ਇਸਲਾਮਾਬਾਦ/ਡੇਰਾ ਬਾਬਾ ਨਾਨਕ (ਵਤਨ)-ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਣਿਆ ਕਰਤਾਰਪੁਰ ਸਾਹਿਬ ਲਾਂਘਾ, ਜਿਸ ਨੂੰ 9 ਨਵੰਬਰ 2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਲੇ ਪਾਸਿਓਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਵਾਲੇ ਪਾਸਿਓਂ ਉਦਘਾਟਨ ਕਰ ਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਖੋਲ੍ਹ ਦਿੱਤਾ ਸੀ ਪਰ ਅਫਸੋਸ ਇਸ ਲਾਂਘੇ ਸਬੰਧੀ ਰੱਖੀਆਂ ਗਈਆਂ ਸ਼ਰਤਾਂ ਖਾਸਕਰ ਪਾਸਪੋਰਟ ਦੀ ਸ਼ਰਤ ਨੇ ਇਸ ਲਾਂਘੇ ਵਿਚ ਅਡ਼ਿੱਕਾ ਪਾ ਰੱਖਿਆ ਹੈ, ਜਿਸ ਕਾਰਣ ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਹੈ, ਇਸ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ।

100 ਦਿਨਾਂ ਵਿਚ 50,146 ਯਾਤਰੀਆਂ ਨੇ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
9 ਨਵੰਬਰ 2019 ਤੋਂ ਖੁੱਲ੍ਹੇ ਇਸ ਲਾਂਘੇ ਦੇ ਸਮਝੌਤੇ ਵਿਚ ਲਿਖਿਆ ਗਿਆ ਸੀ ਕਿ ਹਰ ਰੋਜ਼ ਵੱਧ ਤੋਂ ਵੱਧ 5 ਹਜ਼ਾਰ ਸ਼ਰਧਾਲੂ ਇਸ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕਣਗੇ ਜਦਕਿ ਉਦੋਂ ਤਾਂ ਇਹ ਲੱਗਦਾ ਸੀ ਕਿ ਇਹ ਗਿਣਤੀ ਬਹੁਤ ਘੱਟ ਹੈ ਅਤੇ ਸੰਗਤ 10 ਹਜ਼ਾਰ ਪ੍ਰਤੀ ਦਿਨ ਦੀ ਅਪੀਲ ਕਰ ਰਹੀ ਸੀ ਪਰ 100 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਿਰਫ 50 ਹਜ਼ਾਰ ਦੇ ਕਰੀਬ ਹੀ ਸੰਗਤ ਇਸ ਲਾਂਘੇ ਰਾਹੀਂ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਦਰਸ਼ਨ ਕਰ ਚੁੱਕੀ ਹੈ।

ਪਾਸਪੋਰਟ ਬਣ ਰਿਹੈ ਸੰਗਤਾਂ ਦੇ ਦਰਸ਼ਨਾਂ ਵਿਚ ਮੁੱਖ ਅਡ਼ਿੱਕਾ
‘ਜਗ ਬਾਣੀ’ ਦੀ ਟੀਮ ਵੱਲੋਂ ਵਾਰ-ਵਾਰ ਕਰਤਾਰਪੁਰ ਸਾਹਿਬ ਲਾਂਘੇ ’ਤੇ ਪਹੁੰਚੇ ਬਿਨਾਂ ਪਾਸਪੋਰਟ ਵਾਲੀਆਂ ਸੰਗਤਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਰਹੀ ਤਾਂ ਖਾਸਕਰ ਬਜ਼ੁਰਗਾਂ ਦਾ ਕਹਿਣਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਤਾਂ ਕਰਨਾ ਚਾਹੁੰਦੀਆਂ ਹਾਂ ਪਰ ਕੀ ਹੁਣ ਬੁਢਾਪੇ ’ਚ ਪਾਸਪੋਰਟ ਦਫਤਰਾਂ ਵਿਚ ਜਾ ਕੇ ਪਾਸਪੋਰਟ ਬਣਾਉਣ ਲਈ ਧੱਕੇ ਖਾਈਏ? ਉਂਝ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਡੇਰਾ ਬਾਬਾ ਨਾਨਕ ਵਿਚ ਇਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਜੋ ਲੋਕ ਇੱਥੋਂ ਪਾਸਪੋਰਟ ਬਣਵਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਜ਼ੁਰਗ ਲੋਕ ਆਪਣੀ ਰਿਟਾਇਰਮੈਂਟ ਸਮੇਂ ਵਿਚ ਵੱਖ-ਵੱਖ ਧਾਰਮਕ ਯਾਤਰਾਵਾਂ ਕਰਦੇ ਹਨ ਪਰ ਇਸ ਸਥਾਨ ’ਤੇ ਪਾਸਪੋਰਟ ਦੀ ਸ਼ਰਤ ਹੋਣ ਕਾਰਣ ਉਹ ਚਾਹ ਕੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਹਨ ਅਤੇ ਵਾਰ-ਵਾਰ ਏਹੀ ਮੰਗ ਕਰਦੇ ਹਨ ਕਿ ਸੰਗਤਾਂ ਖਾਸਕਰ ਬਜ਼ੁਰਗਾਂ ਨੂੰ ਪਾਸਪੋਰਟ ਦੀ ਸ਼ਰਤ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਜਿਊਂਦੇ ਜੀਅ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ ਨੂੰ ਛੂਹ ਸਕਣ।

ਕਰਤਾਰਪੁਰ ਦਰਸ਼ਨ ਸਥਲ ਦਾ ਨਹੀਂ ਹੋ ਸਕਿਆ ਨਵ-ਨਿਰਮਾਣ
ਲਾਂਘਾ ਖੁੱਲ੍ਹਣ ਮੌਕੇ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਸੀ ਕਿ ਜਿਨ੍ਹਾਂ ਸੰਗਤਾਂ ਕੋਲ ਪਾਸਪੋਰਟ ਨਹੀਂ ਹੈ ਅਤੇ ਉਹ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ, ਉਹ ਦੂਰਬੀਨ ਰਾਹੀਂ ਧੁੱਸੀ ਬੰਨ੍ਹ ’ਤੇ ਖਡ਼੍ਹੇ ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਸਕਣਗੇ ਅਤੇ ਇਸ ਮੰਤਵ ਲਈ ਕਰਤਾਰਪੁਰ ਦਰਸ਼ਨ ਸਥੱਲ ਦੀ ਨਵੀਂ ਉਸਾਰੀ ਕੀਤੀ ਜਾਵੇਗੀ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ 100 ਦਿਨ ਬਾਅਦ ਵੀ ਦਰਸ਼ਨ ਸਥਲ ਦਾ ਨਵ-ਨਿਰਮਾਣ ਨਹੀਂ ਹੋ ਸਕਿਆ, ਜਿਸ ਕਾਰਣ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਆਦਿ ਦੇ ਦਿਨਾਂ ਵਿਚ ਤਾਂ ਸੰਗਤਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਹੁੰਦੀਆਂ ਹਨ ਜਦਕਿ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਲਈ ਵੀ ਕਰਤਾਰਪੁਰ ਦਰਸ਼ਨ ਸਥਲ ਤੱਕ ਪਹੁੰਚਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ‘ਜਗ ਬਾਣੀ’ ਦੀ ਟੀਮ ਨੇ ਜਦੋਂ ਕਰਤਾਰਪੁਰ ਦਰਸ਼ਨ ਸਥਲ ਦਾ ਦੌਰਾ ਕੀਤਾ ਤਾਂ ਇਕ ਪਰਿਵਾਰ ਬਡ਼ੀ ਮੁਸ਼ਕਲ ਨਾਲ ਆਪਣੇ ਬਜ਼ੁਰਗ ਨੂੰ ਉਥੇ ਲਿਜਾ ਰਿਹਾ ਸੀ ਕਿਉਂਕਿ ਉਸ ਬਜ਼ੁਰਗ ਦੀ ਦਿਲੀ ਇੱਛਾ ਸੀ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰੇ , ਭਾਵੇਂ ਦੂਰੋਂ ਹੀ ਦੁੂਰਬੀਨ ਨਾਲ ਕਰ ਲਵੇ।

ਗੁਰੂ ਨਾਨਕ ਵੰਸ਼ਜ਼ ਬਾਬਾ ਸੁਖਦੀਪ ਸਿੰਘ ਬੇਦੀ ਕਰ ਚੁੱਕੇ ਹਨ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ ਦੀ ਪੇਸ਼ਕਸ਼
ਇਸ ਸਬੰਧੀ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਵੰਸ਼ਜ਼ ਬਾਬਾ ਸੁਖਦੀਪ ਸਿੰਘ ਬੇਦੀ ਦਾ ਕਹਿਣਾ ਸੀ ਕਿ ਉਹ ਨਵੇਂ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ ਦੀ ਪੇਸ਼ਕਸ਼ ਕਰ ਚੁੱਕੇ ਹਨ ਅਤੇ ਇਸ ਗੱਲ ’ਤੇ ਵਿਚਾਰ ਵੀ ਹੋਇਆ ਹੈ ਪਰ ਪ੍ਰਬੰਧਕਾਂ ਵੱਲੋਂ ਅਜੇ ਤੱਕ ਉਨ੍ਹਾਂ ਕੋਲੋਂ ਸੇਵਾਵਾਂ ਨਹੀਂ ਲਈਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਧੁੱਸੀ ਬੰਨ੍ਹ ’ਤੇ ਕਰਤਾਰਪੁਰ ਦਰਸ਼ਨ ਸਥਲ ਬਣਿਆ ਹੋਇਆ ਸੀ, ਉਸ ਦਾ ਨਿਰਮਾਣ ਵੀ ਬਾਬਾ ਸੁਖਦੀਪ ਸਿੰਘ ਬੇਦੀ ਨੇ ਬੀ. ਐੱਸ. ਐੱਫ. ਨਾਲ ਮਿਲ ਕੇ ਕਰਵਾਇਆ ਸੀ।

ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਸਰਹੱਦੀ ਇਲਾਕੇ ਵਿਚ ਨਹੀਂ ਵਧਿਆ ਕੋਈ ਵਪਾਰ
ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ’ਚ ਆਸ ਵਧੀ ਸੀ ਕਿ ਇਸ ਇਲਾਕੇ ਵਿਚ ਹੁਣ ਵਿਕਾਸ ਅਤੇ ਵਪਾਰ ਦੀਆਂ ਬੌਛਾਰਾਂ ਹੋਣਗੀਆਂ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ 100 ਬੀਤ ਦਿਨ ਬੀਤ ਜਾਣ ਦੇ ਬਾਵਜੂਦ ਇਸ ਖੇਤਰ ਦੇ ਵਪਾਰ ਵਿਚ ਕੋਈ ਤੇਜ਼ੀ ਨਹੀਂ ਆਈ ਅਤੇ ਨਾ ਹੀ ਜ਼ਮੀਨਾਂ ਦੇ ਰੇਟ ਵਧੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੰਗਤਾਂ ਦੀ ਗਿਣਤੀ ਹੀ ਨਹੀਂ ਵਧ ਰਹੀ ਤਾਂ ਇਸ ਖੇਤਰ ਦਾ ਵਿਕਾਸ ਕਿਵੇਂ ਵਧ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰ ਦੇਵੇ ਤਾਂ ਸੰਗਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਅਤੇ ਸੰਗਤਾਂ ਦੀ ਵਧਦੀ ਗਿਣਤੀ ਨਾਲ ਹੀ ਇਸ ਇਲਾਕੇ ਦਾ ਵਪਾਰ ਵਧੇਗਾ ਅਤੇ ਵਪਾਰਕ ਅਦਾਰੇ ਇਸ ਖੇਤਰ ਵਿਚ ਆਪਣੇ ਪੈਰ ਜਮਾਉਣਗੇ।

ਸੈਲਫੀਆਂ ਖਿੱਚਣ ਤੱਕ ਹੀ ਸੀਮਤ ਰਹਿ ਗਿਆ ਕਰਤਾਰਪੁਰ ਸਾਹਿਬ ਲਾਂਘਾ
ਕਰਤਾਰਪੁਰ ਸਾਹਿਬ ਦਾ ਲਾਂਘਾ ਇਸ ਸਰਹੱਦੀ ਇਲਾਕੇ ਦੇ ਲੋਕਾਂ ਲਈ ਵਪਾਰ ਅਤੇ ਵਿਕਾਸ ਵਿਚ ਤੇਜ਼ੀ ਦੀ ਸੋਚ ਲੈ ਕੇ ਆਇਆ ਸੀ ਪਰ ਇਹ ਲਾਂਘਾ ਹੁਣ ਸਿਰਫ ਲੋਕਾਂ ਲਈ ਸੈਲਫੀਆਂ ਦਾ ਕੇਂਦਰ ਹੀ ਬਣਦਾ ਜਾ ਰਿਹਾ ਹੈ ਅਤੇ ਜੋ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਜਾ ਸਕਦੇ ਉਹ ਭਾਰਤ-ਪਾਕਿ ਸਰਹੱਦ ’ਤੇ ਬਣੇ ਧੁੱਸੀ ਬੰਨ੍ਹ ’ਤੇ ਖੜ੍ਹ ਕੇ ਸਿਰਫ ਸੈਲਫੀਆਂ ਲੈ ਕੇ ਹੀ ਕੰਮ ਚਲਾ ਰਹੇ ਹਨ।
‘ਆਪ’ ਨੇ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਕੀਤੀ ਸ਼ਰਾਬ ਨਿਗਮ ਬਣਾਉਣ ਦੀ ਮੰਗ
NEXT STORY