ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ ਅੰਦਰ ਵੱਖ-ਵੱਖ ਮਜਬੂਰੀਆਂ ਕਾਰਨ ਮੌਤ ਨੂੰ ਗਲੇ ਲਾਉਣ ਵਾਲੇ ਕਿਸਾਨਾਂ ਦੇ ਮੁਕਾਬਲੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਅਜੇ ਇਨ੍ਹਾਂ ਲੱਖਾਂ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ। ਪੰਜਾਬ ਅੰਦਰ ਦੋ ਪ੍ਰਮੁੱਖ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸਰਵੇਖਣਾਂ ਦੇ ਇਲਾਵਾ ਕੁਝ ਹੋਰ ਰਿਪੋਰਟਾਂ ਦੀ ਘੋਖ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਖੇਤ ਮਜ਼ਦੂਰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਕਰਜ਼ੇ ਲੈਣ ਲਈ ਮਜਬੂਰ ਹਨ ਜੋ ਬਾਅਦ 'ਚ ਕਰਜ਼ੇ ਦੀ ਪੰਡ ਭਾਰੀ ਹੋਣ ਕਾਰਨ ਮੌਤ ਨੂੰ ਗਲੇ ਲਾ ਲੈਂਦੇ ਹਨ।
15 ਸਾਲਾਂ 'ਚ 14 ਹਜ਼ਾਰ ਤੋਂ ਜ਼ਿਆਦਾ ਖੁਦਕੁਸ਼ੀਆਂ
ਪੰਜਾਬ ਅੰਦਰ ਕਰੀਬ 20 ਲੱਖ ਕਿਸਾਨ ਖੇਤੀ ਕਰ ਰਹੇ ਹਨ, ਜਦੋਂ ਕਿ 15 ਲੱਖ ਦੇ ਕਰੀਬ ਖੇਤ ਮਜ਼ਦੂਰ ਹਨ। ਇਨ੍ਹਾਂ 'ਚੋਂ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ, ਜਿਸ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਗਏ ਇਕ ਸਰਵੇਖਣ ਮੁਤਾਬਿਕ ਪੰਜਾਬ ਦੇ 6 ਦੱਖਣੀ ਜ਼ਿਲਿਆਂ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਲੁਧਿਆਣਾ ਤੇ ਮੋਗਾ ਜ਼ਿਲਿਆਂ 'ਚ ਸਾਲ 2000 ਤੋਂ 2015 ਤੱਕ ਕਰੀਬ 14,667 ਕਿਸਾਨਾਂ ਨੇ ਖ਼ੁਦਕੁਸ਼ੀ ਕਰਕੇ ਮੌਤ ਨੂੰ ਗਲੇ ਲਾਇਆ ਹੈ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪੇਸ਼ ਕੀਤੀ ਗਈ ਇਸ ਰਿਪੋਰਟ 'ਚ ਸਪੱਸ਼ਟ ਦਰਸਾਇਆ ਗਿਆ ਹੈ ਕਿ 83 ਫ਼ੀਸਦੀ ਕਿਸਾਨਾਂ ਨੂੰ ਕਰਜ਼ੇ ਦੇ ਦੈਂਤ ਨੇ ਨਿਗਲਿਆ ਹੈ। ਇਨ੍ਹਾਂ 'ਚੋਂ ਕਰੀਬ 46 ਫ਼ੀਸਦੀ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ 2.5 ਏਕੜ ਤੋਂ ਘੱਟ ਰਕਬਾ ਹੈ, ਜਦੋਂ ਕਿ 30 ਫ਼ੀਸਦੀ ਦੇ ਕਰੀਬ ਅਜਿਹੇ ਕਿਸਾਨ ਹਨ ਜਿਨ੍ਹਾਂ ਕੋਲ 2.50 ਤੋਂ 5 ਏਕੜ ਦੇ ਵਿਚਕਾਰ ਰਕਬਾ ਹੈ। ਖੁਦਕੁਸ਼ੀਆਂ ਦੇ ਮਾਮਲੇ 'ਚ ਇਕ ਹੋਰ ਤ੍ਰਾਸਦੀ ਇਹ ਵੀ ਸਾਹਮਣੇ ਆਈ ਹੈ ਕਿ ਖੁਦਕੁਸ਼ੀਆਂ ਕਰਨ ਵਾਲਿਆਂ 'ਚੋਂ ਕਰੀਬ 72 ਫ਼ੀਸਦੀ ਵਿਅਕਤੀਆਂ ਦੀ ਉਮਰ 15 ਤੋਂ 35 ਸਾਲਾਂ ਦੇ ਦਰਮਿਆਨ ਸੀ।
ਖੁਦਕੁਸ਼ੀਆਂ ਕਰਨ ਵਾਲਿਆਂ 'ਚ ਖੇਤ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ
ਕਿਸਾਨਾਂ ਦੀਆਂ ਖੁਦਕੁਸ਼ੀਆਂ ਸਬੰਧੀ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ 2000 ਤੋਂ 2015 ਦਰਮਿਆਨ ਪੰਜਾਬ ਦੇ 6 ਜ਼ਿਲਿਆਂ 'ਚ ਖੁਦਕੁਸ਼ੀਆਂ ਕਰਨ ਵਾਲੇ ਕੁਲ 14,667 ਵਿਅਕਤੀਆਂ 'ਚੋਂ 6373 ਖੇਤ ਮਜ਼ਦੂਰ ਸਨ, ਜਿਨ੍ਹਾਂ ਦੀ ਗਿਣਤੀ ਕਰੀਬ 44 ਫ਼ੀਸਦੀ ਬਣਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਵੱਲੋਂ 7 ਪੂਰਬੀ ਦੱਖਣੀ ਜ਼ਿਲਿਆਂ ਫ਼ਰੀਦਕੋਟ, ਪਟਿਆਲਾ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰੂਪਨਗਰ, ਐੱਸ. ਏ. ਐੱਸ. ਨਗਰ ਤੇ ਮੁਕਤਸਰ ਜ਼ਿਲਿਆਂ 'ਚ ਕੀਤੇ ਗਏ ਸਰਵੇਖਣ ਅਨੁਸਾਰ ਖੁਦਕੁਸ਼ੀਆਂ ਕਰਨ ਵਾਲਿਆਂ 'ਚ ਕਰੀਬ 53 ਫ਼ੀਸਦੀ ਖੇਤ ਮਜ਼ਦੂਰ ਹੁੰਦੇ ਹਨ।
ਕਰਜ਼ੇ ਕਾਰਨ ਮੌਤ ਨੂੰ ਗਲ ਲਾਉਂਦੇ ਹਨ 77 ਫ਼ੀਸਦੀ ਖੇਤ ਮਜ਼ਦੂਰ
ਖੇਤ ਮਜ਼ਦੂਰਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਖੇਤੀ ਦੇ ਕੰਮ ਦਾ ਮਸ਼ੀਨੀਕਰਨ ਹੋਣ ਕਾਰਨ ਪਹਿਲਾਂ ਹੀ ਉਨ੍ਹਾਂ ਨੂੰ ਕੰਮ ਵੀ ਘੱਟ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਥਾਵਾਂ 'ਤੇ ਵੀ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੀ ਆਮਦਨ ਦੇ ਸਾਧਨ ਬਹੁਤ ਸੀਮਤ ਹੋ ਕੇ ਰਹਿ ਗਏ ਹਨ। ਦੂਜੇ ਪਾਸੇ ਮਹਿੰਗਾਈ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਉਨ੍ਹਾਂ ਨੂੰ ਦੋ ਵਕਤ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਵੱਡੀ ਜੱਦੋਂ-ਜਹਿਦ ਕਰਨੀ ਪੈਂਦੀ ਹੈ। ਵੱਖ-ਵੱਖ ਸਰਵੇਖਣਾਂ 'ਤੇ ਆਧਾਰਿਤ ਰਿਪੋਰਟਾਂ ਮੁਤਾਬਿਕ ਖੇਤ ਮਜ਼ਦੂਰਾਂ ਦੇ ਸਿਰ 'ਤੇ ਔਸਤਨ 75000 ਤੋਂ 91000 ਰੁਪਏ ਪ੍ਰਤੀ ਮਜ਼ਦੂਰ ਦਾ ਕਰਜ਼ਾ ਹੈ। ਇਸ ਕਾਰਨ ਵੱਡੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਰਹੇ ਮਜ਼ਦੂਰਾਂ 'ਚੋਂ 77 ਫ਼ੀਸਦੀ ਅਜਿਹੇ ਹਨ ਜੋ ਆਰਥਿਕ ਤੰਗੀ ਕਾਰਨ ਮੌਤ ਦਾ ਰਸਤਾ ਚੁਣਦੇ ਹਨ।
ਜੀ. ਐੱਸ. ਟੀ. ਨੇ ਵਪਾਰੀਆਂ ਦਾ ਤੋੜਿਆ ਲੱਕ : ਜਾਖੜ
NEXT STORY