ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)– ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਧੀਨ ਮਨਰੇਗਾ ਸਕੀਮ ਅਧੀਨ ਲੰਬੇ ਸਮੇਂ ਤੋਂ ਡਿਊਟੀ ਕਰ ਰਹੇ ਕਰਮਚਾਰੀਆਂ ਵੱਲੋਂ ਜ਼ਿਲੇ ’ਚ ਮਨਰੇਗਾ ਤਹਿਤ ਵਿਕਾਸ ਕਾਰਜਾਂ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਕਰ ਕੇ ਡੀ. ਸੀ. ਦਫਤਰ ਬਰਨਾਲਾ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਜ਼ਿਲਾ ਪ੍ਰਸ਼ਾਸਨ ਖਿਲਾਫ ਲਾਇਆ ਧਰਨਾ ਲਗਾਤਾਰ 15ਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ।
ਮਨਰੇਗਾ ਕਰਮਚਾਰੀਆਂ ਦੀ ਹਮਾਇਤ ਵਿਚ ਉੱਤਰੇ ਮਜ਼ਦੂਰ ਆਗੂ ਸੂਬਾ ਵਿੱਤ ਸਕੱਤਰ ਅਤੇ ਜ਼ਿਲਾ ਪ੍ਰਧਾਨ ਮਨਸੇ ਖਾਂ ਦੀ ਅਗਵਾਈ ਵਿਚ ਮੁਲਾਜ਼ਮਾਂ ਨੇ ਜ਼ਿਲਾ ਪ੍ਰਸ਼ਾਸਨ ਖਿਲਾਫ ਆਪਣੀਆਂ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਦਿਆਂ ਸੋਮਵਾਰ ਨੂੰ ਡੀ. ਸੀ. ਦਫਤਰ ਬਰਨਾਲਾ ਵਿਖੇ ਭੁੱਖ ਹੜਤਾਲ ਕੀਤੀ, ਜਿਸ ਵਿਚ ਸੂਬਾ ਸਟੇਟ ਕਮੇਟੀ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਤੋਂ ਸੂਬਾ ਕਮੇਟੀ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ ਬਲਾਕ ਬਰਨਾਲਾ ਦੇ ਪਿੰਡਾਂ ਵਿਚੋਂ ਮਨਰੇਗਾ ਮਜ਼ਦੂਰ, ਜਥੇਬੰਦੀਆਂ ਅਤੇ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਕੇਡਰ ਨੂੰ ਨਾਲ ਲੈ ਕੇ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਧਰਨੇ ਦੀ ਹਮਾਇਤ ਕੀਤੀ। ਮਨਸੇ ਖਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਨਰੇਗਾ ਦੇ ਫੀਲਡ ਕਰਮਚਾਰੀਆਂ ਤੋਂ ਪਿਛਲੇ ਲੰਬੇ ਸਮੇਂ ਤੋਂ ਘੱਟ ਤਨਖਾਹਾਂ ਦੇ ਕੇ ਕੰਮ ਕਰਵਾਇਆ ਜਾ ਰਿਹਾ ਹੈ। ਮਨਸੇ ਖਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸੂਬਾ ਭਰ ਦੇ ਠੇਕਾ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਬਰਾਬਰ ਕੰਮ-ਬਰਾਬਰ ਤਨਖਾਹ ਦੇਣ ਤੋਂ ਵੀ ਭੱਜ ਰਹੀ ਹੈ ਅਤੇ ਪਿਛਲੀ ਸਰਕਾਰ ਵੱਲੋਂ ਬਣਾਏ ਵੈੱਲਫੇਅਰ ਐਕਟ 2016 ਤਹਿਤ ਕੱਚੇ ਕਰਮਚਾਰੀਆਂ ਨੂੰ 2 ਸਾਲ ਬੀਤ ਜਾਣ ’ਤੇ ਵੀ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ ਜਦੋਂਕਿ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਕੱਚੇ ਕਾਮਿਆਂ ਦੇ ਸੰਘਰਸ਼ ਵਿਚ ਸ਼ਿਰਕਤ ਕਰ ਕੇ ਸਰਕਾਰ ਆਉਂਦਿਆਂ ਹੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ।
ਸੂਬਾ ਜਰਨਲ ਸਕੱਤਰ ਅੰਮ੍ਰਿਤਪਾਲ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਅਮਰੀਕ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਜੋ ਤੁਰੰਤ ਮੰਨੀਆਂ ਜਾਣ। ਜੇਕਰ ਮੰਗਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਮੰਨ ਕੇ ਚੱਲ ਰਹੇ ਸੰਘਰਸ਼ ਨੂੰ ਨਾ ਰੋਕਿਆ ਗਿਆ ਤਾਂ ਇਹ ਸੰਘਰਸ਼ ਸੂਬਾ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਧਰਨੇ ਦੌਰਾਨ ਭੁੱਖ ਹੜਤਾਲ ਵਿਚ ਬੈਠੇ ਕਰਮਚਾਰੀ ਹਰਦੇਵ ਸਿੰਘ, ਮਹਿੰਦਰ ਸਿੰਘ ਰਾਏਸਰ, ਮਹਿੰਦਰ ਸਿੰਘ ਮਹਿਲ ਕਲਾਂ, ਰੋਬਿਨ ਸਿੰਘ ਅਤੇ ਗੁਰਮੀਤ ਸਿੰਘ ਮੌੜ ਸ਼ਾਮਲ ਸਨ। ਧਰਨੇ ਨੂੰ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਤੋਂ ਇਮਰਾਨ ਭੱਟੀ, ਮਗਨਰੇਗਾ ਮਜ਼ਦੂਰ ਯੂਨੀਅਨ ਪ੍ਰਧਾਨ ਜੁਗਰਾਜ ਰਾਮਾ, ਮਗਨਰੇਗਾ ਮਜ਼ਦੂਰ ਯੂਨੀਅਨ ਦੇ ਸਕੱਤਰ ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਐਡਵੋਕੇਟ ਗੁਰਚਰਨ ਸਿੰਘ ਧੌਲਾ, ਸਰਪੰਚ ਜਗਦੇਵ ਸਿੰਘ ਕਰਮਗੜ੍ਹ, ਵੇਅਰ ਹਾਊਸ ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੋਂ ਹਰਚਰਨ ਸਿੰਘ ਰੂੜੇਕੇ, ਕਲਾਸ ਫੋਰ ਯੂਨੀਅਨ ਜ਼ਿਲਾ ਬਰਨਾਲਾ ਦੇ ਪ੍ਰਧਾਨ ਰਮੇਸ਼ ਕੁਮਾਰ ਹਮਦਰਦ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ 'ਤੇ ਮਾਮਾ-ਭਾਣਜਾ ਨਾਮਜ਼ਦ
NEXT STORY