ਮੋਹਾਲੀ (ਨਿਆਮੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਸਰਕਾਰ ਵਲੋਂ ਭਲਕੇ 23 ਅਗਸਤ ਦੀ ਕੀਤੀ ਗਈ ਛੁੱਟੀ ਦੇ ਮੱਦੇਨਜ਼ਰ ਕੱਲ ਨੂੰ ਹੋਣ ਵਾਲੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਇਕ ਵਾਰ ਫਿਰ ਮੁਲਤਵੀ ਕਰ ਦਿੱਤੀ ਹੈ। ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਅਨੁਪੂਰਕ ਪ੍ਰੀਖਿਆਵਾਂ ਦੌਰਾਨ 13 ਅਗਸਤ ਨੂੰ ਪੰਜਾਬ ਬੰਦ ਹੋਣ ਕਰਕੇ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। 13 ਅਗਸਤ ਨੂੰ 10ਵੀਂ ਜਮਾਤ ਵਿਗਿਆਨ ਅਤੇ 12ਵੀਂ ਜਮਾਤ ਦੇ ਰਾਜਨੀਤੀ ਸ਼ਾਸ਼ਤਰ, ਭੌਤਿਕ ਵਿਗਿਆਨ ਅਤੇ ਬਿਜ਼ਨੈੱਸ ਸਟੱਡੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਸਨ। ਸਿੱਖਿਆ ਬੋਰਡ ਨੇ ਇਹ ਪ੍ਰੀਖਿਆਵਾਂ ਹੁਣ ਭਲਕੇ 23 ਅਗਸਤ ਨੂੰ ਆਯੋਜਿਤ ਕਰਨੀਆਂ ਤਹਿ ਕੀਤੀਆਂ ਸਨ ਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਸਨ, ਪਰ ਹੁਣ ਪੰਜਾਬ ਸਰਕਾਰ ਵਲੋਂ ਜਨਮ ਅਸ਼ਟਮੀ ਦੇ ਸਬੰਧ 'ਚ 23 ਅਗਸਤ ਦੀ ਛੁੱਟੀ ਕਰ ਦਿੱਤੀ ਹੈ, ਜਿਸ ਕਰਕੇ ਸਿੱਖਿਆ ਬੋਰਡ ਨੇ ਵੀ ਆਪਣੀਆਂ ਪ੍ਰੀਖਿਆਵਾਂ ਇਕ ਵਾਰ ਫਿਰ ਮੁਲਤਵੀ ਕਰ ਦਿੱਤੀਆਂ ਹਨ। ਇਸ ਸਬੰਧੀ ਜਦੋਂ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਬੈਂਕਾਂ ਰਾਹੀਂ ਭੇਜੇ ਜਾਂਦੇ ਹਨ ਅਤੇ ਕੁੱਝ ਬੈਂਕਾਂ ਨੇ ਕੱਲ 23 ਅਗਸਤ ਦੀ ਛੁੱਟੀ ਐਲਾਨ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ 'ਚ ਕੁੱਝ ਥਾਵਾਂ ਤੇ ਪ੍ਰਸ਼ਨ ਪੱਤਰ ਸਮੇਂ ਸਿਰ ਨਹੀਂ ਸਨ ਪਹੁੰਚ ਸਕਣੇ, ਜਿਸ ਕਰਕੇ ਬੋਰਡ ਨੇ ਇਹ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ 'ਚ ਚੱਲ ਰਹੀਆਂ 65 ਤੋਂ ਜ਼ਿਆਦਾ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ਬੰਦ
NEXT STORY