ਅਨੋਖੇ ਆਕਾਰ ਵਾਲਾ ਸ਼ਹਿਤੂਤ ਬਹੁਤ ਹੀ ਸਵਾਦੀ ਫਲ ਹੈ। ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ, ਆਇਰਨ ਅਤੇ ਕਾਪਰ ਵਰਗੇ ਮਾਈਕ੍ਰੋ ਨਿਊਟ੍ਰੀਐਂਟ ਤੱਤਾਂ ਦੀ ਭਰਪੂਰ ਮਾਤਰਾ ਹੋਣ ਦੇ ਨਾਲ-ਨਾਲ ਇਹ ਵਿਟਾਮਿਨ ਸੀ ਅਤੇ ਗੁਲੂਕੋਜ਼ ਦਾ ਵੀ ਚੰਗਾ ਸਰੋਤ ਹੈ। ਗਰਮੀ 'ਚ ਸਰੀਰ 'ਚ ਪਾਣੀ ਦੀ ਲੋੜ ਵਧੇਰੇ ਹੋਣ ਕਾਰਨ ਸ਼ਹਿਤੂਤ ਰਾਮਬਾਣ ਸਿੱਧ ਹੁੰਦਾ ਹੈ। ਇਸ ਫਲ 'ਚ ਲੱਗਭਗ 91 ਫੀਸਦੀ ਪਾਣੀ ਹੋਣ ਕਾਰਨ ਇਸ ਦੇ ਸੇਵਨ ਨਾਲ ਸਰੀਰ 'ਚ ਪਾਣੀ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਵਿਚਲਾ ਐਂਟੀ-ਆਕਸੀਡੈਂਟ ਖੂਨ ਨੂੰ ਸ਼ੁੱਧ ਕਰਦਾ ਹੈ। ਕਬਜ਼ ਦੀ ਸ਼ਿਕਾਇਤ ਜਾਂ ਐਨੀਮੀਆ ਦੇ ਮਰੀਜ਼ਾਂ ਨੂੰ ਇਸ ਦੇ ਸੇਵਨ ਨਾਲ ਵਧੇਰੇ ਫਾਇਦਾ ਮਿਲਦਾ ਹੈ। ਇੰਨਾ ਹੀ ਨਹੀਂ, ਇਹ ਵਿਲੱਖਣ ਫਲ ਖਾਣਾ ਪਚਾਉਣ 'ਚ ਵੀ ਸਹਾਇਕ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀਆਂ ਪੱਤੀਆਂ ਵੀ ਸਿਹਤਵਧਾਊ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਜਾਣਦੇ ਹਾਂ ਸ਼ਹਿਤੂਤ ਸਾਡੀ ਸਿਹਤ ਲਈ ਹੋਰ ਕਿਹੜੇ ਮਾਇਨਿਆਂ 'ਚ ਲਾਭਦਾਇਕ ਹੈ।
ਧਮਨੀ ਪਲਾਕ ਨਾਲ ਲੜਨ 'ਚ ਸਹਾਇਕ
ਸ਼ਹਿਤੂਤ ਦੇ ਪੱਤਿਆਂ ਦਾ ਅਰਕ ਧਮਨੀਆਂ 'ਚ ਕੋਲੈਸਟ੍ਰਾਲ ਵਾਲੇ ਪਲਾਕ ਨੂੰ ਵਧਾਉਣ ਵਾਲੀ ਅਥੇਰੋਸਕਲੇਰੋਸਿਸ ਦੇ ਵਾਧੇ ਨੂੰ ਰੋਕਣ 'ਚ ਕਾਰਗਰ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਅਰਕ ਐੱਲ.ਡੀ.ਐੱਲ. ਕੋਲੈਸਟ੍ਰਾਲ ਦੇ ਆਕਸੀਕਰਨ ਨੂੰ ਰੋਕਣ 'ਚ ਮਦਦ ਕਰਦਾ ਹੈ, ਜੋ ਅਥੇਰੋਸਕਲੇਰੋਸਿਸ ਪਲਾਕ ਦੇ ਵਿਕਾਸ 'ਚ ਇਕ ਅਹਿਮ ਕਾਰਕ ਹੈ।
ਐਂਟੀਆਕਸੀਡੈਂਟ ਦਾ ਸਰੋਤ
ਸ਼ਹਿਤੂਤ ਦੇ ਪੱਤਿਆਂ ਅਤੇ ਫਲ 'ਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਤੋਂ ਹੋਣ ਵਾਲੇ ਨੁਕਸਾਨ ਤੋਂ ਤੁਹਾਡੀ ਰੱਖਿਆ ਕਰਦਾ ਹੈ। ਟੈਕਸਾਸ ਦੇ ਹੈਲਥ ਸੈਂਟਰ ਦੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਇਕ ਖੋਜ ਅਨੁਸਾਰ ਐਂਟੀਆਕਸੀਡੈਂਟ ਲੰਬੀ ਉਮਰ ਜਿਊਣ 'ਚ ਸਹਾਇਕ ਹੁੰਦਾ ਹੈ। ਡੇਲੀ ਐਕਸਪ੍ਰੈੱਸ ਦੀ ਖ਼ਬਰ ਅਨੁਸਾਰ ਅਧਿਐਨ 'ਚ ਦੇਖਿਆ ਗਿਆ ਹੈ ਕਿ ਸ਼ਹਿਤੂਤ ਦੇ ਜੂਸ 'ਚ ਐਂਟੀਆਕਸੀਡੈਂਟ ਸੰਤਰੇ ਤੋਂ ਦੁੱਗਣਾ ਹੁੰਦਾ ਹੈ।
ਕਰੇ ਬਲੱਡ ਸ਼ੂਗਰ ਕੰਟਰੋਲ
ਸ਼ਹਿਤੂਤ 'ਚ ਮੌਜੂਦ ਯੌਗਿਕ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਨ 'ਚ ਸਹਾਇਕ ਹੁੰਦੇ ਹਨ। ਚੀਨ ਦੀਆਂ ਕਈ ਦਵਾਈਆਂ 'ਚ ਬਲੱਡ ਸ਼ੂਗਰ ਨੂੰ ਹੇਠਾਂ ਤੋਂ ਸਾਧਾਰਨ ਪੱਧਰ ਤੱਕ ਲਿਆਉਣ ਲਈ ਸ਼ਹਿਤੂਤ ਦੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ 'ਚ ਸ਼ੂਗਰ ਦੀ ਮਾਤਰਾ ਲੱਗਭਗ 30 ਫੀਸਦੀ ਹੁੰਦੀ ਹੈ। ਇਸ ਕਾਰਨ ਸ਼ੂਗਰ ਦੇ ਮਰੀਜ਼ ਵੀ ਇਸ ਦਾ ਸੇਵਨ ਕਰ ਸਕਦੇ ਹਨ।
ਘਟਾਏ ਸੋਜ ਅਤੇ ਲਾਲਗੀ
ਚੀਨ ਦੇ ਡਾਕਟਰ ਸੋਜ ਅਤੇ ਲਾਲਗੀ ਦੇ ਇਲਾਜ ਲਈ ਸ਼ਹਿਤੂਤ ਦੀ ਵਰਤੋਂ ਕਰਦੇ ਹਨ। ਇਕ ਰੋਮਾਨੀਆਈ ਅਧਿਐਨ 'ਚ ਦੇਖਿਆ ਗਿਆ ਹੈ ਕਿ ਕੁਰਕੁਮੀਨ ਅਤੇ ਸ਼ਹਿਤੂਤ ਦੇ ਪੱਤਿਆਂ ਨੂੰ ਮਿਲਾ ਕੇ ਜਲਨ ਦਾ ਇਲਾਜ ਕੁਦਰਤੀ ਰੂਪ 'ਚ ਕੀਤਾ ਜਾ ਸਕਦਾ ਹੈ।
ਪੋਸ਼ਕ ਤੱਤਾਂ ਦਾ ਸਰੋਤ
ਸੁੱਕਾ ਸ਼ਹਿਤੂਤ ਪ੍ਰੋਟੀਨ, ਵਿਟਾਮਿਨ-ਸੀ, ਵਿਟਾਮਿਨ-ਕੇ ਅਤੇ ਆਇਰਨ ਭਰਪੂਰ ਹੁੰਦਾ ਹੈ। ਤੁਸੀਂ ਦਿਨ 'ਚ ਕਿਸੇ ਵੀ ਵੇਲੇ ਇਸ ਸੁੱਕੇ ਸ਼ਹਿਤੂਤ ਦਾ ਨਾਸ਼ਤਾ ਕਰ ਸਕਦੇ ਹੋ। ਇਸ ਤੋਂ ਇਲਾਵਾ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਦਾ ਭਰਪੂਰ ਸਰੋਤ ਹੋਣ ਕਾਰਨ ਇਸ ਪੌਦੇ ਦੇ ਪੱਤੇ ਵੀ ਸ਼ਹਿਤੂਤ ਵਾਂਗ ਹੀ ਪੌਸ਼ਟਿਕ ਹੁੰਦੇ ਹਨ।
ਵਧਾਏ ਰੋਗ-ਪ੍ਰਤੀਰੋਧਕ ਸਮਰੱਥਾ
ਸ਼ਹਿਤੂਤ 'ਚ ਪਾਇਆ ਜਾਣ ਵਾਲਾ ਐਲਕਲਾਈਡ, ਮੈਕ੍ਰੋਫ੍ਰੋਜ ਨੂੰ ਸਰਗਰਮ ਕਰਦਾ ਹੈ, ਖੂਨ ਦੀਆਂ ਇਹ ਸਫੇਦ ਕੋਸ਼ਿਕਾਵਾਂ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਉਤੇਜਿਤ ਕਰਨ 'ਚ ਮਦਦ ਕਰਦੀਆਂ ਹਨ। ਇਹ ਮੈਕ੍ਰੋਫੇਜ ਪ੍ਰਤੀਰੋਧਕ ਸਮਰੱਥਾ ਨੂੰ ਹਾਈ ਅਲਰਟ 'ਚ ਪਾ ਕੇ ਸਿਹਤਮੰਦ ਰਹਿਣ 'ਚ ਮਦਦ ਕਰਦੇ ਹਨ।
ਦੂਰ ਕਰੇ ਚਿਹਰੇ ਦੀਆਂ ਝੁਰੜੀਆਂ
ਜੇਕਰ ਤੁਸੀਂ ਵੀ ਝੁਰੜੀਆਂ ਤੋਂ ਪਰੇਸ਼ਾਨ ਹੋ ਤਾਂ ਹੁਣ ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਇਸ ਦੇ ਲਈ ਸ਼ਹਿਤੂਤ ਦਾ ਜੂਸ ਪੀਓ। ਤੁਹਾਡਾ ਚਿਹਰਾ ਜਵਾਨ ਰਹੇਗਾ। ਸ਼ਹਿਤੂਤ 'ਚ ਐਂਟੀ-ਏਜਿੰਗ ਭਾਵ ਉਮਰ ਨੂੰ ਰੋਕਣ ਵਾਲਾ ਗੁਣ ਹੁੰਦਾ ਹੈ।
ਕਬਜ਼, ਪੱਥਰੀ ਤੇ ਭਾਰ ਘਟਾਉਣ 'ਚ ਸਹਾਇਕ ਹੈ ਖੀਰਾ, ਜਾਣੋ ਹੋਰ ਵੀ ਫਾਇਦੇ
NEXT STORY