ਸਾਹਨੇਵਾਲ/ਕੁਹਾੜਾ (ਜਗਰੂਪ)— ਲੁਧਿਆਣਾ-ਦਿੱਲੀ ਹਾਈਵੇ 'ਤੇ ਸਾਹਨੇਵਾਲ ਦੇ ਜ਼ਿਮੀਂਦਾਰਾ ਢਾਬੇ ਦੇ ਸਾਹਮਣੇ ਵੀਰਵਾਰ ਦੀ ਸਵੇਰ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਕਾਰ ਸਵਾਰ ਇਕ ਔਰਤ ਸਮੇਤ 2 ਦੀ ਮੌਤ ਹੋਣ ਤੇ ਤਿੰਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ, ਜੋ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਦਿੱਲੀ ਏਅਰਪੋਰਟ ਤੋਂ ਜਹਾਜ਼ 'ਤੇ ਚੜ੍ਹਾ ਕੇ ਵਾਪਸ ਪਰਤ ਰਿਹਾ ਸੀ। ਰਸਤੇ 'ਚ ਉਕਤ ਜਗ੍ਹਾ 'ਤੇ ਉਨ੍ਹਾਂ ਦੀ ਹਾਂਡਾ ਸਿਟੀ ਕਾਰ ਰਸਤੇ 'ਚ ਖੜ੍ਹੇ ਹੋਏ ਇਕ ਕੰਟੇਨਰ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋ ਗਈ, ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੰਟੇਨਰ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕੀਤੀ ਹੈ, ਜਦਕਿ ਕੰਟੇਨਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਦਰਸ਼ਨ ਸਿੰਘ ਪੁੱਤਰ ਗੁਰਸ਼ਰਨ ਸਿੰਘ ਅਤੇ ਉਸ ਦੀ ਮਾਂ ਸਤਿੰਦਰ ਕੌਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਹੈ ਜਦਕਿ ਜ਼ਖਮੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਸਿਮਰਨਜੀਤ ਕੌਰ ਪਤਨੀ ਦਰਸ਼ਨ ਸਿੰਘ, ਜੀਵੀ ਸ਼ਾਹ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਮ੍ਰਿਤਕ ਦਰਸ਼ਨ ਸਿੰਘ ਦੀ ਪਤਨੀ ਸਿਮਰਨਜੀਤ ਕੌਰ ਨਿਵਾਸੀ ਵਿਜੇ ਨਗਰ ਬਟਾਲਾ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹਰਸਿਮਰਨਪ੍ਰੀਤ ਕੌਰ ਸਟੱਡੀ ਵੀਜ਼ੇ 'ਤੇ ਕੈਨੇਡਾ ਜਾ ਰਹੀ ਸੀ, ਜਿਸ ਦੀ ਫਲਾਈਟ 21 ਅਗਸਤ ਦੀ ਰਾਤ ਨੂੰ ਸੀ, ਜਿਸ ਨੇ ਪਹਿਲਾਂ ਖੁਦ ਹੀ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਫਿਰ ਉਸ ਨੇ ਜ਼ਿੱਦ ਕੀਤੀ ਕਿ ਪੂਰਾ ਪਰਿਵਾਰ ਉਸ ਨੂੰ ਦਿੱਲੀ ਤੱਕ ਛੱਡ ਕੇ ਆਵੇ, ਜਿਸ ਤੋਂ ਬਾਅਦ ਉਸ ਦੇ ਪਿਤਾ, ਦਾਦੀ, ਭਰਾ, ਚਚੇਰੀ ਭੈਣ ਅਤੇ ਉਹ ਖੁਦ ਉਸ ਨੂੰ ਦਿੱਲੀ ਛੱਡਣ ਲਈ ਚਲੇ ਗਏ। ਹਰਸਿਮਰਨਪ੍ਰੀਤ ਨੂੰ ਦਿੱਲੀ ਏਅਰਪੋਰਟ 'ਤੇ ਛੱਡਣ ਤੋਂ ਬਾਅਦ ਉਹ ਵੀਰਵਾਰ ਸਵੇਰੇ ਜਦੋਂ ਵਾਪਸ ਆ ਰਹੇ ਸੀ ਤਾਂ ਜ਼ਿਮੀਂਦਾਰਾ ਢਾਬੇ ਦੇ ਸਾਹਮਣਿਓਂ ਲੰਘਦੇ ਹੋਏ ਉਨ੍ਹਾਂ ਦੀ ਕਾਰ ਰੋਡ 'ਤੇ ਖੜ੍ਹੇ ਹੋਏ ਇਕ ਕੰਟੇਨਰ ਨਾਲ ਟਕਰਾ ਗਈ। ਜਿਸ ਨਾਲ ਉਸ ਦੀ ਸੱਸ ਸਤਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਬਾਕੀ ਲੋਕਾਂ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਇਕ ਹਸਪਤਾਲ 'ਚ ਪਹੁੰਚਾਇਆ। ਜਿਥੇ ਇਲਾਜ ਦੌਰਾਨ ਉਸ ਦੇ ਪਤੀ ਦਰਸ਼ਨ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ, ਭਤੀਜੀ ਅਤੇ ਉਹ ਖੁਦ ਗੰਭੀਰ ਜ਼ਖਮੀ ਹੋ ਗਏ।
ਇਕਲੌਤੀ ਬੇਟੀ ਦੀ ਜ਼ਿੱਦ ਅੱਗੇ ਝੁਕਣਾ ਪਿਆ ਭਾਰੀ
ਅਕਸਰ ਮਾਂ-ਬਾਪ ਆਪਣੀ ਔਲਾਦ ਦੀ ਖੁਸ਼ੀ ਲਈ ਕਈ ਵਾਰ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਮੰਨਣ ਤੋਂ ਇਨਕਾਰ ਨਹੀਂ ਕਰਦੇ। ਇਸੇ ਤਰ੍ਹਾਂ ਵਿਦੇਸ਼ ਸਟੱਡੀ ਵੀਜ਼ੇ 'ਤੇ ਜਾਣ ਵਾਲੀ ਹਰਸਿਮਰਨਪ੍ਰੀਤ ਨੇ ਵੀ ਆਪਣੇ ਪਰਿਵਾਰ ਅੱਗੇ ਉਸ ਨੂੰ ਦਿੱਲੀ ਏਅਰਪੋਰਟ 'ਤੇ ਜਹਾਜ਼ 'ਚ ਚੜ੍ਹਾਉਣ ਦੀ ਜ਼ਿੱਦ ਰੱਖੀ ਸੀ। ਜਿਸ ਨੂੰ ਪੂਰਾ ਕਰ ਕੇ ਪਰਤ ਰਹੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰਸਤੇ 'ਚ ਮੌਤ ਨੇ ਆਪਣੀ ਲਪੇਟ 'ਚ ਲੈ ਲਿਆ। ਜਿਥੇ ਉਸ ਦੇ ਪਿਤਾ ਅਤੇ ਦਾਦੀ ਦੀ ਮੌਤ ਦੇ ਨਾਲ ਹੀ ਮਾਂ, ਭਰਾ ਅਤੇ ਚਚੇਰੀ ਭੈਣ ਜ਼ਖਮੀ ਹੋ ਗਏ।
ਸਿੰਘਾਪੁਰ ਤੋਂ ਵਾਪਸ ਪਰਤੀ ਬੇਟੀ
ਆਪਣੇ ਪਿਤਾ ਅਤੇ ਦਾਦੀ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦੇਸ਼ ਜਾਣ ਵਾਲੀ ਹਰਸਿਮਰਨਪ੍ਰੀਤ ਕੌਰ ਨੂੰ ਸਿੰਘਾਪੁਰ ਪਹੁੰਚਣ ਤੋਂ ਬਾਅਦ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਜੋ ਇਸ ਦਰਦਨਾਕ ਹਾਦਸੇ ਬਾਰੇ ਪਤਾ ਚੱਲਣ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਈ।
ਫਰੀਦਕੋਟ 'ਚ ਕੱਬਡੀ ਖਿਡਾਰੀ ਨੂੰ ਮਾਰੀ ਗੋਲੀ
NEXT STORY