ਜਲੰਧਰ (ਵਿਸ਼ੇਸ਼): ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਸੂਬੇ ਵਿੱਚ ਜਾਰੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੀਤੇ ਗਏ ਵੱਡੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਕੰਗ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਤੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਭਾਜਪਾ ਆਗੂ ਆਰਪੀ ਸਿੰਘ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਇਸ ਪੂਰੇ ਮਾਮਲੇ ਦੀ ਸੀਬੀਆਈ (CBI) ਜਾਂਚ ਦੀ ਮੰਗ ਕੀਤੀ ਹੈ।

ਕੰਗ ਦਾ ਇਕਬਾਲੀਆ ਬਿਆਨ : 'ਸਾਰੇ ਆਪ ਆਗੂ ਦੁੱਧ ਦੇ ਧੋਤੇ ਨਹੀਂ'
ਮਾਲਵਿੰਦਰ ਸਿੰਘ ਕੰਗ ਨੇ ਇੰਟਰਵਿਊ ਦੌਰਾਨ ਮੰਨਿਆ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਦੁੱਧ ਦੇ ਧੋਤੇ ਨਹੀਂ ਹਨ ਤੇ ਉਨ੍ਹਾਂ ਨੇ ਇਸ ਧੰਦੇ ਵਿੱਚ ਸ਼ਾਮਲ ਲੋਕਾਂ ਦੀ ਇੱਕ ਸੂਚੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਕੰਗ ਅਨੁਸਾਰ, 30-40 ਫੁੱਟ ਤੱਕ ਡੂੰਘੀ ਮਾਈਨਿੰਗ ਸਰਕਾਰੀ ਮਿਲੀਭੁਗਤ ਤੋਂ ਬਿਨਾਂ ਮੁਮਕਿਨ ਨਹੀਂ ਹੈ ਅਤੇ ਇਹ ਹੁਣ ਪੁਲਾਂ ਤੇ ਹੋਰ ਬੁਨਿਆਦੀ ਢਾਂਚੇ ਲਈ ਵੱਡਾ ਖ਼ਤਰਾ ਬਣ ਰਹੀ ਹੈ।
'ਕਿੱਥੇ ਗਏ 20,000 ਕਰੋੜ?'
ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਇਸ ਮੁੱਦੇ 'ਤੇ 'ਆਪ' ਸਰਕਾਰ ਨੂੰ ਘੇਰਦਿਆਂ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਰੇਤ ਦੀ ਖੁਦਾਈ ਤੋਂ 20,000 ਕਰੋੜ ਰੁਪਏ ਦੀ ਕਮਾਈ ਦਾ ਵਾਅਦਾ ਕੀਤਾ ਸੀ, ਪਰ ਸਰਕਾਰੀ ਅੰਕੜਿਆਂ ਅਨੁਸਾਰ ਸਿਰਫ਼ 288 ਕਰੋੜ ਰੁਪਏ ਹੀ ਆਮਦਨ ਹੋਈ ਹੈ। ਉਨ੍ਹਾਂ ਪੁੱਛਿਆ ਕਿ ਬਾਕੀ ਹਜ਼ਾਰਾਂ ਕਰੋੜ ਰੁਪਏ ਕਿੱਥੇ ਗਾਇਬ ਹੋ ਗਏ ਹਨ ਅਤੇ ਕੀ ਇਹ ਪੈਸਾ ਰਾਜਨੀਤਿਕ ਸਰਪ੍ਰਸਤੀ ਹੇਠ ਹੜੱਪਿਆ ਜਾ ਰਿਹਾ ਹੈ?
CBI ਜਾਂਚ ਅਤੇ ਤੱਥਾਂ ਦੇ ਆਡਿਟ ਦੀ ਮੰਗ
ਆਰਪੀ ਸਿੰਘ ਨੇ ਮੰਗ ਕੀਤੀ ਕਿ ਬਿਆਨਬਾਜ਼ੀ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਤੱਥਾਂ ਦਾ ਆਡਿਟ ਕਰਵਾਉਣਾ ਚਾਹੀਦਾ ਹੈ ਅਤੇ ਇਸ ਭ੍ਰਿਸ਼ਟਾਚਾਰ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸ਼ਾਮਲ ਠੇਕੇਦਾਰਾਂ, ਅਧਿਕਾਰੀਆਂ ਅਤੇ ਸਿਆਸਤਦਾਨਾਂ ਵਿਰੁੱਧ ਕਾਰਵਾਈ ਨਹੀਂ ਕਰਦੀ, ਤਾਂ ਉਨ੍ਹਾਂ ਦੇ ਇਮਾਨਦਾਰ ਪ੍ਰਸ਼ਾਸਨ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਮ ਆਦਮੀ ਪਾਰਟੀ ਪੰਜਾਬ ਨੂੰ ਸੁਰੱਖਿਅਤ ਰੱਖਣ 'ਚ ਫੇਲ੍ਹ : ਅਸ਼ਵਨੀ ਸ਼ਰਮਾ (ਵੀਡੀਓ)
NEXT STORY