ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਉਡਾਣਾਂ ਸ਼ੁਰੂ ਕਰਨ ਨੂੰ ਲੈ ਕੇ 2 ਏਅਰਲਾਈਨਜ਼ ਨੇ ਸਲਾਟ ਦੀ ਮੰਗ ਕੀਤੀ ਹੈ। ਅਧਿਕਾਰੀ ਅਨੁਸਾਰ ਇੰਡੀਗੋ ਤੇ ਵਿਸਤਾਰਾ ਏਅਰਲਾਈਨ ਨੇ ਨਾਂਦੇੜ ਸਾਹਿਬ ਤੇ ਅਯੁੱਧਿਆ ਲਈ ਸਲਾਟ ਦੀ ਮੰਗ ਕੀਤੀ ਹੈ, ਜਿਸ ਦੀ ਪ੍ਰਕਿਰਿਆ ਅਥਾਰਟੀ ਨੇ ਸ਼ੁਰੂ ਕਰ ਦਿੱਤੀ ਹੈ। ਸਲਾਟ ਮਿਲਣ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ (ਏ. ਟੀ. ਸੀ.) ਦੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅਥਾਰਟੀ ਵੱਲੋਂ ਇਕ ਮਹੀਨੇ ਬਾਅਦ ਜਾਰੀ ਕੀਤੇ ਜਾਣ ਵਾਲੇ ਸਰਦੀਆਂ ਦੇ ਸ਼ਡਿਊਲ ਤੋਂ ਪਹਿਲਾਂ ਦੋਵੇਂ ਥਾਵਾਂ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਅਥਾਰਟੀ ਨੇ ਜੂਨ ਦੇ ਆਖ਼ਰੀ ਹਫ਼ਤੇ ਏਅਰਲਾਈਨ ਨੂੰ ਦੋਵੇਂ ਧਾਰਮਿਕ ਸਥਾਨਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਨਾਂਦੇੜ ਸਾਹਿਬ ਤੇ ਅਯੁੱਧਿਆ ਜਾਣ ਵਾਲੀਆਂ ਉਡਾਣਾਂ ਨੂੰ ਲੈ ਕੇ ਕਾਫੀ ਪੁੱਛਗਿੱਛ ਕਰਦੇ ਹਨ। ਇਸ ਤੋਂ ਬਾਅਦ ਏਅਰਲਾਈਨ ਨੂੰ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਗਿਆ।
ਨਾਂਦੇੜ ਦੀ ਉਡਾਣ 2022 ’ਚ ਹੋਈ ਸੀ ਬੰਦ
ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਏਅਰ ਇੰਡੀਆ ਨੇ 19 ਨਵੰਬਰ 2018 ਨੂੰ ਨਾਂਦੇੜ ਸਾਹਿਬ ਲਈ ਉਡਾਣਾਂ ਸ਼ੁਰੂ ਕੀਤੀਆਂ ਸਨ, ਜੋ ਹਫ਼ਤੇ ’ਚ ਤਿੰਨ ਦਿਨ ਚੱਲਦੀਆਂ ਸਨ। ਸੂਤਰਾਂ ਮੁਤਾਬਕ ਉਡਾਣਾਂ ’ਚ ਕਰੀਬ 90 ਫ਼ੀਸਦੀ ਫੁੱਟਫਾਲ ਸੀ ਪਰ ਏਅਰਲਾਈਨ ਨੇ ਮਈ 2022 ’ਚ ਉਡਾਣਾਂ ਬੰਦ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ ਏਅਰਪੋਰਟ ਅਥਾਰਟੀ ਵੱਲੋਂ ਅਕਤੂਬਰ ਦੇ ਆਖ਼ਰੀ ਹਫ਼ਤੇ ’ਚ ਵਿੰਟਰ ਸ਼ੈਡਿਊਲ ਜਾਰੀ ਕੀਤਾ ਜਾਂਦਾ ਹੈ। ਹੁਣ ਸ਼ਰਧਾਲੂਆਂ ਨੂੰ ਉਮੀਦ ਹੈ ਕਿ ਵਿੰਟਰ ਸ਼ੈਡਿਊਲ ਤੋਂ ਪਹਿਲਾਂ ਹੀ ਦੋਵੇਂ ਉਡਾਣਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਨਾਂਦੇੜ ਸਾਹਿਬ ਤੇ ਅਯੁੱਧਿਆ ਲਈ ਉਡਾਣ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਟ੍ਰਾਈਸਿਟੀ ਦੇ ਲੋਕਾਂ ਨੂੰ ਬਹੁਤ ਜਲਦ ਦੋਵੇਂ ਧਾਰਮਿਕ ਸਥਾਨਾਂ ਲਈ ਉਡਾਣਾਂ ਦਾ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ।
ਘਰ ਦੇ ਬਾਹਰ ਖੇਡ ਰਹੇ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ
NEXT STORY