ਮੋਗਾ (ਆਜ਼ਾਦ) - ਬੀਤੀ 3 ਦਸੰਬਰ ਨੂੰ ਕਾਰ ਦੀ ਮੁਰੰਮਤ ਨਾ ਕਰਨ 'ਤੇ ਗੁੱਸੇ 'ਚ ਆਏ ਇਕ ਵਿਅਕਤੀ ਵੱਲੋਂ ਮੋਟਰ ਮਕੈਨਿਕ ਕਿਰਨਦੀਪ ਸਿੰਘ ਨਿਵਾਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਲੁਧਿਆਣਾ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਬਾਘਾਪੁਰਾਣਾ ਪੁਲਸ ਵੱਲੋਂ ਗੁਰਚਰਨ ਸਿੰਘ ਉਰਫ ਰਿੰਕੂ ਨਿਵਾਸੀ ਪਿੰਡ ਚਨੂੰਵਾਲਾ, ਗੁਰਜੰਟ ਸਿੰਘ ਨਿਵਾਸੀ ਪਿੰਡ ਲਧਾਈਕੇ ਅਤੇ ਉਨ੍ਹਾਂ ਦੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਜਾਨਲੇਵਾ ਹਮਲਾ ਕਰਨ ਅਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਦੋਸ਼ਾਂ ਤਹਿਤ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਕਿਰਨਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਚੰਨੂੰਵਾਲਾ ਰੋਡ ਬਾਘਾਪੁਰਾਣਾ 'ਤੇ ਕਾਰ ਮੁਰੰਮਤ ਕਰਨ ਦੀ ਵਰਕਸ਼ਾਪ ਹੈ। ਬੀਤੀ 3 ਦਸੰਬਰ ਦੀ ਰਾਤ ਨੂੰ ਜਦੋਂ ਉਹ ਆਪਣੀ ਵਰਕਸ਼ਾਪ ਬੰਦ ਕਰ ਕੇ ਘਰ ਜਾਣ ਲੱਗਾ ਤਾਂ ਦੋਸ਼ੀ ਰਿੰਕੂ ਨੇ ਮੈਨੂੰ ਫੋਨ 'ਤੇ ਕਿਹਾ ਕਿ ਮੇਰੀ ਗੱਡੀ ਚੰਨੂੰਵਾਲਾ ਪੁਲ ਕੋਲ ਖਰਾਬ ਹੋਈ ਪਈ ਹੈ, ਜਦੋਂ ਮੈਂ ਆਪਣੀ ਮਾਸੀ ਦੇ ਲੜਕੇ ਨਾਲ ਕਾਰ 'ਤੇ ਉੱਥੇ ਪਹੁੰਚਿਆ ਤਾਂ ਗੱਡੀ ਨੂੰ ਦੇਖ ਕੇ ਮੈਂ ਉਨ੍ਹਾਂ ਨੂੰ ਕਿਹਾ ਕਿ ਗੱਡੀ ਵਰਕਸ਼ਾਪ 'ਚ ਲਿਜਾਣੀ ਪਵੇਗੀ। ਅਸੀਂ ਜਦੋਂ ਉੱਥੋਂ ਚੱਲਣ ਲੱਗੇ ਤਾਂ ਗੁੱੁਸੇ 'ਚ ਆਏ ਦੋਸ਼ੀਆਂ ਨੇ ਪਿਸਤੌਲ ਕੱਢ ਕੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਮੇਰੇ ਮੋਢੇ 'ਤੇ ਲੱਗੀ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਦੋਸ਼ੀ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਉੱਥੋਂ ਫਰਾਰ ਹੋ ਗਏ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਬਣਦੀ ਗਰੈਚੂਟੀ ਲੈਣ ਲਈ ਪ੍ਰਾਈਵੇਟ ਸਕੂਲ ਦੇ ਅਧਿਆਪਕ ਜਾਣਗੇ ਅਦਾਲਤ
NEXT STORY