ ਸਿੰਘ ਦੇ ਸਿਰ 'ਤੇ 786 ਨੰਬਰ ਵਾਲੇ ਨੋਟ ਇਕੱਠਾ ਕਰਨ ਦਾ ਜਨੂੰਨ ਸੀ। ਇਸ ਜਨੂੰਨ ਵਿਚ ਉਨ੍ਹਾਂ ਨੇ ਇਸ ਨੰਬਰ ਦੇ ਨੋਟਾਂ ਦੇ ਅੰਬਾਰ ਇਕੱਠੇ ਕਰ ਲਏ। ਨਰਿੰਦਰ ਸਿੰਘ ਹੁਣ 1989 ਤੋਂ ਲੈ ਕੇ ਹੁਣ ਤੱਕ 786 ਨੰਬਰ ਦੇ 14 ਲੱਖ 35 ਹਜ਼ਾਰ ਰੁਪਏ ਇਕੱਠੇ ਕਰ ਚੁੱਕੇ ਹਨ। ਇਨ੍ਹਾਂ ਵਿਚ 25 ਹਜ਼ਾਰ ਨੋਟ ਹਨ।
ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰਾ 786 ਨੰਬਰ ਨੂੰ ਕਾਫੀ ਲੱਕੀ ਮੰਨਦਾ ਹੈ ਪਰ ਇਕ ਸਿੱਖ ਦੇ ਇਸ ਨੰਬਰ ਪ੍ਰਤੀ ਪਿਆਰ ਨੂੰ ਦੇਖ ਕੇ ਲੋਕ ਹੈਰਾਨ ਹਨ। ਆਪਣੇ ਇਸ ਨਿਰਾਲੇ ਸ਼ੌਂਕ ਕਾਰਨ ਨਰਿੰਦਰ ਸਿੰਘ ਆਪਣਾ ਨਾਂ ਲਿਮਕਾ ਬੁੱਕ, ਇੰਡੀਆ ਬੁੱਕ, ਯੂਨਿਕ ਬੁੱਕ ਅਤੇ ਗਲੋਬਲ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾ ਚੁੱਕੇ ਹਨ। 2001 ਤੋਂ ਉਨ੍ਹਾਂ ਦਾ ਨਾਂ ਲਗਾਤਾਰ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਜਾ ਰਿਹਾ ਹੈ।
ਸਿੰਘ ਦੀ ਕਾਰ ਤੋਂ ਲੈ ਕੇ ਮੋਬਾਈਲ ਨੰਬਰ ਤੱਕ ਦੇ ਅੰਤ ਵਿਚ 786 ਨੰਬਰ ਬਣਦਾ ਹੈ। ਨਰਿੰਦਰ ਸਿੰਘ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਰਿਕਾਇਰਡ ਮੈਨੇਜਰ ਹਨ। ਉਨ੍ਹਾਂ ਕੋਲ ਭਾਰਤ ਨਹੀਂ ਸਗੋਂ 13 ਦੇਸ਼ਾਂ ਦੇ ਨੋਟ ਹਨ। ਨਰਿੰਦਰ ਸਿੰਘ ਦੀ ਪਤਨੀ ਪੀ. ਜੀ. ਆਈ. ਵਿਚ ਕੰਮ ਕਰਦੀ ਹੈ ਅਤੇ ਉਨ੍ਹਾਂ ਦਾ ਬੇਟਾ ਨਿਊਜ਼ੀਲੈਂਡ ਵਿਚ ਰਹਿੰਦਾ ਹੈ।
ਆਪਣੇ ਇਸ ਜਨੂੰਨ ਨੂੰ ਪੂਰਾ ਕਰਨ ਲਈ ਸਿੰਘ ਬੈਂਕਾਂ, ਗੁਰਦੁਆਰਿਆ, ਮੰਦਰਾਂ ਅਤੇ ਦੁਕਾਨਦਾਰਾਂ ਦੇ ਚੱਕਰ ਲਗਾਉਂਦੇ ਹਨ। ਹੁਣ ਤਾਂ ਲੋਕ ਖੁਦ ਉਨ੍ਹਾਂ ਲਈ 786 ਨੰਬਰ ਵਾਲਾ ਨੋਟ ਸਾਂਭ ਕੇ ਰੱਖ ਲੈਂਦੇ ਹਨ। ਨਰਿੰਦਰ ਸਿੰਘ ਨੂੰ ਸਿੱਕੇ ਇਕੱਠੇ ਕਰਨ ਦਾ ਵੀ ਸ਼ੌਂਕ ਹੈ। ਉਨ੍ਹਾਂ ਕੋਲ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਵੱਖ-ਵੱਖ ਤਰ੍ਹਾਂ ਦੇ ਸਿੱਕੇ ਹਨ। ਉਨ੍ਹਾਂ ਕੋਲ 1000 ਰੁਪਏ, 150 ਰੁਪਏ ਤੇ 100 ਰੁਪਏ ਦੇ ਸਿੱਕੇ ਵੀ ਹਨ।
ਹੱਜ 'ਤੇ ਜਾਣ ਵਾਲਿਆਂ ਨੂੰ ਹਰੇ ਰੰਗ ਦੇ ਦਿੱਤੇ ਜਾਣ ਵਾਲੇ ਦੋ ਨੋਟ ਵੀ ਨਰਿੰਦਰ ਸਿੰਘ ਕੋਲ ਸਨ। ਉਨ੍ਹਾਂ 'ਚੋਂ ਇਕ ਨੋਟ ਉਨ੍ਹਾਂ ਨੇ ਪਿਛਲੇ ਸਾਲ ਬੰਗਲੂਰ ਵਿਚ ਇਕ ਪ੍ਰਦਰਸ਼ਨੀ ਵਿਚ ਇਕ ਲੱਖ 80 ਹਜ਼ਾਰ ਰੁਪਏ 'ਚ ਵੇਚਿਆ ਸੀ।
ਬਾਦਲ ਸਰਕਾਰ ਦਾ ਨਾਂ ਇਤਿਹਾਸ ਦੇ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ : ਪ੍ਰਨੀਤ ਕੌਰ
NEXT STORY