ਜਗਰਾਓਂ, (ਜਸਬੀਰ ਸ਼ੇਤਰਾ)— ਹੋਰਨਾਂ ਵਰਗਾਂ ਵਾਂਗ ਕਿਸਾਨਾਂ ਤੇ ਮਜ਼ਦੂਰਾਂ ਨੂੰ ਚੰਗੇ ਦਿਨ ਆਉਣ ਦੇ ਸਬਜ਼ਬਾਗ ਦਿਖਾ ਕੇ ਸੱਤਾ 'ਤੇ ਕਾਬਜ਼ ਹੋਈ ਐੱਨ. ਡੀ. ਏ. ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਦਾ ਮੁੱਢ ਹਾੜ੍ਹੀ ਦੇ ਪਹਿਲੇ ਸੀਜ਼ਨ 'ਚ ਹੀ ਬੰਨ੍ਹ ਦਿੱਤਾ ਹੈ। ਝੋਨੇ ਦੇ ਸੀਜ਼ਨ ਤੱਕ ਇਸ ਦਾ ਸਿਖਰ ਦੇਖਣ ਨੂੰ ਮਿਲੇਗਾ, ਜਿਸ ਲਈ ਕਿਸਾਨਾਂ ਨੂੰ ਹੁਣੇ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ। ਮੰਡੀਆਂ 'ਚ ਕਣਕ ਤੇ ਕਿਸਾਨਾਂ ਦੀ ਹੋ ਰਹੀ ਬੇਕਦਰੀ ਵਿਰੁੱਧ ਹਾਅ ਦਾ ਨਾਅਰਾ ਮਾਰਨ ਲਈ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਓਂ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਮੇਂ ਕਿਸਾਨਾਂ
ਮੁੱਦੇ 'ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਚੰਗੇ ਰਗੜੇ ਲਾਏ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਰਾਕੇਸ਼ ਪਾਂਡੇ, ਦਰਸ਼ਨ ਸਿੰਘ ਬਰਾੜ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੇਜਰ ਸਿੰਘ ਭੈਣੀ ਦੀ ਮੌਜੂਦਗੀ 'ਚ ਬਾਜਵਾ ਨੇ ਪਹਿਲਾਂ ਕਈ ਕਿਸਾਨਾਂ ਨਾਲ ਇਕ-ਇਕ ਕਰਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਜਾਣਨ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਭੋਲੀ-ਭਾਲੀ ਜਨਤਾ ਨਰਿੰਦਰ ਮੋਦੀ ਦੀਆਂ ਗੱਲਾਂ 'ਚ ਆ ਗਈ, ਜਦਕਿ ਕਾਂਗਰਸ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਜਪਾ ਮਲਟੀਨੈਸ਼ਨਲ ਕੰਪਨੀਆਂ ਦੀ ਹਮਾਇਤੀ ਜਮਾਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਭੂਮੀ ਗ੍ਰਹਿਣ ਬਿੱਲ ਰਾਹੀਂ ਦੇਸ਼ ਦੇ ਕਿਸਾਨਾਂ ਦੀ 2 ਲੱਖ ਹੈਕਟੇਅਰ ਜ਼ਮੀਨ ਹਥਿਆਉਣਾ ਚਾਹੁੰਦੀ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਪੜਾਅਵਾਰ ਤਰੀਕੇ ਨਾਲ ਐੱਫ. ਸੀ. ਆਈ. ਨੂੰ ਭੰਗ ਕਰਨ ਜਾ ਰਹੀ ਹੈ। ਇਸ ਸਾਲ ਸਰਕਾਰ ਕਣਕ-ਝੋਨੇ ਦੀ 50 ਫੀਸਦੀ ਸਰਕਾਰੀ ਖਰੀਦ ਹੀ ਕਰੇਗੀ। ਅਗਲੇ ਸਾਲ ਇਸ ਨੂੰ 25 ਫੀਸਦੀ ਅਤੇ ਉਸ ਤੋਂ ਅਗਲੇ ਸਾਲ ਬਿਲਕੁਲ ਬੰਦ ਕਰਕੇ ਕਿਸਾਨਾਂ ਨੂੰ ਖੁੱਲ੍ਹੀ ਮੰਡੀ 'ਚ ਰੁਲਣ ਲਈ ਛੱਡ ਦਿੱਤਾ ਜਾਵੇਗਾ। ਸਵਾਮੀਨਾਥਨ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਖੇਤੀ ਦੇ ਸਾਰੇ ਖਰਚੇ ਪਾ ਕੇ ਕਿਸਾਨਾਂ ਨੂੰ 50 ਫੀਸਦੀ ਮੁਨਾਫਾ ਦੇਣਾ ਸ਼ੁਰੂ ਕੀਤਾ ਜਾਵੇ। ਭਾਜਪਾ ਨੇ ਵੀ ਆਪਣੇ ਚੋਣ ਮੈਨੀਫੈਸਟੋ 'ਚ ਇਸ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕੰਮ ਇਸ ਦੇ ਉਲਟ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਬਾਦਲ ਕੇਂਦਰ ਸਰਕਾਰ ਤੋਂ ਕਣਕ 'ਤੇ 100 ਫੀਸਦੀ ਪ੍ਰਤੀ ਕੁਇੰਟਲ ਬੋਨਸ ਮੰਗਦੇ ਹਨ, ਜਦਕਿ ਪੰਜਾਬ ਕਾਂਗਰਸ ਦੀ ਮੰਗ ਹੈ ਕਿ ਹਰ ਹਾਲਤ 'ਚ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲਣਾ ਚਾਹੀਦਾ ਹੈ, ਜਿਸ 'ਚ 100 ਰੁਪਏ ਕੇਂਦਰ ਤੇ 100 ਰੁਪਏ ਸੂਬਾ ਸਰਕਾਰ ਪਾਵੇ। ਉਨ੍ਹਾਂ ਪੰਜਾਬ ਦੀਆਂ ਮੰਡੀਆਂ 'ਚ 1450 ਰੁਪਏ ਤੋਂ ਘੱਟ ਭਾਅ 'ਤੇ 11 ਰੁਪਏ ਦਾ ਕੱਟ ਲਾ ਕੇ ਕਣਕ ਦੀ ਖਰੀਦ ਕੀਤੇ ਜਾਣ ਦੇ ਵੀ ਦੋਸ਼ ਲਾਏ। ਇਸ ਸਮੇਂ ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਚੇਅਰਮੈਨ ਅਜਮੇਰ ਸਿੰਘ ਢੋਲਣ, ਸਤਿੰਦਰਪਾਲ ਸਿੰਘ ਗਰੇਵਾਲ, ਅਜਮੇਰ ਸਿੰਘ ਸਿਵੀਆ, ਰਿਪਨ ਝੰਜੀ, ਕੁਲਦੀਪ ਸਿੰਘ ਘਾਗੂ, ਕੁਲਦੀਪ ਸਿੰਘ ਡਾਂਗੀਆਂ, ਗੁਰਸਿਮਰਨ ਸਿੰਘ ਰਸੂਲਪੁਰ, ਪ੍ਰਸ਼ੋਤਮ ਲਾਲ ਖਲੀਫਾ, ਰਾਮ ਕੁਮਾਰ ਗੁੱਜਰ, ਰਾਕੇਸ਼ ਮਲਹੋਤਰਾ, ਰਵਿੰਦਰ ਸਭਰਵਾਲ, ਗੀਟਾ ਰਸੂਲਪੁਰ, ਹੈਪੀ ਬਾਂਸਲ, ਪ੍ਰਵੀਨ ਕੋਹਲੀ, ਕੌਂਸਲਰ ਕਰਮਜੀਤ ਕੈਂਥ ਤੇ ਕਪਿਲ ਬਾਂਸਲ ਆਦਿ ਮੌਜੂਦ ਸਨ।
ਐਵੇਂ ਨੀਂ ਕਹਿੰਦੇ ਨੂੰਹਾਂ ਵੀ ਕਿਸਮਤਾਂ ਨਾਲ ਚੰਗੀਆਂ ਮਿਲਦੀਆਂ (ਦੇਖੋ ਤਸਵੀਰਾਂ)
NEXT STORY