ਸ੍ਰੀ ਮੁਕਤਸਰ ਸਾਹਿਬ (ਪਵਨ) - ਮਾਣਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ 'ਤੇ ਮੰਗਲਵਾਰ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਪਰਾਲੀ ਸਾੜਨ ਵਾਲੇ 32 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਦਕਿ 8 ਨੂੰ ਕਾਬੂ ਕੀਤਾ ਗਿਆ। ਉਕਤ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਪਰਾਲੀ ਸਾੜਨ ਵਾਲੇ 47 ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਹੋ ਚੁੱਕੀਆਂ ਹਨ। ਪ੍ਰਸ਼ਾਸਨ ਦਾ ਉਦੇਸ਼ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਸਗੋਂ ਸਾਡੀ ਭਵਿੱਖੀ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣਾ ਹੈ ਅਤੇ ਸਾਡੇ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਨ ਦੇਣ ਲਈ ਇਹ ਸਖਤੀ ਕਰਨੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਸਾਰਾ ਦਿਨ ਸਮੂਹ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਨਾਇਬ ਤਹਿਸਿਲਦਾਰ ਅਤੇ ਹੋਰ ਅਮਲਾ ਸਮੇਤ ਨੋਡਲ ਅਫਸਰਾਂ ਅਤੇ ਕੋਆਰਡੀਨੇਟਰਾਂ ਦੇ ਫੀਲਡ 'ਚ ਰਿਹਾ, ਇਸ ਦੌਰਾਨ ਉਨ੍ਹਾਂ ਨੂੰ ਜਿੱਥੇ ਵੀ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਤੁਰੰਤ ਐੱਫ. ਆਈ . ਆਰ. ਦਰਜ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਸਾੜਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਜਲਦ ਇਹ ਚਲਾਨ ਜੂਡੀਸ਼ੀਅਲ ਅਫ਼ਸਰਾਂ ਦੇ ਸਨਮੁੱਖ ਪੇਸ਼ ਕੀਤੇ ਜਾਣਗੇ। ਡੀ.ਸੀ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਵੱਡੇ ਹਿੱਤਾਂ ਲਈ ਪਰਾਲੀ ਨਾ ਸਾੜਨ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਇਸ ਦਾ ਨਿਪਟਾਰਾ ਕਰਨ।
ਪਰਾਲੀ ਸਾੜੀ ਤਾਂ ਕਿਸਾਨ ਹੀ ਨਹੀਂ ਸਰਪੰਚ ਵੀ ਹੋਵੇਗਾ ਜ਼ਿੰਮੇਵਾਰ
NEXT STORY